ਭਾਰਤੀ ਕਰੰਸੀ ਨੂੰ ਲੈ ਕੇ ਖ਼ੁਸ਼ਖ਼ਬਰੀ, ਹੁਣ ਡਾਲਰ ਪਹਿਲਾਂ ਨਾਲੋਂ ਇੰਨਾ ਸਸਤਾ

09/01/2020 4:13:54 PM

ਮੁੰਬਈ— ਜੇਕਰ ਤੁਸੀਂ ਡਾਲਰ 'ਚ ਖਰਚ ਕਰਨ ਵਾਲੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਇਕ ਡਾਲਰ ਦੀ ਕੀਮਤ ਹੁਣ 73 ਰੁਪਏ ਤੋਂ ਥੱਲ੍ਹੇ ਆ ਗਈ ਹੈ। ਭਾਰਤੀ ਕਰੰਸੀ ਨੇ ਅੱਜ  21 ਮਹੀਨਿਆਂ ਪਿਛੋਂ ਇਕ ਦਿਨ 'ਚ ਵੱਡੀ ਤੇਜ਼ੀ ਦਰਜ ਕੀਤੀ ਹੈ।

ਮੰਗਲਵਾਰ ਨੂੰ ਅਮਰੀਕੀ ਕਰੰਸੀ 'ਚ ਕਮਜ਼ੋਰੀ ਅਤੇ ਘਰੇਲੂ ਇਕੁਇਟੀ ਬਾਜ਼ਾਰਾਂ ਦੇ ਸਕਾਰਾਤਮਕ ਰੁਖ਼ ਨਾਲ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 73 ਪੈਸੇ ਦੀ ਤੇਜ਼ੀ ਨਾਲ 72.87 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਹੈ। 

ਪਿਛਲੇ ਦਿਨ ਭਾਰਤੀ ਕਰੰਸੀ 73.60 ਰੁਪਏ ਪ੍ਰਤੀ ਡਾਲਰ 'ਤੇ ਰਹੀ ਸੀ। ਇਸ ਦੇ ਨਾਲ ਹੀ, 20 ਅਗਸਤ ਨੂੰ ਡਾਲਰ ਦੀ ਕੀਮਤ 75.02 ਰੁਪਏ ਪ੍ਰਤੀ ਡਾਲਰ 'ਤੇ ਪਹੁੰਚਣ ਤੋਂ ਪਿੱਛੋਂ ਹੁਣ ਕੁੱਲ ਮਿਲਾ ਕੇ ਭਾਰਤੀ ਕਰੰਸੀ 2 ਰੁਪਏ 15 ਪੈਸੇ ਮਜਬੂਤ ਹੋ ਚੁੱਕੀ ਹੈ।

ਡਾਲਰ ਖਰੀਦਣ ਜਾ ਰਹੇ ਲੋਕਾਂ ਲਈ ਇਹ ਰਾਹਤ ਦੀ ਗੱਲ ਹੈ। ਭਾਰਤੀ ਕਰੰਸੀ ਮਜਬੂਤ ਹੋਣ ਨਾਲ ਉਨ੍ਹਾਂ ਦਾ ਖ਼ਰਚ ਘੱਟ ਹੋਵੇਗਾ।

ਕਰੰਸੀ ਕਾਰੋਬਾਰੀਆਂ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਨਕਦੀ 'ਤੇ ਦਬਾਅ ਨੂੰ ਘੱਟ ਕਰਨ ਲਈ ਵੱਖ-ਵੱਖ ਕਦਮਾਂ ਦੀ ਘੋਸ਼ਣਾ ਕੀਤੀ ਹੈ, ਜਿਸ ਨਾਲ ਰੁਪਏ ਨੂੰ ਗਤੀ ਮਿਲੀ। ਕਾਰੋਬਾਰ ਦੇ ਸ਼ੁਰੂ 'ਚ ਰੁਪਿਆ 73.18 ਦੇ ਪੱਧਰ 'ਤੇ ਖੁੱਲ੍ਹਾ ਸੀ। ਕਾਰੋਬਾਰ ਦੌਰਾਨ ਇਹ 72.57 ਰੁਪਏ ਪ੍ਰਤੀ ਡਾਲਰ ਦੇ ਉੱਚ ਪੱਧਰ ਅਤੇ 73.19 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਦੇ ਦਾਇਰੇ 'ਚ ਰਿਹਾ। ਕਾਰੋਬਾਰ ਦੀ ਸਮਾਪਤੀ 'ਤੇ ਇਹ ਪਿਛਲੇ ਦਿਨ ਦੇ ਬੰਦ ਪੱਧਰ ਤੋਂ 73 ਪੈਸੇ ਮਜਬੂਤੀ ਦਰਜ ਕਰਦੇ ਹੋਏ 72.87 'ਤੇ ਬੰਦ ਹੋਇਆ। ਉੱਥੇ ਹੀ, ਪ੍ਰਮੁੱਖ 6 ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੀ ਮਜਬੂਤੀ ਮਾਪਣ ਵਾਲਾ ਸੂਚਕ ਇਸ ਦੌਰਾਨ 0.25 ਫੀਸਦੀ ਦੀ ਕਮਜ਼ੋਰੀ ਨਾਲ 91.91 'ਤੇ ਸੀ।

Sanjeev

This news is Content Editor Sanjeev