ਜੁਲਾਈ ''ਚ ਘਟੇਗਾ ਡਾਟਾ ਪੈਕ, ਇੰਨਾ ਦੇਣਾ ਹੋਵੇਗਾ ਟੈਕਸ!

06/28/2017 3:12:56 PM

ਨਵੀਂ ਦਿੱਲੀ— ਦੂਰਸੰਚਾਰ ਕੰਪਨੀਆਂ ਜੀ. ਐੱਸ. ਟੀ. ਲਾਗੂ ਹੋਣ ਦੇ ਬਾਅਦ ਇੰਟਰਨੈੱਟ ਪੈਕ 'ਚ ਮਿਲਣ ਵਾਲੇ ਡਾਟਾ ਨੂੰ ਘਟਾ ਸਕਦੀਆਂ ਹਨ ਜਾਂ ਫਿਰ ਕੀਮਤਾਂ 'ਚ ਵਾਧਾ ਕੀਤਾ ਜਾ ਸਕਦਾ ਹੈ। ਪ੍ਰੀਪੇਡ ਗਾਹਕਾਂ ਨੂੰ ਮਿਲਣ ਵਾਲਾ ਟਾਕਟਾਈਮ ਵੀ ਘੱਟ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਜੀ. ਐੱਸ. ਟੀ. 'ਚ ਦੂਰਸੰਚਾਰ ਸੇਵਾਵਾਂ 'ਤੇ 18 ਫੀਸਦੀ ਟੈਕਸ ਲੱਗੇਗਾ, ਜੋ ਫਿਲਹਾਲ 15 ਫੀਸਦੀ ਹੈ। ਉੱਥੇ ਹੀ ਪੋਸਟਪੇਡ ਗਾਹਕਾਂ ਦੇ ਬਿੱਲ ਵੀ 3 ਫੀਸਦੀ ਤਕ ਵਧ ਜਾਣਗੇ। ਯਾਨੀ ਜੇਕਰ ਕਿਸੇ ਦਾ ਬਿੱਲ 1000 ਰੁਪਏ ਆਉਂਦਾ ਹੈ ਤਾਂ ਉਸ ਨੂੰ ਹੁਣ 30 ਰੁਪਏ ਵਾਧੂ ਦੇਣੇ ਪੈਣਗੇ। ਕੁੱਲ ਮਿਲਾ ਕੇ ਇੰਟਰਨੈੱਟ ਪੈਕ ਅਤੇ ਫੋਨ 'ਤੇ ਗੱਲ ਕਰਨਾ ਮਹਿੰਗਾ ਹੋ ਜਾਵੇਗਾ। 


ਇੱਥੇ ਮਿਲ ਸਕਦੀ ਹੈ ਰਾਹਤ!
ਉੱਥੇ ਹੀ ਪ੍ਰੀਪੇਡ ਗਾਹਕਾਂ ਨੂੰ ਕੁਝ ਚੋਣਵੇਂ ਆਫਰਾਂ ਅਤੇ ਫੁਲ ਟਾਕਟਾਈਮ 'ਤੇ ਰਾਹਤ ਮਿਲ ਸਕਦੀ ਹੈ ਕਿਉਂਕਿ ਕੰਪਨੀਆਂ ਇਨ੍ਹਾਂ ਆਫਰਾਂ 'ਤੇ ਜੀ. ਐੱਸ. ਟੀ. ਤਹਿਤ 3 ਫੀਸਦੀ ਦਾ ਵਾਧੂ ਬੋਝ ਗਾਹਕਾਂ 'ਤੇ ਨਹੀਂ ਪਾਉਣਗੀਆਂ। ਫੁਲ ਟਾਕਟਾਈਮ ਦਾ ਪ੍ਰੀਪੇਡ ਆਫਰ ਆਮ ਤੌਰ 'ਤੇ 100 ਤੋਂ 1,000 ਰੁਪਏ ਵਿਚਕਾਰ ਹੁੰਦਾ ਹੈ ਅਤੇ ਫਿਲਹਾਲ ਇਸ 'ਤੇ ਲੱਗਣ ਵਾਲਾ ਸਰਵਿਸ ਟੈਕਸ ਪੂਰੀ ਤਰ੍ਹਾਂ ਦੂਰਸੰਚਾਰ ਕੰਪਨੀਆਂ ਸਹਿਣ ਕਰਦੀਆਂ ਹਨ। ਇੰਡਸਟਰੀ ਦੇ ਅੰਦਜ਼ਿਆਂ ਮੁਤਾਬਕ, ਦੂਰਸੰਚਾਰ ਕੰਪਨੀਆਂ ਦੇ ਪ੍ਰੀਪੇਡ ਗਾਹਕਾਂ 'ਚੋਂ 35-40 ਫੀਸਦੀ ਗਾਹਕ ਫੁਲ ਟਾਕਟਾਈਮ ਵਾਊਚਰ ਦਾ ਬਦਲ ਚੁਣਦੇ ਹਨ। ਹਾਲਾਂਕਿ ਜੀ. ਐੱਸ. ਟੀ. ਲਾਗੂ ਹੋਣ 'ਤੇ ਅਤੇ ਦੂਰਸੰਚਾਰ ਕੰਪਨੀਆਂ ਵਿਚਕਾਰ ਚੱਲ ਰਹੇ ਮੁਕਾਬਲੇ ਨੂੰ ਦੇਖਦੇ ਹੋਏ ਕੰਪਨੀਆਂ ਆਪਣਾ ਅੰਤਿਮ ਫੈਸਲਾ ਲੈਣਗੀਆਂ।