ਭਾਰਤ ਦੀ ਹਵਾਬਾਜ਼ੀ ਸੁਰੱਖਿਆ ਰੈਂਕਿੰਗ ਨੂੰ ਬਰਕਰਾਰ ਰੱਖਣ, ਸੁਧਾਰ ਕਰਨ ਦੀ ਚੁਣੌਤੀ : DGCA ਮੁਖੀ

12/04/2022 6:29:53 PM

ਨਵੀਂ ਦਿੱਲੀ- ਭਾਰਤੀ ਨਾਗਰਿਕ ਹਵਾਬਾਜ਼ੀ ਸੰਗਠਨ (ਆਈ.ਸੀ.ਏ.ਓ) ਦੀ ਹਵਾਬਾਜ਼ੀ ਸੁਰੱਖਿਆ ਰੈਂਕਿੰਗ 'ਚ ਦੇਸ਼ ਨੂੰ ਹੁਣ ਤੱਕ ਦਾ ਸਭ ਤੋਂ ਉੱਚਾ ਰੈਂਕ ਮਿਲਣ ਤੋਂ ਬਾਅਦ, ਡੀ.ਜੀ.ਸੀ.ਏ ਦੇ ਮੁਖੀ ਅਰੁਣ ਕੁਮਾਰ ਨੇ ਐਤਵਾਰ ਨੂੰ ਕਿਹਾ ਕਿ ਹੁਣ ਇਸ ਰੈਂਕਿੰਗ ਨੂੰ ਬਰਕਰਾਰ ਰੱਖਣ ਅਤੇ ਹੋਰ ਸੁਧਾਰ ਕਰਨ ਦੀ ਚੁਣੌਤੀ ਹੈ।
ਉਨ੍ਹਾਂ ਨੇ ਹਵਾਈ ਸੁਰੱਖਿਆ ਈਕੋਸਿਸਟਮ ਨੂੰ ਹੋਰ ਬਿਹਤਰ ਬਣਾਉਣ 'ਤੇ ਜ਼ੋਰ ਦਿੱਤਾ। ਇਹ ਟਿੱਪਣੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਹਵਾਬਾਜ਼ੀ ਖੇਤਰ ਕੋਵਿਡ-19 ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਤੋਂ ਬਾਅਦ ਹੌਲੀ-ਹੌਲੀ ਫਿਰ ਪ੍ਰੀ-ਕੋਵਿਡ ਪੱਧਰ ਦੇ ਵੱਲ ਵਧ ਰਿਹਾ ਹੈ।
ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ) ਦੇ ਅਧਿਕਾਰੀ ਨੇ ਕਿਹਾ ਕਿ ਭਾਰਤ ਆਈ.ਸੀ.ਏ.ਓ ਦੀ ਗਲੋਬਲ ਹਵਾਬਾਜ਼ੀ ਸੁਰੱਖਿਆ ਰੈਂਕਿੰਗ 'ਚ 48ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਚਾਰ ਸਾਲ ਪਹਿਲਾਂ ਦੇਸ਼ 102ਵੇਂ ਸਥਾਨ 'ਤੇ ਸੀ।
ਉਨ੍ਹਾਂ ਨੇ ਕਿਹਾ ਕਿ ਰੈਂਕਿੰਗ 'ਚ ਸਿੰਗਾਪੁਰ ਪਹਿਲੇ ਸਥਾਨ 'ਤੇ ਹੈ, ਉਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਅਤੇ ਦੱਖਣੀ ਕੋਰੀਆ ਦਾ ਸਥਾਨ ਹੈ। ਇਸ ਸੂਚੀ 'ਚ ਚੀਨ 49ਵੇਂ ਸਥਾਨ 'ਤੇ ਹੈ।
ਕੁਮਾਰ ਨੇ ਕਿਹਾ ਕਿ ਰੈਗੂਲੇਟਰ ਨੇ ਭਾਰਤ ਦੀ ਸੁਰੱਖਿਆ ਰੈਂਕਿੰਗ ਨੂੰ ਸੁਧਾਰਨ ਲਈ ਅਣਥੱਕ ਮਿਹਨਤ ਕੀਤੀ ਹੈ ਅਤੇ ਇਸ ਦੇ ਨਤੀਜੇ ਸਾਹਮਣੇ ਹਨ। ਉਨ੍ਹਾਂ ਨੇ ਪੀ.ਟੀ.ਆਈ. ਨੂੰ ਦੱਸਿਆ ਕਿ, "ਉਡਾਣ ਸੁਰੱਖਿਆ ਲਈ ਇੱਕ ਮਜ਼ਬੂਤ ​​ਸੁਰੱਖਿਆ ਨਿਗਰਾਨੀ ਪ੍ਰਣਾਲੀ ਜ਼ਰੂਰੀ ਹੈ... ਡੀ.ਜੀ.ਸੀ.ਏ ਟੀਮ ਨੇ ਹਵਾਬਾਜ਼ੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਅਣਥੱਕ ਮਿਹਨਤ ਕੀਤੀ ਹੈ। ਅਸੀਂ ਹੁਣ ਤੱਕ ਦੀ ਸਭ ਤੋਂ ਉੱਚੀ ਰੈਂਕਿੰਗ 'ਤੇ ਹਾਂ ਅਤੇ ਹੁਣ ਚੁਣੌਤੀ ਇਸ ਨੂੰ ਬਣਾਏ ਰੱਖਣ ਅਤੇ ਹੋਰ ਸੁਧਾਰ ਕਰਨ ਦੀ ਹੈ।
ਉਮੀਦ ਹੈ ਕਿ ਆਈ.ਸੀ.ਏ.ਓ ਆਉਣ ਵਾਲੇ ਹਫ਼ਤਿਆਂ 'ਚ ਭਾਰਤ ਦੀ ਰੈਂਕਿੰਗ ਦੇ ਬਾਰੇ 'ਚ ਰਸਮੀ ਰੂਪ ਨਾਲ ਜਾਣਕਾਰੀ ਦੇਵੇਗਾ। ਇਸ ਰੈਂਕਿੰਗ 'ਚ ਕੁੱਲ 187 ਦੇਸ਼ ਸ਼ਾਮਲ ਹਨ। ਭਾਰਤ ਅਤੇ ਜਾਰਜੀਆ 85.49 ਫੀਸਦੀ ਅੰਕਾਂ ਨਾਲ 48ਵੇਂ ਸਥਾਨ 'ਤੇ ਹਨ। ਗੁਆਂਢੀ ਦੇਸ਼ ਪਾਕਿਸਤਾਨ ਨੂੰ 70.39 ਫੀਸਦੀ ਅੰਕ ਮਿਲੇ ਹਨ।

Aarti dhillon

This news is Content Editor Aarti dhillon