ਬਾਰਿਸ਼ ਦੀ ਭਾਰੀ ਕਮੀ ਕਾਰਨ ਝੋਨਾ, ਕਪਾਹ ਅਤੇ ਤੇਲ ਬੀਜਾਂ ਦੀ ਖੇਤੀ ਹੋਵੇਗੀ ਪ੍ਰਭਾਵਿਤ

06/19/2018 4:00:20 PM

ਬਿਜ਼ਨਸ ਡੈਸਕ — ਅਜੇ ਤੱਕ ਦੇਸ਼ 'ਚ ਭਾਵੇਂ ਆਮ ਬਾਰਿਸ਼ ਹੋਈ ਹੋਵੇ ਪਰ ਕੁਝ ਸੁਬਿਆਂ ਵਿਚ ਆਮ ਨਾਲੋਂ ਵੀ ਘੱਟ ਬਾਰਿਸ਼ ਹੋਈ ਹੈ ਜਿਸ ਕਾਰਨ ਘੱਟ ਬਾਰਿਸ਼ ਵਾਲੇ ਸੂਬਿਆਂ ਵਿਚ ਖਰੀਫ ਦੀ ਬਿਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ। ਭਾਰਤੀ ਮੌਸਮ ਵਿਭਾਗ ਦੇ ਮੁਤਾਬਕ  ਹੁਣ ਤੱਕ ਬੀਤੇ ਸੀਜ਼ਨ ਦੇ ਦੌਰਾਨ ਗੁਜਰਾਤ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ ਬਾਰਿਸ਼ ਦੀ ਭਾਰੀ ਕਮੀ ਦੇਖੀ ਜਾ ਰਹੀ ਹੈ। 
ਮੌਸਮ ਵਿਭਾਗ ਮੁਤਾਬਕ ਹੁਣ ਤੱਕ ਬੀਤੇ ਮਾਨਸੂਨ ਸੀਜ਼ਨ ਯਾਨੀ ਪਹਿਲੀ ਜੂਨ ਤੋਂ ਲੈ ਕੇ 18 ਜੂਨ ਤੱਕ ਗੁਜਰਾਤ 'ਚ ਆਮ ਮਾਨਸੂਨ ਦੇ ਮੁਕਾਬਲੇ 91 ਫੀਸਦੀ ਘੱਟ, ਰਾਜਸਥਾਨ ਵਿਚ 47 ਫੀਸਦੀ ਘੱਟ ਅਤੇ ਉੱਤਰ ਪ੍ਰਦੇਸ਼ 'ਚ 46 ਫੀਸਦੀ ਘੱਟ ਬਾਰਿਸ਼ ਹੋਈ ਹੈ। ਇਸ ਦੌਰਾਨ ਗੁਜਰਾਤ 'ਚ ਆਮ ਤੌਰ 'ਤੇ 35.6 ਮਿਲੀਮੀਟਰ ਬਾਰਿਸ਼ ਹੋ ਜਾਂਦੀ ਹੈ ਪਰ ਇਸ ਵਾਰ ਸਿਰਫ 3.3 ਮਿਲੀਮੀਟਰ ਬਰਸਾਤ ਹੀ ਦਰਜ ਕੀਤੀ ਗਈ ਹੈ। ਰਾਜਸਥਾਨ ਵਿਚ ਇਸ ਦੌਰਾਨ ਆਮ ਤੌਰ 'ਤੇ 16.1 ਮਿਲੀਮੀਟਰ ਬਾਰਿਸ਼ ਹੋ ਜਾਂਦੀ ਹੈ ਪਰ ਇਸ ਵਾਰ ਸਿਰਫ 8.5 ਮਿਲੀਮੀਟਰ ਹੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਉਥੇ ਵੀ ਹੁਣ ਤੱਕ ਸਿਰਫ 18.6 ਮਿਲੀਮੀਟਰ ਹੀ ਦਰਜ ਕੀਤੀ ਗਈ ਹੈ ਜਦੋਂਕਿ ਆਮ ਤੌਰ 'ਤੇ 33.6 ਮਿਲੀਮੀਟਰ ਬਰਸਾਤ ਹੋ ਜਾਂਦੀ ਹੈ।
ਗੁਜਰਾਤ ਅਤੇ ਰਾਜਸਥਾਨ ਕਈ ਖਰੀਫ ਫਸਲਾਂ ਦੇ ਦੇਸ਼ ਭਰ ਦੇ ਸਭ ਤੋਂ ਵੱਡੇ ਉਤਪਾਦਕ ਸੂਬੇ ਹਨ। ਦੇਸ਼ ਭਰ ਵਿਚ ਕਪਾਹ, ਮੂੰਗਫਲੀ ਅਤੇ ਕੈਸਟਰਸੀਡ ਦਾ ਸਭ ਤੋਂ ਜ਼ਿਆਦਾ ਉਤਪਾਦਨ ਗੁਜਰਾਤ ਵਿਚ ਹੀ ਹੁੰਦਾ ਹੈ, ਗੁਜਰਾਤ ਖੇਤੀਬਾੜੀ ਵਿਭਾਗ ਦੇ ਮੁਤਾਬਕ 11 ਜੂਨ ਤੱਕ ਸੂਬੇ 'ਚ ਮੂੰਬਫਲੀ ਦਾ ਰਕਬਾ 68 ਫੀਸਦੀ ਅਤੇ ਕਪਾਹ ਦਾ ਰਕਬਾ 66 ਫੀਸਦੀ ਪਿਛੜਿਆਂ ਹੋਇਆ ਦਰਜ ਕੀਤਾ ਗਿਆ ਹੈ। ਰਾਜਸਥਾਨ ਦੀ ਗੱਲ ਕਰੀਏ ਤਾਂ ਉਹ ਗਵਾਰਸੀਡ ਦਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਕਪਾਹ, ਕੈਸਟਰਸੀਡ, ਸੋਇਆਬੀਨ ਅਤੇ ਮੂੰਗਫਲੀ ਦਾ ਵੀ ਵੱਡਾ ਉਤਪਾਦਕ ਹੈ। ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਝੋਨਾ, ਪਿਆਜ਼, ਦਾਲਾਂ ਅਤੇ ਤੇਲ ਬੀਜ ਦਾ ਵੱਡਾ ਉਤਪਾਦਕ ਸੂਬਾ ਹੈ। ਅਜਿਹੇ 'ਚ ਇਨ੍ਹਾਂ ਸੂਬਿਆਂ 'ਚ ਮਾਨਸੂਨ ਦੀ ਬਰਸਾਤ ਦੀ ਅੱਗੇ ਚੱਲ ਕੇ ਵੀ ਕਮੀ ਰਹਿੰਦੀ ਹੈ ਤਾਂ ਇਨ੍ਹਾਂ ਫਸਲਾਂ ਦੇ ਉਤਪਾਦਨ 'ਚ ਭਾਰੀ ਕਮੀ ਆ ਸਕਦੀ ਹੈ।