ਰੂੰ ਖਰੀਦ ਦਾ ਅੰਕੜਾ ਜਾ ਸਕਦੈ 1 ਕਰੋਡ਼ ਗੰਢ ਤੋਂ ਪਾਰ

02/16/2020 9:57:14 PM

ਜੈਤੋ (ਪਰਾਸ਼ਰ)-ਦੇਸ਼ ’ਚ ਚਾਲੂ ਕਪਾਹ ਸੀਜ਼ਨ ਦੌਰਾਨ ਵੱਖ-ਵੱਖ ਕਪਾਹ ਉਤਪਾਦਕ ਸੂਬਿਆਂ ਦੀਆਂ ਮੰਡੀਆਂ ’ਚ ਹੁਣ ਤੱਕ 2.40 ਤੋਂ 2.50 ਕਰੋਡ਼ ਗੰਢ ਦਾ ਵ੍ਹਾਈਟ ਗੋਲਡ ਆਉਣ ਦੇ ਕਿਆਸ ਲਾਏ ਜਾ ਰਹੇ ਹਨ। ਕੱਪੜਾ ਮੰਤਰਾਲਾ ਦੇ ਅਦਾਰਾ ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) ਨੇ 1 ਅਕਤੂਬਰ ਤੋਂ ਸ਼ੁਰੂ ਹੋਏ ਇਸ ਕਪਾਹ ਸੀਜ਼ਨ ਦੌਰਾਨ ਦੇਸ਼ ’ਚ ਹੁਣ ਤੱਕ ਲਗਭਗ 62 ਲੱਖ ਗੰਢ ਦਾ ਵ੍ਹਾਈਟ ਗੋਲਡ ਹੇਠਲੇ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਖਰੀਦਿਆ ਹੈ, ਜਦੋਂਕਿ ਮਹਾਰਾਸ਼ਟਰ ਫੈੱਡਰੇਸ਼ਨ ਨੇ 7.50 ਲੱਖ ਗੰਢ ਦਾ ਵ੍ਹਾਈਟ ਗੋਲਡ ਖਰੀਦਿਆ। ਬਾਜ਼ਾਰ ਜਾਣਕਾਰਾਂ ਦੀ ਮੰਨੀਏ ਤਾਂ ਸੀ. ਸੀ. ਆਈ. ਚਾਲੂ ਕਪਾਹ ਸੀਜ਼ਨ ਦੌਰਾਨ 80 ਤੋਂ 90 ਲੱਖ ਗੰਢ ਦਾ ਵ੍ਹਾਈਟ ਗੋਲਡ ਖਰੀਦ ਸਕਦੀ ਹੈ, ਜਦੋਂਕਿ ਪਿਛਲੇ ਸਾਲ ਸਿਰਫ 10.70 ਲੱਖ ਗੰਢ ਵ੍ਹਾਈਟ ਗੋਲਡ ਖਰੀਦਿਆ ਗਿਆ ਸੀ।

ਸੀ. ਸੀ. ਆਈ. ਸੂਤਰਾਂ ਅਨੁਸਾਰ ਜਦੋਂ ਤੱਕ ਮੰਡੀਆਂ ’ਚ ਚੰਗਾ ਵ੍ਹਾਈਟ ਗੋਲਡ ਆਉਂਦਾ ਰਹੇਗਾ, ਉਨ੍ਹਾਂ ਦੀ ਖਰੀਦ ਜਾਰੀ ਰਹੇਗੀ। ਖਰੀਦ ਦਾ ਅੰਕੜਾ 1 ਕਰੋਡ਼ ਗੰਢ ਤੋਂ ਵੀ ਪਾਰ ਹੋ ਸਕਦਾ ਹੈ। ਓਧਰ ਉੱਤਰੀ ਸੂਬਿਆਂ ਦੀਆਂ ਮੰਡੀਆਂ ’ਚ ਹੁਣ ਤੱਕ ਲਗਭਗ 52,68,500 ਗੰਢ ਦਾ ਵ੍ਹਾਈਟ ਗੋਲਡ ਆ ਚੁੱਕਾ ਹੈ। ਇਸ ’ਚ ਸਭ ਤੋਂ ਜ਼ਿਆਦਾ ਆਮਦ ਹਰਿਆਣਾ ’ਚ 19,92,200 ਗੰਢ ਪਹੁੰਚੀ ਹੈ, ਜਦੋਂਕਿ ਸ਼੍ਰੀਗੰਗਾਨਗਰ-ਹਨੂਮਾਨਗੜ੍ਹ ਸਰਕਲ ’ਚ 14,35,100 ਗੰਢ, ਲੋਅਰ ਰਾਜਸਥਾਨ ’ਚ 11,10,100 ਗੰਢ ਅਤੇ ਪੰਜਾਬ ’ਚ 7,31,100 ਗੰਢ ਪੁੱਜੀ ਹੈ। ਦੇਸ਼ ’ਚ ਰੋਜ਼ਾਨਾ ਵ੍ਹਾਈਟ ਗੋਲਡ ਦੀ ਆਮਦ ਕਮਜ਼ੋਰ ਹੋ ਕੇ 1.65 ਤੋਂ 1.90 ਲੱਖ ਗੰਢ ਰਹਿ ਗਈ ਹੈ, ਜਦੋਂਕਿ ਫਰਵਰੀ ਦੀ ਸ਼ੁਰੂਆਤ ’ਚ ਦੇਸ਼ ’ਚ ਵ੍ਹਾਈਟ ਗੋਲਡ ਦੀ ਆਮਦ 2.15 ਤੋਂ 2.23 ਲੱਖ ਗੰਢ ਤੋਂ ਜ਼ਿਆਦਾ ਰੋਜ਼ਾਨਾ ਚੱਲ ਰਹੀ ਸੀ।

ਕੋਰੋਨਾ ਵਾਇਰਸ ਦਾ ਅਸਰ ਕੱਪੜਾ ਮਿੱਲਾਂ ’ਤੇ
ਸੂਤਰਾਂ ਅਨੁਸਾਰ ਚੀਨ ਦੇ ਕੋਰੋਨਾ ਵਾਇਰਸ ਦਾ ਅਸਰ ਭਾਰਤੀ ਕੱਪੜਾ ਅਤੇ ਸਪਿਨਿੰਗ ਮਿੱਲਾਂ ’ਤੇ ਦੇਖਣ ਨੂੰ ਮਿਲਿਆ ਹੈ। ਰੂੰ ਅਤੇ ਯਾਰਨ ਦੇ ਐਕਸਪੋਰਟ ’ਚ ਕਮੀ ਆਈ ਹੈ। ਵਿਸ਼ੇੇਸ਼ ਕਰ ਕੇ ਯਾਰਨ ਐਕਸਪੋਰਟ ’ਤੇ ਦਬਾਅ ਬਣਿਆ ਹੋਇਆ ਹੈ। ਪਿਛਲੇ 2 ਹਫਤਿਆਂ ’ਚ ਯਾਰਨ ’ਚ ਲਗਭਗ 4 ਫੀਸਦੀ ਭਾਅ ਡਿੱਗਣ ਦੀ ਸੂਚਨਾ ਹੈ। ਯਾਰਨ ’ਚ 4 ਫੀਸਦੀ ਗਿਰਾਵਟ ਨੂੰ ਭਾਰਤੀ ਯਾਰਨ ਮਾਰਕੀਟ ’ਚ ਵੱਡੀ ਮੰਦੀ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਚੀਨ ਨੂੰ ਲਗਭਗ 1200 ਮਿਲੀਅਨ ਯਾਰਨ ਐਕਸਪੋਰਟ ਹੁੰਦਾ ਹੈ। ਦੂਜੇ ਪਾਸੇ ਬਾਜ਼ਾਰ ’ਚ ਹਾਜ਼ਰ ਰੂੰ ਦੀਆਂ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਪਿਛਲੇ ਲਗਭਗ 2 ਹਫਤਿਆਂ ’ਚ ਲਗਭਗ 80-90 ਰੁਪਏ ਪ੍ਰਤੀ ਮਣ ਰੂੰ ਕੀਮਤਾਂ ਫਿਸਲ ਚੁੱਕੀਆਂ ਹਨ। ਯਾਰਨ ਲਗਾਤਾਰ ਫਿਸਲਣ ਨਾਲ ਸਪਿਨਿੰਗ ਮਿੱਲਾਂ ਨੇ ਆਪਣੀ ਰੋਜ਼ਾਨਾ ਦੀ ਖਪਤ ਘੱਟ ਕਰ ਦਿੱਤੀ ਹੈ। ਕੱਪੜਾ ਅਤੇ ਸਪਿਨਿੰਗ ਮਿੱਲਾਂ ਨੂੰ ਭਾਰੀ ਅਾਰਥਿਕ ਸੰਕਟ ਨਾਲ ਜੂਝਣਾ ਪੈ ਰਿਹਾ ਹੈ।

ਸੀ. ਸੀ. ਆਈ. ਦੀ ਪਾਲਿਸੀ ’ਤੇ ਸਾਰੇ ਹਨ ਹੈਰਾਨ
ਕੱਪੜਾ ਮੰਤਰਾਲਾ ਨੇ ਦੇਸ਼ ਦੇ ਕਿਸਾਨਾਂ ਦੀ ਭਲਾਈ ਅਤੇ ਭਾਰਤੀ ਕੱਪੜਾ ਤੇ ਸਪਿਨਿੰਗ ਮਿੱਲਾਂ ਦੀ ਰੱਖਿਆ ਲਈ ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) ਵਿਭਾਗ ਗਠਿਤ ਕੀਤਾ। ਸੀ. ਸੀ. ਆਈ. ਨੇ ਕਈ ਹਜ਼ਾਰ ਕਰੋਡ਼ ਰੁਪਏ ਖਰਚ ਕਰ ਕੇ ਕਿਸਾਨਾਂ ਦਾ ਵ੍ਹਾਈਟ ਗੋਲਡ ਐੱਮ. ਐੱਸ. ਪੀ. 5450-5550 ਰੁਪਏ ਪ੍ਰਤੀ ਕੁਇੰਟਲ ਖਰੀਦਿਆ ਹੈ, ਜੋ ਇਕ ਬਹੁਤ ਹੀ ਵਧੀਆ ਫੈਸਲਾ ਹੈ। ਵਪਾਰੀ ਵ੍ਹਾਈਟ ਗੋਲਡ 5150-5350 ਰੁਪਏ ਕੁਇੰਟਲ ਖਰੀਦ ਰਹੇ ਹਨ। ਦੂਜੇ ਪਾਸੇ ਸੀ. ਸੀ. ਆਈ. ਨੇ ਆਪਣੀ ਰੂੰ ਦੀ ਸੇਲ ਹਾਜ਼ਰ ਰੂੰ ਬਾਜ਼ਾਰ ਤੋਂ 500 ਰੁਪਏ ਪ੍ਰਤੀ ਮਣ ਜ਼ਿਆਦਾ ਭਾਅ ਕੱਢਿਆ ਹੈ, ਜਿਸ ਨਾਲ ਰੂੰ ਕਾਰੋਬਾਰੀ ਹੈਰਾਨੀ ’ਚ ਹਨ।

Karan Kumar

This news is Content Editor Karan Kumar