ਸੋਨਾ ਪਾਉਣਾ ਹੋਇਆ ਔਖਾ, ਇੰਨੇ ਚੜ੍ਹ ਗਏ ਰੇਟ!

09/11/2017 3:25:18 PM

ਨਵੀਂ ਦਿੱਲੀ— ਤਿਉਹਾਰੀ ਮੌਸਮ ਦੇ ਮੱਦੇਨਜ਼ਰ ਘਰੇਲੂ ਮੰਗ ਵਧਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 470 ਰੁਪਏ ਦੀ ਵੱਡੀ ਛਲਾਂਗ ਲਾ ਕੇ 31,000 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਉੱਥੇ ਹੀ ਦੂਜੇ ਪਾਸੇ ਚਾਂਦੀ ਦੀ ਮੰਗ ਸੁਸਤ ਰਹਿਣ ਕਾਰਨ ਇਸ ਦੀ ਕੀਮਤ 42,000 ਰੁਪਏ ਤੋਂ ਹੇਠਾਂ ਚਲੀ ਗਈ। ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਵੱਲੋਂ ਮੰਗ ਘੱਟ ਆਉਣ ਕਾਰਨ ਚਾਂਦੀ 300 ਰੁਪਏ ਘੱਟ ਕੇ 41,700 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਹਾਲਾਂਕਿ ਸੰਸਾਰਕ ਪੱਧਰ 'ਤੇ ਸੋਨੇ 'ਚ ਸੁਸਤੀ ਰਹੀ। ਦੁਨੀਆ ਦੀਆਂ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਨਾਲ ਸਿੰਗਾਪੁਰ 'ਚ ਸੋਨੇ ਦੀ ਕੀਮਤ 0.77 ਫੀਸਦੀ ਟੁੱਟ ਕੇ 1,335.70 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਉੱਥੇ ਹੀ, ਇਰਮਾ ਤੂਫਾਨ ਦੇ ਕਮਜ਼ੋਰ ਹੋਣ ਅਤੇ ਉੱਤਰੀ ਕੋਰੀਆ 'ਤੇ ਮਾਮਲਾ ਥੋੜ੍ਹਾ ਠੰਡਾ ਹੋਣ ਨਾਲ ਵੀ ਸੋਨੇ ਦੀਆਂ ਕੀਮਤਾਂ 'ਤੇ ਅਸਰ ਪਿਆ। ਸੋਨੇ ਦੀ ਤਰ੍ਹਾਂ ਚਾਂਦੀ ਵੀ 0.64 ਫੀਸਦੀ ਘੱਟ ਕੇ 17.81 ਡਾਲਰ ਪ੍ਰਤੀ ਔਂਸ 'ਤੇ ਆ ਗਈ।
ਘਰੇਲੂ ਸਰਾਫਾ ਬਾਜ਼ਾਰ 'ਚ ਤਿਉਹਾਰੀ ਮੰਗ ਨੂੰ ਪੂਰਾ ਕਰਨ ਲਈ ਵਧੀ ਖਰੀਦਦਾਰੀ ਕਾਰਨ ਕੀਮਤੀ ਧਾਤਾਂ ਨੂੰ ਸਮਰਥਨ ਮਿਲਿਆ ਹੈ। ਰਾਸ਼ਟਰੀ ਰਾਜਧਾਨੀ 'ਚ ਸਟੈਂਡਰਡ ਸੋਨੇ ਦੀ ਕੀਮਤ 31,000 ਰੁਪਏ ਅਤੇ ਸੋਨਾ ਭਟੂਰ ਦੀ ਕੀਮਤ 30,850 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ, ਇਨ੍ਹਾਂ ਦੋਹਾਂ 'ਚ 470 ਰੁਪਏ ਦਾ ਵਾਧਾ ਹੋਇਆ। ਇਸ ਵਿਚਕਾਰ 8 ਗ੍ਰਾਮ ਵਾਲੀ ਗਿੰਨੀ 100 ਰੁਪਏ ਵੱਧ ਕੇ 24,700 ਰੁਪਏ 'ਤੇ ਪਹੁੰਚ ਗਈ।