ਕਿਸਾਨਾਂ ਨੂੰ ਝਟਕਾ, 31 DEC ਤੋਂ ਇਹ ਕੀਟਨਾਸ਼ਕ ਹੋਣ ਜਾ ਰਿਹਾ ਹੈ ਬੈਨ

02/24/2020 12:12:32 PM

ਨਵੀਂ ਦਿੱਲੀ— ਹੁਣ ਜਲਦ ਹੀ ਤੁਸੀਂ ਫਸਲਾਂ 'ਤੇ ਡੀ. ਡੀ. ਵੀ. ਪੀ. ਦਾ ਛਿੜਕਾਅ ਨਹੀਂ ਕਰ ਸਕੋਗੇ। ਕੀਟਨਾਸ਼ਕ 'ਡਾਈਕਲੋਰਵੋਸ' ਦਾ ਇਸਤੇਮਾਲ ਪ੍ਰਭਾਵੀ ਤੌਰ 'ਤੇ ਟਿੱਡੀਆਂ ਦੀ ਵਜ੍ਹਾ ਨਾਲ ਫਸਲ ਨੂੰ ਹੋਣ ਵਾਲੇ ਖਤਰੇ ਨਾਲ ਨਜਿੱਠਣ ਲਈ ਕੀਤਾ ਜਾਂਦਾ ਹੈ। 31 ਦਸੰਬਰ ਤੋਂ ਇਸ ਕੀਟਨਾਸ਼ਕ 'ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਡਾਈਕਲੋਰਵੋਸ ਨੂੰ ਡੀ. ਡੀ. ਵੀ. ਪੀ. ਵੀ ਕਿਹਾ ਜਾਂਦਾ ਹੈ। ਇਹ ਇਕ ਸ਼ਕਤੀਸ਼ਾਲੀ ਕੀਟਨਾਸ਼ਕ ਹੈ, ਜਿਸ ਦਾ ਸਿੰਗਲ ਯਾਨੀ ਇਕ ਛਿੜਕਾਅ ਹੀ ਕਾਫੀ ਅਸਰਦਾਰ ਹੁੰਦਾ ਹੈ।

 

ਇਸ ਕੀਟਨਾਸ਼ਕ 'ਤੇ ਪਾਬੰਦੀ ਉਨ੍ਹਾਂ ਖਬਰਾਂ ਦੇ ਬਾਵਜੂਦ ਲੱਗਣ ਜਾ ਰਹੀ ਹੈ ਜਦੋਂ ਹਾਲ ਹੀ 'ਚ ਟਿੱਡੀ ਦਲ ਨੇ ਭਾਰੀ ਮਾਤਰਾ 'ਚ ਫਸਲਾਂ ਨੂੰ ਨਸ਼ਟ ਕੀਤਾ ਹੈ। ਭਾਰਤ ਸਰਕਾਰ ਨੇ ਆਪਣੇ ਅਗਸਤ 2018 ਦੇ ਹੁਕਮਾਂ 'ਚ ਇਸ ਖੇਤੀ ਰਸਾਇਣ ਦੇ ਨਿਰਮਾਣ ਲਈ ਨਵੀਂ ਰਜਿਸਟ੍ਰੇਸ਼ਨ 'ਤੇ ਪਾਬੰਦੀ ਲਗਾ ਦਿੱਤੀ ਸੀ। ਇੰਪੋਰਟ ਤੇ ਲੋਕਲ ਨਿਰਮਾਣ 'ਤੇ ਪਾਬੰਦੀ ਜਨਵਰੀ 2019 'ਚ ਲੱਗੀ ਸੀ ਅਤੇ ਹੁਣ ਪੂਰੀ ਪਾਬੰਦੀ 31 ਦਸੰਬਰ 2020 ਤੋਂ ਲਾਗੂ ਹੋ ਜਾਵੇਗੀ।
ਕੀਟਨਾਸ਼ਕ ਫਰਮਾਂ ਇਸ ਪਾਬੰਦੀ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਨੂੰ ਡਰ ਹੈ ਕਿ ਗੰਭੀਰ ਸੰਕਟ ਦੀ ਸਥਿਤੀ 'ਚ ਭਾਰਤੀ ਕਿਸਾਨਾਂ ਨੂੰ ਪਾਕਿਸਤਾਨ ਦੀ ਤਰ੍ਹਾਂ ਮੁਸ਼ਕਲ ਘੜੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਕਿਸਤਾਨ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਟਿੱਡੀਆਂ ਦੀ ਮਾਰ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਬਾਰਡਰ ਨਾਲ ਲੱਗਦੇ ਗੁਜਰਾਤ, ਰਾਜਸਥਾਨ ਤੇ ਪੰਜਾਬ 'ਚ ਹਾਲ ਹੀ 'ਚ ਟਿੱਡੀ ਦਲ ਦੇ ਹਮਲੇ ਕਾਰਨ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ।