2018-19 ''ਚ ਦੇਸ਼ ''ਚ ਕਪਾਹ ਉਤਪਾਦਨ ਰਹੇਗਾ 340.25 ਲੱਖ ਗੰਢ : CAI

12/09/2018 12:36:05 AM

ਜੈਤੋ— ਸੀ. ਏ. ਆਈ. ਨੇ ਆਪਣੇ ਨਵੰਬਰ ਦੇ ਅੰਦਾਜ਼ੇ 'ਚ ਕਿਹਾ ਹੈ ਕਿ 2018-19 'ਚ ਦੇਸ਼ 'ਚ ਕਪਾਹ ਉਤਪਾਦਨ 340.25 ਲੱਖ ਗੰਢ ਰਹਿ ਸਕਦਾ ਹੈ। ਅਕਤਬੂਰ 'ਚ ਇਹ ਅੰਦਾਜ਼ਾ 343.50 ਲੱਖ ਗੰਢ ਸੀ।
ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ. ਏ. ਆਈ.) ਦੇ ਰਾਸ਼ਟਰੀ ਪ੍ਰਧਾਨ ਅਤੁਲ ਭਾਈ ਗਣਤਰਾ ਅਨੁਸਾਰ ਪਿਛਲੇ ਸਾਲ ਸੀਜ਼ਨ 2017-18 'ਚ ਕਪਾਹ ਉਤਪਾਦਨ ਦੇਸ਼ 'ਚ 365 ਲੱਖ ਗੰਢ ਰਿਹਾ। ਇਕ ਗੰਢ 'ਚ 170 ਕਿਲੋਗ੍ਰਾਮ ਕਪਾਹ ਹੁੰਦੀ ਹੈ। ਸੀ. ਏ. ਆਈ. ਸੰਗਠਨ ਨੇ ਆਪਣੇ ਤਾਜ਼ਾ ਅੰਦਾਜ਼ੇ 'ਚ 3 ਲੱਖ ਗੰਢ ਹੋਰ ਘੱਟ ਪੈਦਾਵਾਰ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਸੀ. ਏ. ਆਈ. ਦੇ ਅੰਕੜਿਆਂ ਅਨੁਸਾਰ ਇਸ ਸੀਜ਼ਨ 'ਚ ਘਰੇਲੂ ਖਪਤ ਲਗਭਗ 324 ਲੱਖ ਗੰਢ ਰਹੇਗੀ, ਜਦਕਿ ਬਰਾਮਦ 52 ਲੱਖ ਗੰਢ ਹੋਵੇਗੀ। ਪਿਛਲੇ ਸਾਲ ਬਰਾਮਦ 69 ਲੱਖ ਗੰਢ ਰਹੀ ਸੀ। ਓਪਨ ਸਟਾਕ 23 ਲੱਖ ਗੰਢ ਜਦੋਂ ਕਿ ਪਿਛਲੇ ਸਾਲ 36 ਲੱਖ ਗੰਢ ਸੀ। ਇਸ ਵਾਰ ਦਰਾਮਦ 27 ਲੱਖ ਗੰਢ ਦੀ ਸੰਭਾਵਨਾ ਹੈ। ਪਿਛਲੇ ਸਾਲ 15 ਲੱਖ ਗੰਢ ਦਰਾਮਦ ਹੋਈ ਸੀ। ਇਸ ਵਾਰ ਕਲੋਜ਼ਿੰਗ ਸਟਾਕ 23 ਲੱਖ ਗੰਢ ਦੀ ਜਗ੍ਹਾ 13.25 ਲੱਖ ਗੰਢ ਰਹੇਗਾ। ਓਧਰ, ਕੇਂਦਰੀ ਕੱਪੜਾ ਮੰਤਰਾਲਾ ਦੇ ਕਾਟਨ ਐਡਵਾਈਜ਼ਰੀ ਬੋਰਡ (ਸੀ. ਏ. ਬੀ.) ਨੇ ਬੀਤੀ 22 ਨਵੰਬਰ ਨੂੰ ਆਪਣੀ ਰਿਪੋਰਟ 'ਚ ਦੇਸ਼ 'ਚ ਕਪਾਹ ਉਤਪਾਦਨ ਲਗਭਗ 361 ਲੱਖ ਗੰਢ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।