ਰੂੰ ਬਾਜ਼ਾਰ ''ਤੇ ਮੰਦੀ ਦੇ ਬਾਦਲ ਮੰਡਰਾਏ, ਇਸ ਵਾਰ ਭਾਅ 650 ਰੁਪਏ ਡਿੱਗੇ

10/21/2019 2:06:53 AM

ਜੈਤੋ (ਪਰਾਸ਼ਰ)-ਕੱਪੜਾ ਮੰਤਰਾਲਾ ਦੇ ਅਦਾਰਾ ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ. ਆਈ.) ਅਨੁਸਾਰ ਖਰੀਫ ਫਸਲ ਸਾਲ 2019-20 ਲਈ 16 ਅਕਤੂਬਰ ਤੱਕ ਦੇਸ਼ 'ਚ ਨਵੀਂ ਕਪਾਹ ਦੀ 7,89,153 ਗੰਢ ਪਹੁੰਚੀ ਹੈ। ਦੇਸ਼ 'ਚ ਆਈ ਕੁਲ 7,89,153 ਗੰਢ 'ਚ ਪੰਜਾਬ ਦੀ 85,258 ਗੰਢ, ਹਰਿਆਣਾ 2,94,000 ਗੰਢ, ਰਾਜਸਥਾਨ 2,30,975 ਗੰਢ, ਗੁਜਰਾਤ 64,430 ਗੰਢ, ਮਹਾਰਾਸ਼ਟਰ 8645 ਗੰਢ, ਮੱਧ ਪ੍ਰਦੇਸ਼ 85,630 ਗੰਢ, ਆਂਧਰਾ ਪ੍ਰਦੇਸ਼ 12,200 ਗੰਢ, ਤੇਲੰਗਾਨਾ 7455 ਗੰਢ ਤੇ ਤਾਮਿਲਨਾਡੂ ਦੀ 560 ਗੰਢ ਸ਼ਾਮਲ ਹੈ। ਇਸ ਦੌਰਾਨ ਗੈਰ-ਸਰਕਾਰੀ ਸੂਤਰਾਂ ਅਨੁਸਾਰ ਅੱਜਕਲ ਉੱਤਰੀ ਖੇਤਰੀ ਸੂਬਿਆਂ ਦੀਆਂ ਮੰਡੀਆਂ 'ਚ 32,000 ਤੋਂ 33,000 ਗੰਢ ਦੀ ਕਪਾਹ ਰੋਜ਼ਾਨਾ ਪਹੁੰਚ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਨਵੇਂ ਕਪਾਹ ਸੀਜ਼ਨ ਦੌਰਾਨ ਉੱਤਰ ਖੇਤਰੀ ਸੂਬਿਆਂ ਪੰਜਾਬ 'ਚ ਸ਼ਨੀਵਾਰ ਤੱਕ 1,12,000 ਗੰਢ, ਹਰਿਆਣਾ 3,85,000 ਗੰਢ, ਸ਼੍ਰੀਗੰਗਾਨਗਰ ਸਰਕਲ 1,67,000 ਗੰਢ ਅਤੇ ਲੋਅਰ ਰਾਜਸਥਾਨ 'ਚ 1,64,000 ਗੰਢ ਦੀ ਆਮਦ ਹੋਈ ਹੈ, ਯਾਨੀ ਕੁਲ 8,28,000 ਗੰਢ ਉੱਤਰੀ ਖੇਤਰੀ ਇਨ੍ਹਾਂ ਸੂਬਿਆਂ 'ਚ ਪਹੁੰਚੀ ਹੈ। ਕੌਮਾਂਤਰੀ ਰੂੰ ਬਾਜ਼ਾਰ 'ਚ ਕਈ ਮਹੀਨਿਆਂ ਤੋਂ ਵੱਡੀ ਮੰਦੀ ਦਾ ਜ਼ੋਰ ਚੱਲ ਰਿਹਾ ਹੈ, ਜਿਸ ਦਾ ਵੱਡਾ ਅਸਰ ਭਾਰਤੀ ਰੂੰ ਬਾਜ਼ਾਰ ਜਗਤ 'ਤੇ ਵੀ ਪਿਆ ਹੈ।

ਜਾਣਕਾਰਾਂ ਅਨੁਸਾਰ ਬੀਤੇ ਸਾਲ 20 ਅਕਤੂਬਰ ਨੂੰ ਰੂੰ ਭਾਅ ਪੰਜਾਬ 5430-4560 ਰੁਪਏ ਮਣ, ਹਰਿਆਣਾ 4555-4570 ਰੁਪਏ, ਰਾਜਸਥਾਨ 4565-4570 ਰੁਪਏ ਮਣ ਅਤੇ ਲੋਅਰ ਰਾਜਸਥਾਨ 45000-45700 ਰੁਪਏ ਕੈਂਡੀ ਸਨ, ਜਦੋਂਕਿ ਇਸ ਸਾਲ 20 ਅਕਤੂਬਰ ਨੂੰ ਰੂੰ ਭਾਅ ਫਿਸਲ ਕੇ ਪੰਜਾਬ 3870-3905 ਰੁਪਏ ਮਣ, ਹਰਿਆਣਾ 3885-3935 ਰੁਪਏ, ਰਾਜਸਥਾਨ 3850-3925 ਰੁਪਏ ਮਣ ਅਤੇ ਲੋਅਰ ਰਾਜਸਥਾਨ 38600-39700 ਰੁਪਏ ਪ੍ਰਤੀ ਕੈਂਡੀ ਪਹੁੰਚ ਗਏ ਹਨ। ਬੀਤੇ ਸਾਲ ਦੀ ਤੁਲਨਾ 'ਚ ਇਸ ਵਾਰ ਹੁਣ ਕਰੀਬ 650 ਰੁਪਏ ਮਣ ਅਤੇ 6000 ਤੋਂ 6400 ਰੁਪਏ ਪ੍ਰਤੀ ਕੈਂਡੀ ਕੀਮਤਾਂ ਰੂੰ ਗਿਰਾਵਟ 'ਚ ਚੱਲ ਰਹੀਆਂ ਹਨ। ਬਾਜ਼ਾਰ ਜਾਣਕਾਰਾਂ ਅਨੁਸਾਰ ਇਸ ਮਹੀਨੇ ਕਰੀਬ 3 ਹਫਤਿਆਂ ਅੰਦਰ ਰੂੰ ਕੀਮਤਾਂ 'ਚ 175-200 ਰੁਪਏ ਮਣ ਗਿਰਾਵਟ ਦਰਜ ਹੋਈ ਹੈ। ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਯਾਰਨ ਦੀ ਵੱਡੀ ਕਮਜ਼ੋਰ ਮੰਗ, ਬਰਾਮਦ ਦੀ ਮੱਠੀ ਰਫਤਾਰ ਨਾਲ ਚੱਲਣ ਅਤੇ ਰੂੰ ਬਾਜ਼ਾਰ 'ਚ ਪੈਸੇ ਦੀ ਵੱਡੀ ਤੰਗੀ ਨੂੰ ਵੇਖਦੇ ਹੋਏ ਰੂੰ ਬਾਜ਼ਾਰ 'ਚ ਫਿਲਹਾਲ ਮੋਟੀ ਤੇਜ਼ੀ ਬਣਨ ਦੀ ਕੋਈ ਸੰਭਾਵਨਾ ਨਹੀਂ ਹੈ। ਨਵਾਂ ਕਪਾਹ ਸੀਜ਼ਨ ਸ਼ੁਰੂ ਹੋਏ ਕਈ ਹਫਤੇ ਬੀਤ ਚੁੱਕੇ ਹਨ ਪਰ ਜ਼ਿਆਦਾਤਰ ਸਪਿਨਿੰਗ ਮਿੱਲਾਂ ਨੇ ਆਪਣੀ ਖਰੀਦਦਾਰੀ ਦੇ ਖੁੱਲ੍ਹ ਕੇ ਪੱਤੇ ਨਹੀਂ ਖੋਲ੍ਹੇ ਹਨ। ਧਨ ਦੀ ਦੇਵੀ ਲਕਸ਼ਮੀ ਜੀ ਦੇ ਵਿੱਤ ਮੰਤਰੀ ਕੁਬੇਰ ਜੀ ਨੇ ਭਾਰਤੀ ਟੈਕਸਟਾਈਲਜ਼ ਉਦਯੋਗ ਅਤੇ ਸਪਿਨਿੰਗ ਮਿੱਲ ਉਦਯੋਗ ਤੋਂ ਮੂੰਹ ਫੇਰਿਆ ਹੋਇਆ ਹੈ, ਜਿਸ ਨਾਲ ਉਨ੍ਹਾਂ ਨੂੰ ਪੈਸੇ ਦੀ ਵੱਡੀ ਤੰਗੀ ਸਹਿਣ ਕਰਨੀ ਪੈ ਰਹੀ ਹੈ। ਟੈਕਸਟਾਈਲਜ਼ ਉਦਯੋਗ 'ਚ ਪੈਸੇ ਦੀ ਤੰਗੀ ਨਾਲ ਰੂੰ ਆੜ੍ਹਤੀਆਂ ਨੂੰ ਵੀ ਇਹ ਤੰਗੀ ਖੂਬ ਸਤਾ ਰਹੀ ਹੈ। ਅਜੇ ਤੱਕ ਜ਼ਿਆਦਾਤਰ ਮਿੱਲਾਂ ਹੈਂਡ-ਟੂ-ਮਾਊਥ ਹੀ ਬਾਜ਼ਾਰ ਤੋਂ ਰੂੰ ਖਰੀਦ ਰਹੀਆਂ ਹਨ।

ਮਿੱਲਾਂ ਦੇ ਲਾਭ ਨਾਲ ਹੀ ਤੇਜ਼ੀ ਦੇ ਆਸਾਰ
ਦੇਸ਼ ਦੇ ਮੰਨੇ-ਪ੍ਰਮੰਨੇ ਰੂੰ ਕਾਰੋਬਾਰੀ ਵਿਨੇ ਰਾਠੀ ਦਾ ਕਹਿਣਾ ਹੈ ਕਿ ਜਦੋਂ ਤੱਕ ਸਪਿਨਿੰਗ ਮਿੱਲਾਂ ਲਾਭ 'ਚ ਨਹੀਂ ਆ ਜਾਂਦੀਆਂ, ਉਦੋਂ ਤੱਕ ਤੱਕ ਰੂੰ ਬਾਜ਼ਾਰ 'ਚ ਤੇਜ਼ੀ ਆਉਣਾ ਉਨ੍ਹਾਂ ਨੂੰ ਅਸੰਭਵ ਹੈ। ਸਪਿਨਿੰਗ ਮਿੱਲਾਂ ਨੂੰ ਮੁੱਖ ਕਮਾਈ ਯਾਰਨ ਬਰਾਮਦ ਤੋਂ ਹੁੰਦੀ ਹੈ ਪਰ ਬੀਤੇ ਕਈ ਮਹੀਨਿਆਂ ਤੋਂ ਵਿਦੇਸ਼ਾਂ ਤੋਂ ਭਾਰਤੀ ਯਾਰਨ ਦੀ ਮੰਗ ਠੱਪ ਪਈ ਹੈ। ਇਹੀ ਕਾਰਣ ਹੈ ਭਾਰਤੀ ਰੂੰ ਬਾਜ਼ਾਰ 'ਚ ਪੈਸੇ ਦੀ ਵੱਡੀ ਤੰਗੀ ਦਾ। ਦੂਜੇ ਪਾਸੇ ਵਿਦੇਸ਼ਾਂ ਦੀ ਤੁਲਨਾ 'ਚ ਭਾਰਤੀ ਰੂੰ ਮਹਿੰਗੀ ਹੈ।

1 ਕਰੋੜ ਗੰਢ ਕਪਾਹ ਖਰੀਦਣ ਦਾ ਦਾਅਵਾ ਪਿਆ ਢਿੱਲਾ
ਕੱਪੜਾ ਮੰਤਰਾਲਾ ਦੇ ਅਦਾਰੇ ਕਾਟਨ ਕਾਰਪੋਰੇਸ਼ਨ ਆਫ ਇੰਡੀਆ (ਸੀ. ਸੀ. ਆਈ.) ਵੱਲੋਂ ਚਾਲੂ ਕਪਾਹ ਸੀਜ਼ਨ ਸਾਲ 2019-20 ਦੌਰਾਨ ਦੇਸ਼ 'ਚ 1 ਕਰੋੜ ਗੰਢ ਕਪਾਹ ਹੇਠਲੇ ਸਮਰਥਨ ਮੁੱਲ (ਐੱਮ. ਐੱਸ. ਸੀ.) 'ਤੇ ਖਰੀਦਣ ਦਾ ਵਾਰ-ਵਾਰ ਦਾਅਵਾ ਕੀਤਾ ਜਾ ਰਿਹਾ ਹੈ ਪਰ ਅਜੇ ਤੱਕ ਸੀ. ਸੀ. ਆਈ. ਨੇ ਆਪਣੇ ਪੂਰੇ ਪੱਤੇ ਨਹੀਂ ਖੋਲ੍ਹੇ ਹਨ। ਉੱਤਰੀ ਜ਼ੋਨ ਪੰਜਾਬ, ਹਰਿਆਣਾ ਅਤੇ ਰਾਜਸਥਾਨ 'ਚ ਲੱਖਾਂ ਗੰਢ ਕਪਾਹ ਮੰਡੀਆਂ 'ਚ ਆ ਚੁੱਕੀ ਹੈ ਪਰ ਸੀ. ਸੀ. ਆਈ. ਨੇ ਬਹੁਤ ਹੀ ਘੱਟ ਕਪਾਹ ਖਰੀਦੀ ਹੈ। ਸੀ. ਸੀ. ਆਈ. ਦਾ ਕਹਿਣਾ ਹੈ ਕਿ ਕਪਾਹ 'ਚ ਵੱਡੀ ਨਮੀ ਆ ਰਹੀ ਹੈ, ਜਿਸ ਕਾਰਣ ਕਪਾਹ ਉਨ੍ਹਾਂ ਦੇ ਮਾਪਦੰਡ ਤੋਂ ਬਾਹਰ ਹੈ। ਇਹੀ ਕਾਰਣ ਹੈ ਕਿ ਸੀ. ਸੀ. ਆਈ. ਕਪਾਹ ਘੱਟ ਖਰੀਦ ਰਹੀ ਹੈ।

ਹਰਿਆਣਾ 'ਚ ਗੁਜਰਾਤੀਆਂ ਦਾ ਦਬਦਬਾ
ਬੀਤੇ ਕਈ ਦਿਨਾਂ ਤੋਂ ਗੁਜਰਾਤ ਰੂੰ ਕਾਰੋਬਾਰੀਆਂ ਨੇ ਹਰਿਆਣਾ 'ਚ ਖਾਸ ਕਰ ਕੇ ਰੂੰ ਦੀ ਖਰੀਦਾਰੀ ਸ਼ੁਰੂ ਕਰ ਰੱਖੀ ਹੈ। ਇਹ ਕਾਰੋਬਾਰੀ ਬਾਜ਼ਾਰ 'ਚ ਕੈਸ਼ ਪੇਮੈਂਟ ਨਾਲ ਰੂੰ ਚੁੱਕ ਰਹੇ ਹਨ, ਜਦੋਂਕਿ ਉੱਤਰੀ ਖੇਤਰੀ ਸੂਬਿਆਂ ਦੀਆਂ ਕਈ ਮਿੱਲਾਂ 20 ਤੋਂ 30 ਦਿਨਾਂ ਤੱਕ ਰੂੰ ਦੀ ਪੇਮੈਂਟ ਕਰ ਰਹੀਆਂ ਹਨ। ਜ਼ਿਆਦਾਤਰ ਮਿੱਲਾਂ ਕੋਲ ਯਾਰਨ ਦੇ ਵੱਡੇ-ਵੱਡੇ ਗੋਦਾਮ ਭਰੇ ਹੋਏ ਹਨ, ਜਿਨ੍ਹਾਂ ਦੀ ਵਿਕਰੀ ਬੇਤਹਾਸ਼ਾ ਕਮਜ਼ੋਰ ਪੈਣ ਨਾਲ ਆਰਥਿਕ ਤੰਗੀ ਬਣੀ ਹੋਈ ਹੈ।

Karan Kumar

This news is Content Editor Karan Kumar