ਡਾਲਰ ਭਰੇਗਾ NRIs ਦੀ ਜੇਬ, 68 ਰੁਪਏ ਦੇ ਪਾਰ ਪਹੁੰਚੇ ਰੇਟ!

05/23/2018 5:08:21 PM

ਨਵੀਂ ਦਿੱਲੀ— ਇਕ ਡਾਲਰ ਦਾ ਮੁੱਲ ਹੁਣ 68 ਰੁਪਏ ਦੇ ਪਾਰ ਹੋ ਚੁੱਕਾ ਹੈ। ਡਾਲਰ ਦੇ ਮਹਿੰਗਾ ਹੋਣ ਨਾਲ ਐੱਨ. ਆਰ. ਆਈਜ਼. ਨੂੰ ਫਾਇਦਾ ਹੋਵੇਗਾ। ਇਸ ਸਾਲ ਡਾਲਰ ਦੀ ਕੀਮਤ ਭਾਰਤੀ ਕਰੰਸੀ 'ਚ ਲਗਭਗ 5 ਰੁਪਏ ਵਧੀ ਹੈ। ਜਨਵਰੀ ਮਹੀਨੇ ਇਕ ਡਾਲਰ ਦੀ ਕੀਮਤ 63-64 ਰੁਪਏ ਵਿਚਕਾਰ ਰਹੀ ਸੀ, ਜਦੋਂ ਕਿ ਫਰਵਰੀ 'ਚ ਇਹ 64 ਰੁਪਏ ਦੇ ਪਾਰ ਨਿਕਲ ਗਈ ਅਤੇ ਅਪ੍ਰੈਲ ਖਤਮ ਹੁੰਦੇ-ਹੁੰਦੇ 66 ਰੁਪਏ ਦਾ ਪੱਧਰ ਪਾਰ ਕਰ ਗਈ। ਬੁੱਧਵਾਰ ਯਾਨੀ 23 ਮਈ ਨੂੰ ਡਾਲਰ ਦੀ ਕੀਮਤ 68.30 ਰੁਪਏ ਦਰਜ ਕੀਤੀ ਗਈ, ਜੋ ਕਿ 18 ਮਹੀਨਿਆਂ 'ਚ ਸਭ ਤੋਂ ਵਧ ਕੀਮਤ ਹੈ। ਉੱਥੇ ਹੀ ਮਹਿੰਗਾ ਹੋ ਰਿਹਾ ਕੱਚਾ ਤੇਲ ਭਾਰਤ ਦੀ ਮੁਸ਼ਕਿਲ ਹੋਰ ਵਧਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਡਾਲਰ 'ਚ ਰੁਪਏ ਵਧਦੇ ਹਨ, ਤਾਂ ਉਸ ਸਮੇਂ ਰੁਪਏ ਨੂੰ ਕਮਜ਼ੋਰ ਕਿਹਾ ਜਾਂਦਾ ਹੈ ਅਤੇ ਜਦੋਂ ਡਾਲਰ 'ਚ ਰੁਪਏ ਘਟਦੇ ਹਨ ਤਾਂ ਰੁਪਏ ਨੂੰ ਮਜ਼ਬੂਤ ਕਿਹਾ ਜਾਂਦਾ ਹੈ। ਡਾਲਰ ਦੇ ਮਜ਼ਬੂਤ ਹੋਣ ਨਾਲ ਵਿਦੇਸ਼ਾਂ ਤੋਂ ਅਮਰੀਕੀ ਡਾਲਰ 'ਚ ਘਰ ਪੈਸੇ ਭੇਜਣ ਵਾਲੇ ਐੱਨ. ਆਰ. ਆਈਜ਼ ਨੂੰ ਫਾਇਦਾ ਮਿਲਦਾ ਹੈ ਕਿਉਂਕਿ ਡਾਲਰ ਨੂੰ ਰੁਪਏ 'ਚ ਬਦਲਣ 'ਤੇ ਜ਼ਿਆਦਾ ਰੁਪਏ ਬਣਦੇ ਹਨ।

ਆਮ ਜਨਤਾ 'ਤੇ ਕੀ ਹੁੰਦਾ ਹੈ ਅਸਰ?


ਡਾਲਰ 'ਚ ਤੇਜ਼ੀ ਹੋਣ ਦਾ ਮਤਲਬ ਹੈ ਕਿ ਵਿਦੇਸ਼ਾਂ ਤੋਂ ਸਾਮਾਨ ਮੰਗਾਉਣਾ ਮਹਿੰਗਾ ਹੋ ਜਾਵੇਗਾ ਕਿਉਂਕਿ ਜ਼ਿਆਦਾਤਰ ਖਰੀਦਦਾਰੀ ਡਾਲਰ 'ਚ ਹੀ ਹੁੰਦੀ ਹੈ। ਇਸ ਨਾਲ ਵਿਦੇਸ਼ੀ ਮੋਬਾਇਲ, ਟੈਲੀਵਿਜ਼ਨ ਵਰਗੇ ਇਲੈਕਟ੍ਰਿਕ ਸਾਮਾਨ ਮਹਿੰਗੇ ਹੋਣ ਦਾ ਖਦਸ਼ਾ ਰਹਿੰਦਾ ਹੈ। ਉੱਥੇ ਹੀ, ਜੋ ਕੰਪਨੀਆਂ ਵਿਦੇਸ਼ੀ ਮਾਲ 'ਤੇ ਜ਼ਿਆਦਾ ਨਿਰਭਰ ਹਨ ਉਨ੍ਹਾਂ ਦੇ ਪ੍ਰਾਡਕਟ ਬਣਾਉਣ ਦੀ ਲਾਗਤ ਵਧ ਜਾਂਦੀ ਹੈ, ਜਿਸ ਦਾ ਸਿੱਧਾ ਅਸਰ ਗਾਹਕਾਂ 'ਤੇ ਪੈਂਦਾ ਹੈ।
ਉੱਥੇ ਹੀ, ਡਾਲਰ ਮਹਿੰਗਾ ਹੋਣ ਨਾਲ ਵਿਦੇਸ਼ ਘੁੰਮਣਾ ਮਹਿੰਗਾ ਪੈਂਦਾ ਹੈ, ਯਾਨੀ ਡਾਲਰ ਖਰੀਦਣ ਲਈ ਜ਼ਿਆਦਾ ਰੁਪਏ ਖਰਚ ਕਰਨੇ ਪੈਂਦੇ ਹਨ। ਇਸੇ ਤਰ੍ਹਾਂ ਵਿਦੇਸ਼ੀ ਪੜ੍ਹਾਈ ਵੀ ਮਹਿੰਗੀ ਹੋ ਜਾਂਦੀ ਹੈ ਕਿਉਂਕਿ ਜ਼ਿਆਦਾਤਰ ਵਿਦਿਆਰਥੀਆਂ ਦਾ ਖਰਚਾ-ਪਾਣੀ ਭਾਰਤ ਤੋਂ ਉਨ੍ਹਾਂ ਦੇ ਮਾਤਾ-ਪਿਤਾ ਜਾਂ ਸਕੇ-ਸੰਬੰਧੀ ਭੇਜਦੇ ਹਨ। ਪੜ੍ਹਾਈ ਦੇ ਵੀਜ਼ਾ 'ਤੇ ਗਏ ਵਿਦਿਆਰਥੀਆਂ ਨੂੰ ਅਡਵਾਂਸ 'ਚ ਪੇਮੈਂਟ ਕਰਨੀ ਪੈਂਦੀ ਹੈ ਅਤੇ ਲੋਨ 'ਤੇ ਵਿਦੇਸ਼ 'ਚ ਪੜ੍ਹ ਰਹੇ ਵਿਦਿਆਰਥੀਆਂ ਦੀ ਸਾਲਾਨਾ ਕਿਸ਼ਤ ਵੀ ਡਾਲਰ ਦੇ ਰੇਟ ਚੜ੍ਹਨ ਨਾਲ ਵਧ ਜਾਂਦੀ ਹੈ। ਇੰਨਾ ਹੀ ਨਹੀਂ ਡਾਲਰ ਮਹਿੰਗਾ ਹੋਣ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਵੀ ਅਸਰ ਪੈਂਦਾ ਹੈ। ਇਕ ਪਾਸੇ ਕੌਮਾਂਤਰੀ ਬਾਜ਼ਾਰਾਂ 'ਚ ਕੱਚਾ ਤੇਲ 80 ਡਾਲਰ ਪ੍ਰਤੀ ਬੈਰਲ ਤਕ ਪਹੁੰਚ ਚੁੱਕਾ ਹੈ, ਦੂਜੇ ਪਾਸੇ ਰੁਪਿਆ ਕਮਜ਼ੋਰ ਹੋਣ ਨਾਲ ਭਾਰਤ ਨੂੰ ਇਸ ਦੀ ਖਰੀਦ ਹੋਰ ਮਹਿੰਗੀ ਪਵੇਗੀ।