7.5 ਲੱਖ ਰੁਪਏ ਤਕ ਨਹੀਂ ਦੇਣਾ ਹੋਵੇਗਾ ਟੈਕਸ, ਇੰਝ ਲੈ ਸਕਦੇ ਹੋ ਲਾਭ

06/10/2017 7:44:18 AM

ਨਵੀਂ ਦਿੱਲੀ— ਜੇਕਰ ਤੁਸੀਂ ਵੀ ਆਪਣੀ ਆਮਦਨ ਦਾ ਸਹੀ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 7.5 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ 'ਤੇ ਟੈਕਸ ਨਹੀਂ ਦੇਣਾ ਹੋਵੇਗਾ। ਆਓ ਜਾਣਦੇ ਹਾਂ ਤੁਸੀਂ 7.5 ਲੱਖ ਰੁਪਏ ਤਕ ਦੀ ਆਮਦਨ 'ਤੇ ਟੈਕਸ ਛੋਟ ਕਿਵੇਂ ਹਾਸਲ ਕਰ ਸਕਦੇ ਹੋ। ਨਵੇਂ ਟੈਕਸ ਰੇਟ ਮੁਤਾਬਕ ਸਾਲਾਨਾ 3 ਲੱਖ ਰੁਪਏ ਦੀ ਆਮਦਨ 'ਤੇ 5 ਫੀਸਦੀ ਟੈਕਸ ਦੇਣਾ ਹੋਵੇਗਾ। ਉੱਥੇ ਹੀ 2.5 ਲੱਖ ਰੁਪਏ ਦੀ ਸਾਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ ਲੱਗਦਾ ਹੈ। ਯਾਨੀ ਸਾਲਾਨਾ 3 ਲੱਖ ਰੁਪਏ ਦੀ ਆਮਦਨ 'ਤੇ ਟੈਕਸ ਯੋਗ ਰਕਮ ਬਚੀ 50 ਹਜ਼ਾਰ ਰੁਪਏ। ਹੁਣ ਇਸ ਰਕਮ 'ਤੇ 5 ਫੀਸਦੀ ਟੈਕਸ ਦੇ ਹਿਸਾਬ ਨਾਲ ਟੈਕਸ ਦੇਣਦਾਰੀ ਬਣੀ 2500 ਰੁਪਏ। ਜਦੋਂ ਕਿ 3.5 ਲੱਖ ਰੁਪਏ ਦੀ ਸਾਲਾਨਾ ਆਮਦਨ 'ਤੇ 2500 ਰੁਪਏ ਟੈਕਸ ਛੋਟ ਮਿਲੀ ਹੋਈ ਹੈ। ਅਜਿਹੇ 'ਚ ਜੇਕਰ ਤੁਹਾਡੀ ਸਾਲਾਨਾ ਆਮਦਨ 3 ਲੱਖ ਰੁਪਏ ਹੈ ਤਾਂ ਤੁਹਾਨੂੰ ਜ਼ੀਰੋ ਟੈਕਸ ਦੇਣਾ ਹੋਵੇਗਾ।
80ਸੀ ਤਹਿਤ ਮਿਲੇਗੀ ਛੋਟ
ਤੁਸੀਂ 80ਸੀ ਤਹਿਤ 1.5 ਲੱਖ ਰੁਪਏ ਤਕ ਦੇ ਨਿਵੇਸ਼ 'ਤੇ ਟੈਕਸ ਛੋਟ ਹਾਸਲ ਕਰ ਸਕਦੇ ਹੋ। 80ਸੀ ਤਹਿਤ ਤੁਸੀਂ ਪਬਲਿਕ ਪ੍ਰਾਵੀਡੈਂਟ ਫੰਡ (ਪੀ. ਪੀ. ਐੱਫ.), ਲਾਈਫ ਇੰਸ਼ੋਰੈਂਸ ਅਤੇ ਮੈਡੀਕਲੇਮ ਆਦਿ 'ਚ 1.5 ਲੱਖ ਰੁਪਏ ਤਕ ਨਿਵੇਸ਼ ਕਰ ਸਕਦੇ ਹੋ। ਇਸ ਤੋਂ ਇਲਾਵਾ ਸੁਕੰਨਿਆ ਸਮਰਿਧੀ ਸਕੀਮ ਤਹਿਤ ਜੇਕਰ ਤੁਸੀਂ ਆਪਣੀ 10 ਸਾਲ ਤੋਂ ਘੱਟ ਉਮਰ ਦੀ ਬੇਟੀ ਦੇ ਨਾਮ 'ਤੇ ਨਿਵੇਸ਼ ਕਰਦੇ ਹੋ ਤਾਂ ਆਮਦਨ ਟੈਕਸ ਐਕਟ ਦੀ ਧਾਰਾ 80ਸੀ ਤਹਿਤ 1.50 ਲੱਖ ਰੁਪਏ ਤਕ ਦੇ ਨਿਵੇਸ਼ 'ਤੇ ਤੁਸੀਂ ਛੋਟ ਲੈ ਸਕਦੇ ਹੋ। ਇਸ ਸਕੀਮ ਤਹਿਤ ਤੁਸੀਂ 2 ਬੇਟੀਆਂ ਲਈ ਖਾਤਾ ਖੁੱਲ੍ਹਵਾ ਸਕਦੇ ਹੋ ਅਤੇ 21 ਸਾਲ ਬਾਅਦ ਇਹ ਖਾਤਾ ਬੰਦ ਹੋ ਜਾਵੇਗਾ। ਮੌਜੂਦਾ ਸਮੇਂ ਇਸ 'ਚ ਨਿਵੇਸ਼ 'ਤੇ ਤੁਹਾਨੂੰ 8.5 ਫੀਸਦੀ ਦਾ ਵਿਆਜ ਮਿਲਦਾ ਹੈ।
ਐੱਨ. ਪੀ. ਐੱਸ. 'ਤੇ ਵੀ ਲੈ ਸਕਦੇ ਹੋ ਛੋਟ
ਨੈਸ਼ਨਲ ਪੈਨਸ਼ਨ ਸਿਸਟਮ (ਐੱਨ. ਪੀ. ਐੱਸ.) 'ਚ ਨਿਵੇਸ਼ 'ਤੇ ਵੀ ਤੁਸੀਂ ਟੈਕਸ ਛੋਟ ਲੈ ਸਕਦੇ ਹੋ। 80ਸੀਸੀਡੀ-1(ਬੀ) ਤਹਿਤ ਐੱਨ. ਪੀ. ਐੱਸ. 'ਚ ਨਿਵੇਸ਼ ਨਾਲ ਟੈਕਸ ਲਾਭ ਮਿਲੇਗਾ। ਟੈਕਸ ਲਾਭ 50 ਹਜ਼ਾਰ ਰੁਪਏ ਤਕ ਦੀ ਰਕਮ ਨਿਵੇਸ਼ 'ਤੇ ਮਿਲੇਗਾ। ਐੱਨ. ਪੀ. ਐੱਸ. 'ਚ ਨਿਵੇਸ਼ ਕੀਤੀ ਰਕਮ ਨੂੰ 80ਸੀ ਤਹਿਤ ਵੀ ਦਿਖਾ ਸਕਦੇ ਹੋ ਅਤੇ ਜੇਕਰ ਤੁਸੀਂ ਉਹ ਨਿਵੇਸ਼ ਪਹਿਲਾਂ ਹੀ ਕਰ ਲਿਆ ਹੈ ਤਾਂ ਐੱਨ. ਪੀ. ਐੱਸ. 'ਚ ਕੀਤਾ ਗਿਆ ਨਿਵੇਸ਼ ਤੁਹਾਨੂੰ 50 ਹਜ਼ਾਰ ਰੁਪਏ ਤਕ ਦੀ ਵਾਧੂ ਛੋਟ ਦਿਵਾ ਸਕਦਾ ਹੈ। 
ਹੋਮ ਲੋਨ 'ਤੇ ਮਿਲੇਗੀ ਟੈਕਸ ਛੋਟ
ਜੇਕਰ ਤੁਸੀਂ ਹੋਮ ਲੋਨ ਲਿਆ ਹੈ ਤਾਂ ਤੁਸੀਂ ਹੋਮ ਲੋਨ ਦੇ ਵਿਆਜ 'ਤੇ 2 ਲੱਖ ਰੁਪਏ ਤਕ ਟੈਕਸ ਛੋਟ ਪਾ ਸਕਦੇ ਹੋ। ਇਸ ਲਈ ਜ਼ਰੂਰੀ ਹੈ ਕਿ ਤੁਹਾਨੂੰ ਕਬਜ਼ਾ ਮਿਲ ਗਿਆ ਹੋਵੇ ਪਰ ਜੇਕਰ ਤੁਸੀਂ ਪਹਿਲੀ ਵਾਰ ਘਰ ਲਿਆ ਹੈ ਤਾਂ ਤੁਸੀਂ 2.5 ਲੱਖ ਰੁਪਏ ਤਕ ਵਿਆਜ 'ਤੇ ਟੈਕਸ ਛੋਟ ਲੈ ਸਕਦੇ ਹੋ। 
ਇਸ ਤਰ੍ਹਾਂ ਸੈਲਰੀ ਕਲਾਸ ਦੇ ਲੋਕ ਜਾਂ ਕਾਰੋਬਾਰੀ ਨੂੰ 7.5 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ। ਹਾਲਾਂਕਿ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੇ ਟੈਕਸ ਮਾਹਰ ਨਾਲ ਗੱਲ ਕਰ ਸਕਦੇ ਹੋ।