DoT ਨੇ ਮੋਬਾਇਲ ਸੇਵਾਵਾਂ ਬੰਦ ਕਰਨ ਦੀ ਧਮਕੀ ਦੇਣ ਵਾਲੀ ''ਕਾਲ'' ਦੇ ਸੰਬੰਧ ''ਚ ਜਾਰੀ ਕੀਤੀ ਐਡਵਾਈਜ਼ਰੀ

11/13/2023 1:37:19 PM

ਜੈਤੋ, (ਪਰਾਸ਼ਰ)- ਦੂਰਸੰਚਾਰ ਵਿਭਾਗ ਭਾਰਤ 'ਚ ਦੂਰਸੰਚਾਰ ਖੇਤਰ ਲਈ ਨੀਤੀਆਂ, ਪ੍ਰੋਗਰਾਮ ਅਤੇ ਰੈਗੂਲੇਟਰ ਢਾਂਚੇ ਤਿਆਰ ਕਰਨ ਵਾਲੀ ਨੋਲਡ ਏਜੰਸੀ ਹੈ, ਜੋ ਨਾਗਰਿਕਾਂ ਦੀ ਸੁਰੱਖਿਆ ਅਤੇ ਕਲਿਆਣ ਯਕੀਨੀ ਕਰਨ ਲਈ ਵਚਨਬੱਧ ਹੈ। ਦੂਰਸੰਚਾਰ ਵਿਭਾਗ ਪੂਰੇ ਦੇਸ਼ 'ਚ ਭਰੋਸੇਮੰਦ ਅਤੇ ਸੁਰੱਖਿਅਤ ਸੰਚਾਰ ਸੇਵਾਵਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ। ਦੂਰਸੰਚਾਰ ਵਿਭਾਗ ਨਾਗਰਿਕਾਂ ਨੂੰ ਅਜਿਹੀ ਧੋਖਾਧੜੀ ਵਾਲੀਆਂ ਫੋਨ ਕਾਲਸ 'ਚ ਹੋਏ ਵਾਧੇ ਬਾਰੇ ਸੁਚੇਤ ਕਰ ਰਿਹਾ ਹੈ, ਜਿਨ੍ਹਾਂ 'ਚ ਦਾਅਵਾ ਕੀਤਾ ਜਾਂਦਾ ਹੈ ਕਿ ਦੂਰਸੰਚਾਰ ਵਿਭਾਗ ਦੁਆਰਾ ਦੋ ਘੰਟਿਆਂ ਦੇ ਅੰਦਰ ਲੋਕਾਂ ਦੇ ਮੋਬਾਇਲ ਨੰਬਰ ਦੀ ਸੇਵਾ ਕੱਟ ਦਿੱਤੀ ਜਾਵੇਗੀ। ਇਹ ਕਾਲ ਵਿਅਕਤੀਆਂ ਨੂੰ ਧੋਖਾ ਦੇਣ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਹੈ। 

ਜ਼ਰੂਰੀ ਜਾਣਕਾਰੀ- ਦੂਰਸੰਚਾਰ ਵਿਭਾਗ ਕਦੇਵੀ ਨਾਗਰਿਕਾਂ ਨੂੰ ਕੁਨੈਕਸ਼ਨ ਕੱਟਣ ਦੀ ਧਮਕੀ ਦੇਣ ਵਾਲੀ ਕਾਲ ਨਹੀਂ ਕਰਦਾ। ਨਾਗਰਿਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਉਹ ਸਾਵਧਾਨੀ ਵਰਤਨ ਅਤੇ ਅਜਿਹੀ ਕਾਲ ਆਉਣ 'ਤੇ ਆਪਣੀ ਕੋਈ ਵੀ ਨਿੱਜੀ ਜਾਣਕਾਰੀ ਕਿਸੇ ਨੂੰ ਨਾ ਦੇਣ। ਦੂਰਸੰਚਾਰ ਵਿਭਾਗ ਦੁਆਰਾ ਸੁਝਾਈਆਂ ਗਈਆਂ ਸਾਵਧਾਨੀਆਂ-

ਤਸਦੀਕ ਕਰੋ: ਜੇਕਰ ਤੁਹਾਨੂੰ ਕੋਈ ਕਾਲ ਆਉਂਦੀ ਹੈ ਜਿਸ ਵਿੱਚ ਤੁਹਾਡਾ ਕੁਨੈਕਸ਼ਨ ਕੱਟਣ ਦੀ ਧਮਕੀ ਦਿੱਤੀ ਜਾਂਦੀ ਹੈ ਤਾਂ ਆਪਣੀ ਕੋਈ ਵੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ। ਆਪਣੇ ਸੇਵਾ ਪ੍ਰਦਾਤਾਵਾਂ ਨਾਲ ਗੱਲ ਕਰਕੇ ਅਜਿਹੀਆਂ ਕਾਲਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰੋ।

ਸਾਵਧਾਨ ਰਹੋ: ਧਿਆਨ ਰੱਖੋ ਕਿ ਦੂਰਸੰਚਾਰ ਵਿਭਾਗ ਫ਼ੋਨ ਕਾਲਾਂ ਰਾਹੀਂ ਕੁਨੈਕਸ਼ਨ ਕੱਟਣ ਦੀ ਕੋਈ ਚੇਤਾਵਨੀ ਨਹੀਂ ਦਿੰਦਾ ਹੈ। ਅਜਿਹੀ ਕਿਸੇ ਵੀ ਕਾਲ ਨੂੰ ਸ਼ੱਕੀ ਸਮਝਿਆ ਜਾਣਾ ਚਾਹੀਦਾ ਹੈ।

ਘਟਨਾਵਾਂ ਦੀ ਰਿਪੋਰਟ ਕਰੋ: ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ https://cybercrime.gov.in/ 'ਤੇ ਕਿਸੇ ਵੀ ਸ਼ੱਕੀ ਕਾਲ ਦੀ ਰਿਪੋਰਟ ਕਰੋ। ਦੂਰਸੰਚਾਰ ਵਿਭਾਗ ਚੌਕਸ ਰਹਿਣ, ਜਾਣਕਾਰੀ ਦੀ ਪੁਸ਼ਟੀ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਰਿਪੋਰਟ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੰਦਾ ਹੈ। ਵਿਭਾਗ ਇਨ੍ਹਾਂ ਫਰਜ਼ੀ ਕਾਲਾਂ ਦੇ ਮੁੱਦੇ ਨੂੰ ਹੱਲ ਕਰਨ ਅਤੇ ਨਾਗਰਿਕਾਂ ਨੂੰ ਸੰਭਾਵੀ ਸ਼ੋਸ਼ਣ ਤੋਂ ਬਚਾਉਣ ਲਈ ਕਾਨੂੰਨੀ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

Rakesh

This news is Content Editor Rakesh