ਅਨੁਮਾਨ ਤੋਂ ਜ਼ਿਆਦਾ ਰਹੇਗਾ ਡਾਇਰੈਕਟ ਟੈਕਸ ਕਲੈਕਸ਼ਨ

03/03/2023 3:22:38 PM

ਨਵੀਂ ਦਿੱਲੀ—ਡਾਇਰੈਕਟ ਟੈਕਸ ਕਲੈਕਸ਼ਨ ਸਰਕਾਰ ਦੇ ਸੰਸ਼ੋਧਿਤ ਅਨੁਮਾਨਾਂ ਤੋਂ  ਜ਼ਿਆਦਾ ਰਹਿ ਸਕਦੀ ਹੈ, ਜਿਸ ਨਾਲ ਕੇਂਦਰ ਨੂੰ ਵਿੱਤੀ ਘਾਟੇ ਨੂੰ ਘੱਟ ਕਰਨ 'ਚ ਮਦਦ ਮਿਲਣ ਦੀ ਉਮੀਦ ਹੈ। ਸਰਕਾਰੀ ਸੂਤਰਾਂ ਅਨੁਸਾਰ ਕਾਰਪੋਰੇਟ ਟੈਕਸ ਪ੍ਰਾਪਤੀਆਂ 'ਚ ਵਾਧੇ ਅਤੇ ਬਕਾਇਆ ਟੈਕਸ ਮੰਗ ਦੀ ਵਸੂਲੀ 'ਚ ਸੁਧਾਰ ਨਾਲ ਸਰਕਾਰ ਨੂੰ ਭਰੋਸਾ ਹੈ ਕਿ ਚਾਲੂ ਵਿੱਤੀ ਸਾਲ 'ਚ ਅਸਲ ਟੈਕਸ ਵਸੂਲੀ 16.5 ਲੱਖ ਕਰੋੜ ਰੁਪਏ ਦੇ ਸੰਸ਼ੋਧਿਤ ਅਨੁਮਾਨ ਤੋਂ ਵੱਧ ਜਾਵੇਗੀ।

ਇਹ ਵੀ ਪੜ੍ਹੋ- 3200 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਸੋਨਾ, ਇਹ ਹੈ ਸੋਨੇ ਦਾ ਭਾਅ ਘਟਣ ਦੀ ਵਜ੍ਹਾ
ਵਿੱਤੀ ਸਾਲ 2023 ਲਈ ਪ੍ਰਤੱਖ ਟੈਕਸ (ਨਿੱਜੀ ਅਤੇ ਕਾਰਪੋਰੇਟ ਟੈਕਸ) ਪ੍ਰਾਪਤੀਆਂ 14.08 ਲੱਖ ਕਰੋੜ ਰੁਪਏ ਦੇ ਪਹਿਲੇ ਅਨੁਮਾਨ ਤੋਂ 17 ਫ਼ੀਸਦੀ ਵਧਾ ਕੇ 16.50 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਫਰਵਰੀ ਤੱਕ ਸ਼ੁੱਧ ਡਾਇਰੈਕਟ ਕਲੈਕਸ਼ਨ (ਰਿਫੰਡ ਜਾਰੀ ਕਰਨ ਤੋਂ ਬਾਅਦ) 13 ਲੱਖ ਕਰੋੜ ਰੁਪਏ ਰਿਹਾ, ਜੋ ਚਾਲੂ ਵਿੱਤੀ ਸਾਲ ਲਈ ਸੰਸ਼ੋਧਿਤ ਟੈਕਸ ਕੁਲੈਕਸ਼ਨ ਅਨੁਮਾਨਾਂ ਦਾ ਲਗਭਗ 80 ਫ਼ੀਸਦੀ ਸੀ। ਅੰਦਰੂਨੀ ਮੁਲਾਂਕਣ ਤੋਂ ਜਾਣੂ ਇੱਕ ਅਧਿਕਾਰੀ ਨੇ ਕਿਹਾ ਕਿ ਪਹਿਲੇ 10 ਮਹੀਨਿਆਂ 'ਚ ਕਾਰਪੋਰੇਟ ਅਤੇ ਨਿੱਜੀ ਟੈਕਸ ਸੰਗ੍ਰਹਿ 'ਚ ਵਾਧੇ ਨੂੰ ਦੇਖਦੇ ਹੋਏ ਟੈਕਸ ਪ੍ਰਾਪਤੀਆਂ ਸੰਸ਼ੋਧਿਤ ਅਨੁਮਾਨਾਂ ਤੋਂ ਵੱਧ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਐਡਵਾਂਸ ਟੈਕਸ ਦੀ ਚੌਥੀ ਕਿਸ਼ਤ 15 ਮਾਰਚ ਨੂੰ ਜਮ੍ਹਾ ਹੋਣ ਤੋਂ ਬਾਅਦ ਇਸ ਸਬੰਧੀ ਤਸਵੀਰ ਸਪੱਸ਼ਟ ਹੋਵੇਗੀ।

ਇਹ ਵੀ ਪੜ੍ਹੋ- ਟਾਟਾ ਗਰੁੱਪ ਦੀ ਬਿਸਲੇਰੀ ਨਾਲ ਡੀਲ ਅਟਕੀ, ਜਾਣੋ ਕਿੱਥੇ ਫਸਿਆ ਪੇਚ
ਉਕਤ ਅਧਿਕਾਰੀ ਨੇ ਕਿਹਾ, ''ਬਾਹਰੀ ਚੁਣੌਤੀਆਂ ਦੇ ਬਾਵਜੂਦ ਕਾਰਪੋਰੇਟ ਟੈਕਸ ਕੁਲੈਕਸ਼ਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 15 ਫ਼ੀਸਦੀ ਵੱਧ ਹੈ। ਐਡਵਾਂਸ ਟੈਕਸ ਦੀ ਆਖਰੀ ਕਿਸ਼ਤ ਜਮ੍ਹਾ ਹੋਣ ਤੋਂ ਬਾਅਦ ਟੈਕਸ ਦੀ ਉਗਰਾਹੀ ਹੋਰ ਵਧੇਗੀ ਕਿਉਂਕਿ ਇਸ ਸਮੇਂ ਦੌਰਾਨ ਬਹੁਤ ਸਾਰੀਆਂ ਕੰਪਨੀਆਂ ਆਪਣਾ ਸਾਰਾ ਬਕਾਇਆ ਟੈਕਸ ਅਦਾ ਕਰਦੀਆਂ ਹਨ। ਇਸ ਤੋਂ ਇਲਾਵਾ ਬਕਾਇਆ ਟੈਕਸ ਦੀ ਮੰਗ ਦੀ ਵਸੂਲੀ ਲਈ ਕੀਤੇ ਜਾ ਰਹੇ ਯਤਨਾਂ ਨਾਲ ਵੀ ਮਾਲੀਆ ਕਲੈਕਸ਼ਨ ਵਧਾਉਣ 'ਚ ਮਦਦ ਮਿਲੇਗੀ।

ਇਹ ਵੀ ਪੜ੍ਹੋ- ਏਅਰ ਇੰਡੀਆ ਦੀ ਬਿਜ਼ਨੈੱਸ ਕਲਾਸ 'ਚ ਪਰੋਸੇ ਗਏ ਖਾਣੇ 'ਚ ਦਿਖਿਆ ਜਿਉਂਦਾ ਰੇਂਗਦਾ ਹੋਇਆ ਕੀੜਾ, ਵੀਡੀਓ ਵਾਇਰਲ
ਅਧਿਕਾਰਤ ਅੰਕੜਿਆਂ ਦੇ ਅਨੁਸਾਰ ਚਾਲੂ ਵਿੱਤੀ ਸਾਲ 'ਚ 1 ਅਪ੍ਰੈਲ, 2022 ਤੋਂ 10 ਫਰਵਰੀ, 2023 ਤੱਕ ਕੁੱਲ ਪ੍ਰਤੱਖ ਟੈਕਸ ਸੰਗ੍ਰਹਿ 24.09 ਫ਼ੀਸਦੀ ਵਧ ਕੇ 15.67 ਲੱਖ ਕਰੋੜ ਰੁਪਏ ਹੋ ਗਿਆ ਹੈ। ਇਸ ਸਮੇਂ ਦੌਰਾਨ ਕਾਰਪੋਰੇਟ ਟੈਕਸ ਪ੍ਰਾਪਤੀਆਂ 'ਚ 19.33 ਫ਼ੀਸਦੀ ਅਤੇ ਨਿੱਜੀ ਆਮਦਨ ਕਰ ਵਸੂਲੀ 'ਚ 29.63 ਫ਼ੀਸਦੀ ਦਾ ਵਾਧਾ ਹੋਇਆ ਹੈ। ਰਿਫੰਡ ਜਾਰੀ ਕਰਨ ਤੋਂ ਬਾਅਦ ਕਾਰਪੋਰੇਟ ਟੈਕਸ 'ਚ 15.84 ਫ਼ੀਸਦੀ ਅਤੇ ਨਿੱਜੀ ਟੈਕਸ 'ਚ 21.93 ਫ਼ੀਸਦੀ ਦਾ ਸ਼ੁੱਧ ਵਾਧਾ ਹੋਇਆ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

Aarti dhillon

This news is Content Editor Aarti dhillon