USA ''ਚ ਹੋਏ ਸਰਵੇ ਨੇ ਹੋਰ ਵਧਾਈ ਚਿੰਤਾ, ਕੋਰੋਨਾ ਨੇ ਖੜ੍ਹੀ ਕਰ ''ਤੀ ਇਹ ਮੁਸੀਬਤ

04/09/2020 8:20:05 AM

ਵਾਸ਼ਿੰਗਟਨ : ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਅਮਰੀਕਾ ਵਿਚ 4 ਲੱਖ ਤੋਂ ਪਾਰ ਹੋ ਗਈ ਹੈ ਅਤੇ 13 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚਕਾਰ ਇਕ ਸਰਵੇ ਨੇ ਚਿੰਤਾ ਹੋਰ ਵਧਾ ਦਿੱਤੀ ਹੈ, ਜਿਸ ਮੁਤਾਬਕ, ਇਕ ਚੌਥਾਈ ਅਮਰੀਕਨ ਜਾਂ ਤਾਂ ਆਪਣੀ ਨੌਕਰੀ ਗੁਆ ਚੁੱਕੇ ਹਨ ਜਾਂ ਕੋਰੋਨਾ ਵਾਇਰਸ ਸ਼ਟਡਾਊਨ ਕਾਰਨ ਉਨ੍ਹਾਂ ਦੀ ਤਨਖਾਹ ਵਿਚ ਕਟੌਤੀ ਹੋ ਗਈ ਹੈ। ਸੀ. ਐੱਨ. ਬੀ. ਸੀ. ਆਲ-ਅਮਰੀਕਾ ਆਰਥਿਕ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ। 

 

ਸਰਵੇਖਣ ਮੁਤਾਬਕ, 10 ਵਿਚੋਂ ਇਕ ਅਮਰੀਕੀ ਨੇ ਕਿਹਾ ਕਿ ਉਹ ਆਪਣੀ ਨੌਕਰੀ ਗੁਆ ਚੁੱਕੇ ਹਨ ਤੇ 16 ਫੀਸਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਸ਼ਟਡਾਊਨ ਕਾਰਨ ਉਨ੍ਹਾਂ ਦੀ ਤਨਖਾਹ ਘਟਾ ਦਿੱਤੀ ਗਈ ਹੈ। ਇਸ ਸੰਕਟ ਵਿਚਕਾਰ ਬਹੁਤ ਸਾਰੇ ਅਮਰੀਕੀ ਆਸ਼ਾਵਾਦੀ ਵੀ ਦਿਸੇ ਕਿ ਅਗਲੇ ਸਾਲ ਅਰਥਵਿਵਸਥਾ ਵਾਪਸ ਪਟੜੀ 'ਤੇ ਆਵੇਗੀ।


ਸੀ. ਐੱਨ. ਬੀ. ਸੀ. ਨੇ ਸ਼ੁੱਕਰਵਾਰ ਤੋਂ ਸੋਮਵਾਰ ਵਿਚਕਾਰ ਅਮਰੀਕਾ ਭਰ ਵਿਚ 800 ਲੋਕਾਂ 'ਤੇ ਇਹ ਸਰਵੇ ਕੀਤਾ। ਇਸ ਸਰਵੇ ਮੁਤਾਬਕ, 3 ਸਾਲ ਵਿਚ ਪਹਿਲੀ ਵਾਰ ਟਰੰਪ ਦੀ ਰੇਟਿੰਗ ਵਿਚ ਸੁਧਾਰ ਆਇਆ ਹੈ। ਉਨ੍ਹਾਂ 'ਤੇ 46 ਫੀਸਦੀ ਲੋਕਾਂ ਨੇ ਵਿਸ਼ਵਾਸ ਜਤਾਇਆ ਹੈ। ਪਿਛਲੇ ਸਾਲ ਦਸੰਬਰ ਵਿਚ ਸਿਰਫ 40 ਫੀਸਦੀ ਲੋਕਾਂ ਨੇ ਟਰੰਪ ਨੂੰ ਪਸੰਦ ਕੀਤਾ ਸੀ। ਉੱਥੇ ਹੀ ਇਕਾਨੋਮੀ ਨੂੰ ਲੈ ਕੇ 49 ਫੀਸਦੀ ਨੇ ਕਿਹਾ ਕਿ ਅਗਲੇ ਕੁਝ ਮਹੀਨਿਆਂ ਵਿਚ ਅਰਥਵਿਵਸਥਾ ਆਮ ਵਾਂਗ ਹੋ ਜਾਵੇਗੀ, ਜਦੋਂ ਕਿ 26 ਫੀਸਦੀ ਨੇ ਕਿਹਾ ਕਿ ਅਗਲੇ ਸਾਲ ਤਕ ਸੁਧਾਰ ਹੋਣ ਦੀ ਸੰਭਾਵਨਾ ਹੈ। ਸਿਰਫ 6 ਫੀਸਦੀ ਮੰਨਦੇ ਹਨ ਕਿ ਇਕ ਸਾਲ ਤੋਂ ਵੀ ਜ਼ਿਆਦਾ ਸਮਾਂ ਲੱਗੇਗਾ। ਜ਼ਿਕਰਯੋਗ ਹੈ ਕਿ USA ਵਿਚ ਕੋਰੋਨਾ ਵਾਇਰਸ ਕਾਰਨ ਸਭ ਤੋਂ ਪ੍ਰਭਾਵਿਤ ਨਿਊਯਾਰਕ ਹੈ, ਜਿੱਥੇ 5,563 ਮੌਤਾਂ ਹੋ ਚੁੱਕੀਆਂ ਹਨ।

Sanjeev

This news is Content Editor Sanjeev