ਬੈਂਕ 'ਚ ਹੁਣ ਪੈਸਾ ਜਮ੍ਹਾ ਕਰਾਉਣ ਤੇ ਕਢਾਉਣ ਲਈ ਵੀ ਦੇਣਾ ਹੋਵੇਗਾ ਚਾਰਜ, ਜਾਣੋ ਨਿਯਮ

10/28/2020 11:09:34 PM

ਨਵੀਂ ਦਿੱਲੀ- ਬੈਂਕ ਵਿਚ ਹੁਣ ਪੈਸਾ ਜਮ੍ਹਾ ਕਰਾਉਣ ਅਤੇ ਕਢਾਉਣ ਲਈ ਵੀ ਚਾਰਜ ਦੇਣਾ ਪਵੇਗਾ। ਬੜੌਦਾ ਬੈਂਕ ਨੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਨਵੰਬਰ ਮਹੀਨੇ ਤੋਂ ਨਿਰਧਾਰਤ ਲਿਮਟ ਤੋਂ ਜ਼ਿਆਦਾ ਬੈਂਕਿੰਗ ਕਰਨ 'ਤੇ ਚਾਰਜ ਲੱਗੇਗਾ। ਇਸ 'ਤੇ ਬੈਂਕ ਆਫ ਇੰਡੀਆ, ਪੀ. ਐੱਨ. ਬੀ., ਐਕਸਿਸ ਅਤੇ ਸੈਂਟਰਲ ਬੈਂਕ ਵੀ ਜਲਦ ਫ਼ੈਸਲਾ ਲੈ ਸਕਦੇ ਹਨ।

ਬੜੌਦਾ ਬੈਂਕ ਨੇ ਚਾਲੂ ਖਾਤੇ, ਕੈਸ਼ ਕ੍ਰੈਡਿਟ (ਸੀ.ਸੀ.) ਲਿਮਟ ਅਤੇ ਓਵਰਡ੍ਰਾਫਟ ਖਾਤੇ ਵਿਚ ਲੈਣ-ਦੇਣ ਦੇ ਅਲੱਗ ਅਤੇ ਬਚਤ ਖਾਤੇ ਲਈ ਜਮ੍ਹਾ-ਨਿਕਾਸੀ ਦੇ ਵੱਖ-ਵੱਖ ਚਾਰਜ ਨਿਰਧਾਰਤ ਕੀਤੇ ਹਨ। ਲੋਨ ਖਾਤੇ ਲਈ ਮਹੀਨੇ ਵਿਚ ਤਿੰਨ ਵਾਰ ਤੋਂ ਬਾਅਦ ਜਿੰਨੀ ਵਾਰ ਜ਼ਿਆਦਾ ਪੈਸਾ ਕਢਾਓਗੇ 150 ਰੁਪਏ ਹਰ ਵਾਰ ਦੇਣੇ ਪੈਣਗੇ। ਬਚਤ ਖਾਤੇ ਵਿਚ ਤਿੰਨ ਵਾਰ ਜਮ੍ਹਾ ਕਰਨਾ ਮੁਫ਼ਤ ਹੋਵੇਗਾ ਪਰ ਚੌਥੀ ਵਾਰ ਜਮ੍ਹਾ ਕੀਤਾ ਤਾਂ 40 ਰੁਪਏ ਦੇਣੇ ਹੋਣਗੇ। ਬੈਂਰ ਤਰਫੋਂ ਸੀਨੀਅਰ ਸਿਟੀਜ਼ਨਸ ਨੂੰ ਵੀ ਕੋਈ ਰਾਹਤ ਨਹੀਂ ਦਿੱਤੀ ਗਈ ਹੈ।

ਇਸ ਤਰ੍ਹਾਂ ਹੋਵੇਗੀ ਜੇਬ ਢਿੱਲੀ-


ਸੀ.ਸੀ., ਚਾਲੂ ਤੇ ਓਵਰਡ੍ਰਾਫਟ ਲਈ ਨਿਯਮ-

  • ਇਕ ਦਿਨ ਵਿਚ 1 ਲੱਖ ਰੁਪਏ ਮੁਫਤ ਵਿਚ ਜਮ੍ਹਾ ਕਰਵਾ ਸਕਦੇ ਹੋ। ਇਸ ਤੋਂ ਵੱਧ ਪੈਸੇ ਜਮ੍ਹਾ ਕਰਾਉਣ ਲਈ ਬੈਂਕ ਤੁਹਾਡੇ ਤੋਂ ਫੀਸ ਲੈਣਗੇ।
  • ਇਕ ਲੱਖ ਤੋਂ ਵੱਧ ਜਮ੍ਹਾ ਕਰਾਉਣ 'ਤੇ 1 ਹਜ਼ਾਰ ਰੁਪਏ 'ਤੇ ਇਕ ਰੁਪਏ ਚਾਰਜ ਦੇਣਾ ਹੋਵੇਗਾ। ਇਹ ਘੱਟੋ-ਘੱਟ 50 ਰੁਪਏ ਅਤੇ ਵੱਧ ਤੋਂ ਵੱਧ 20 ਹਜ਼ਾਰ ਰੁਪਏ ਹੋ ਸਕਦਾ ਹੈ।
  • ਜੇਕਰ ਇਕ ਮਹੀਨੇ ਵਿਚ ਤਿੰਨ ਵਾਰ ਪੈਸੇ ਕਢਾਏ ਜਾਂਦੇ ਹਨ ਤਾਂ ਕੋਈ ਫੀਸ ਨਹੀਂ ਲਈ ਜਾਏਗੀ।
  • ਚੌਥੀ ਵਾਰ ਕਢਾਉਣ 'ਤੇ ਹਰ ਨਿਕਾਸੀ ਲਈ 150 ਰੁਪਏ ਲਏ ਜਾਣਗੇ।

ਬਚਤ ਖ਼ਾਤਾਧਾਰਕਾਂ ਲਈ ਨਿਯਮ-

  • ਤਿੰਨ ਵਾਰ ਤੱਕ ਪੈਸੇ ਜਮ੍ਹਾ ਕਰਾਉਣਾ ਮੁਫਤ ਰਹੇਗਾ।
  • ਹਾਲਾਂਕਿ, ਚੌਥੀ ਵਾਰ ਤੋਂ ਹਰ ਵਾਰ ਪੈਸੇ ਜਮ੍ਹਾ ਕਰਨ 'ਤੇ 40 ਰੁਪਏ ਦੇਣੇ ਪੈਣਗੇ।
  • ਇਸੇ ਤਰ੍ਹਾਂ ਹਰ ਮਹੀਨੇ ਤਿੰਨ ਵਾਰ ਖਾਤੇ ਵਿਚੋਂ ਪੈਸੇ ਕਢਾਉਣ ਲਈ ਕੋਈ ਚਾਰਜ ਨਹੀਂ ਹੋਵੇਗਾ।
  • ਚੌਥੀ ਵਾਰ ਤੋਂ ਸ਼ਾਖਾ ਜਾ ਕੇ ਪੈਸੇ ਕਢਾਉਣ 'ਤੇ 100 ਰੁਪਏ ਦਾ ਭੁਗਤਾਨ ਕਰਨਾ ਪਵੇਗਾ।
  • ਸੀਨੀਅਰ ਸਿਟੀਜ਼ਨਸ ਨੂੰ ਵੀ ਇਨ੍ਹਾਂ ਨਿਯਮਾਂ ਤੋਂ ਛੋਟ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਦੀਵਾਲੀ 'ਤੇ ਹਵਾਈ ਯਾਤਰਾ ਕਰਨ ਵਾਲਿਆਂ ਲਈ ਵੱਡੀ ਖ਼ਬਰ, ਹੁਣ ਲੱਗੇਗੀ ਇਹ ਫ਼ੀਸ

ਹਾਲਾਂਕਿ, ਜਨਧਨ ਖਾਤਧਾਰਕਾਂ ਨੂੰ ਜਮ੍ਹਾ ਕਰਨ 'ਤੇ ਕੋਈ ਚਾਰਜ ਨਹੀਂ ਦੇਣਾ ਹੋਵੇਗਾ ਪਰ ਕਢਾਉਣ 'ਤੇ ਉਨ੍ਹਾਂ 'ਤੇ ਵੀ ਇਹੀ ਨਿਯਮ ਲਾਗੂ ਹੋਵੇਗਾ, ਯਾਨੀ ਬੈਂਕ ਦੀ ਸ਼ਾਖਾ ਵਿਚ ਜਾ ਕੇ ਨਿਰਧਾਰਤ ਲਿਮਟ ਤੋਂ ਜ਼ਿਆਦਾ ਵਾਰ ਪੈਸੇ ਕਢਾਉਣ 'ਤੇ 100 ਰੁਪਏ ਚਾਰਜ ਦੇਣਾ ਹੋਵੇਗਾ।
 

Sanjeev

This news is Content Editor Sanjeev