ਕੋਵਿਡ-19 ਟੀਕੇ ਕੰਮ ਕਰਨਗੇ ਜਾਂ ਨਹੀਂ, ਇਸ ਦੀ ਗਾਰੰਟੀ ਨਹੀਂ : WHO

09/23/2020 7:27:59 PM

ਵਾਸ਼ਿੰਗਟਨ—  ਵਿਸ਼ਵ ਭਰ 'ਚ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਅ ਲਈ ਵਿਕਸਤ ਕੀਤੇ ਜਾ ਰਹੇ ਟੀਕੇ ਬਣ ਵੀ ਜਾਣ ਤਾਂ ਵੀ ਇਨ੍ਹਾਂ ਦੀ ਕੋਈ ਗਾਰੰਟੀ ਨਹੀਂ ਹੈ। ਡਬਲਿਊ. ਐੱਚ. ਓ. ਦੇ ਮੁਖੀ ਟੈਡਰੋਸ ਨੇ ਕਿਹਾ ਕਿ ਵੱਡੇ ਪੱਧਰ 'ਤੇ ਟ੍ਰਾਇਲਾਂ 'ਚੋਂ ਲੰਘ ਰਹੇ ਇਹ ਟੀਕੇ ਕੰਮ ਕਰਨਗੇ ਜਾਂ ਨਹੀਂ ਅਜੇ ਕਿਹਾ ਨਹੀਂ ਜਾ ਸਕਦਾ ਹੈ।

ਡਬਲਿਊ. ਐੱਚ. ਓ. ਮੁਖੀ ਟੈਡਰੋਸ ਨੇ ਕਿਹਾ ਕਿ ਸਿਹਤ ਸੰਗਠਨ ਕੋਲ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਕੋਰੋਨਾ ਵਾਇਰਸ ਲਈ ਵਿਕਸਤ ਕੀਤੇ ਜਾ ਰਹੇ ਟੀਕਿਆਂ 'ਚੋਂ ਕੋਈ ਕੰਮ ਕਰੇਗਾ ਜਾਂ ਨਹੀਂ।

ਟੈਡਰੋਸ ਨੇ ਇਕ ਵਰਚੁਅਲ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਕੋਈ ਗਾਰੰਟੀ ਨਹੀਂ ਕਿ ਵਿਕਾਸ ਦੇ ਪੜਾਅ ਤੋਂ ਲੰਘਣ ਦੌਰਾਨ ਵੀ ਕੋਈ ਟੀਕਾ ਕੰਮ ਕਰੇਗਾ। ਹਾਲਾਂਕਿ ਉਨ੍ਹਾਂ ਕਿਹਾ ਕਿ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਟੀਕਿਆਂ ਦਾ ਪ੍ਰੀਖਣ ਕੀਤਾ ਜਾਵੇਗਾ ਇਕ ਬਿਹਤਰ ਅਤੇ ਪ੍ਰਭਾਵੀ ਟੀਕੇ ਦੇ ਵਿਕਾਸ 'ਚ ਇਹ ਓਨਾ ਹੀ ਵਧੀਆ ਹੋਵੇਗਾ। ਉਨ੍ਹਾਂ ਕਿਹਾ ਕਿ ਟੀਕੇ ਦੇ ਵਿਕਾਸ ਦਾ ਇਤਿਹਾਸ ਸਾਨੂੰ ਦੱਸਦਾ ਹੈ ਕਿ ਇਨ੍ਹਾਂ 'ਚੋਂ ਕੁਝ ਅਸਫਲ ਹੋਣਗੇ ਅਤੇ ਕੁਝ ਸਫਲ ਹੋਣਗੇ।

ਉਨ੍ਹਾਂ ਕਿਹਾ ਕਿ ਇਸ ਮਹਾਮਰੀ ਨਾਲ ਨਜਿੱਠਣ ਲਈ 200 ਟੀਕੇ ਵਿਕਸਿਤ ਕੀਤੇ ਜਾ ਰਹੇ ਹਨ। ਇਸ ਤੋਂ ਵੀ ਮਹੱਤਵਪੂਰਣ ਗੱਲ ਇਹ ਹੈ ਕਿ ਕੋਵਾਕਸ ਸੁਵਿਧਾ ਇਕ ਅਜਿਹਾ ਤੰਤਰ ਹੈ ਜੋ ਕੌਮਾਂਤਰੀ ਪੱਧਰ 'ਤੇ ਤਾਲਮੇਲ ਭੂਮਿਕਾ ਨਿਭਾਉਣ ਵਿਚ ਪ੍ਰਭਾਵੀ ਹੋਵੇਗਾ। ਉਨ੍ਹਾਂ ਨੇ ਸਾਰੇ ਦੇਸ਼ਾਂ ਨੂੰ ਯਾਦ ਦਿਵਾਉਂਦੇ ਹੋਏ ਕਿਹਾ ਕਿ ਕੋਵਿਡ-19 ਲਈ ਇਲਾਜ ਲੱਭਣ ਦੀ ਦੌੜ ਇਕ ਸਹਿਯੋਗ ਹੈ ਅਤੇ ਮੁਕਾਬਲਾ ਨਹੀਂ ਹੈ। ਜਿਵੇਂ ਕਿ ਦੇਸ਼ ਕੋਰੋਨਾ ਵਾਇਰਸ ਦਾ ਟੀਕਾ ਲੱਭਣ ਦੀ ਕੋਸ਼ਿਸ਼ 'ਚ ਅੱਗੇ ਵੱਧ ਰਹੇ ਹਨ, ਡਬਲਿਊ. ਐੱਚ. ਓ. ਦੇ ਮੁਖੀ ਨੇ ਰਾਸ਼ਟਰਾਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਲਈ ਟੀਕਾ ਲੱਭਣਾ ਹਰ ਦੇਸ਼ ਦੇ ਹਿੱਤ 'ਚ ਹੈ।

Sanjeev

This news is Content Editor Sanjeev