FD 'ਤੇ ਮੁਨਾਫਾ ਹੋਵੇਗਾ ਘੱਟ, ਇਨ੍ਹਾਂ ਬੈਂਕਾਂ ਨੇ ਦਰਾਂ 'ਚ ਕੀਤੀ ਕਟੌਤੀ

06/18/2019 3:49:31 PM

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ ਵੱਲੋਂ ਪਾਲਿਸੀ ਦਰਾਂ 'ਚ ਕੀਤੀ ਕਟੌਤੀ ਮਗਰੋਂ ਬੈਂਕਾਂ ਨੇ ਭਾਵੇਂ ਕਰਜ਼ ਸਸਤੇ ਨਾ ਕੀਤੇ ਹੋਣ ਪਰ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ 'ਚ ਕਮੀ ਕਰ ਦਿੱਤੀ ਹੈ। ਨਿੱਜੀ ਖੇਤਰ ਦੇ ਦਿੱਗਜ ਆਈ. ਸੀ. ਆਈ. ਸੀ. ਆਈ. ਬੈਂਕ ਸਮੇਤ ਕੁਝ ਬੈਂਕਾਂ ਨੇ ਐੱਫ. ਡੀ. ਵਿਆਜ ਦਰਾਂ 'ਚ 0.25 ਫੀਸਦੀ ਤਕ ਕਟੌਤੀ ਕਰ ਦਿੱਤੀ ਹੈ।
 

ਰਿਜ਼ਰਵ ਬੈਂਕ ਵੱਲੋਂ ਇਸ ਮਹੀਨੇ ਰੇਪੋ ਦਰ 'ਚ ਕਟੌਤੀ ਕਰਨ ਪਿੱਛੋਂ ਆਈ. ਸੀ. ਆਈ. ਸੀ. ਆਈ., ਐਕਸਿਸ ਬੈਂਕ ਨੇ ਇਹ ਕਦਮ ਚੁੱਕਿਆ ਹੈ। ਫਿਕਸਡ ਡਿਪਾਜ਼ਿਟ ਦਰਾਂ 'ਚ ਕਟੌਤੀ ਦਾ ਮਤਲਬ ਹੈ ਕਿ ਜੇਕਰ ਕੋਈ ਗਾਹਕ ਹੁਣ ਬੈਂਕ 'ਚ ਕਿਸੇ ਵੀ ਸਮੇਂ ਲਈ ਪੈਸਾ ਐੱਫ. ਡੀ. 'ਚ ਜਮ੍ਹਾ ਕਰਵਾਉਂਦਾ ਹੈ ਤਾਂ ਉਸ ਨੂੰ ਹੁਣ ਪਹਿਲਾਂ ਨਾਲੋਂ ਘੱਟ ਮੁਨਾਫਾ ਹੋਵੇਗਾ। ਹਾਲਾਂਕਿ ਜਿਨ੍ਹਾਂ ਨੇ ਪਹਿਲਾਂ ਹੀ ਐੱਫ. ਡੀ. ਕਰਾ ਰੱਖੀ ਹੈ ਉਨ੍ਹਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ।

ਰਿਪੋਰਟਾਂ ਮੁਤਾਬਕ, ਆਈ. ਸੀ. ਆਈ. ਸੀ. ਆਈ. ਬੈਂਕ ਨੇ ਐੱਫ. ਡੀ. ਵਿਆਜ ਦਰਾਂ 'ਚ 0.25 ਫੀਸਦੀ ਦੀ ਕਟੌਤੀ ਕੀਤੀ ਹੈ। ਇਹ ਕਟੌਤੀ ਸੋਮਵਾਰ ਤੋਂ ਲਾਗੂ ਹੋ ਗਈ ਹੈ। ਹੁਣ 290 ਦਿਨਾਂ ਤੋਂ ਲੈ ਕੇ 1 ਸਾਲ ਤੋਂ ਘੱਟ ਸਮੇਂ ਤਕ ਲਈ 2 ਕਰੋੜ ਰੁਪਏ ਦੀ ਜਮ੍ਹਾ ਰਕਮ 'ਤੇ 6.75 ਫੀਸਦੀ ਵਿਆਜ ਮਿਲੇਗਾ। ਉੱਥੇ ਹੀ, 2 ਸਾਲ ਤੋਂ ਲੈ ਕੇ 3 ਸਾਲ ਤੋਂ ਘੱਟ ਵਾਲੀ ਐੱਫ. ਡੀ. 'ਤੇ ਵਿਆਜ ਦਰ 7.30 ਫੀਸਦੀ ਹੋਵੇਗੀ। ਉੱਥੇ ਹੀ, ਐਕਸਿਸ ਬੈਂਕ ਨੇ ਵੀ ਦਰਾਂ 'ਚ 0.15 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਨੇ ਇਕ ਸਾਲ ਦੀ ਐੱਫ. ਡੀ. ਦੀ ਵਿਆਜ ਦਰ 'ਚ ਕਟੌਤੀ ਕੀਤੀ ਹੈ।