ਕੋਰੋਨਾ ਵਾਇਰਸ ਕਾਰਨ ਅਰਥਵਿਵਸਥਾ ਨੂੰ ਲੱਗ ਸਕਦੈ ਝਟਕਾ, ਮਾਲੀਆ ਕਲੈਕਸ਼ਨ 'ਚ ਪਿਛੜ ਸਕਦੀ ਹੈ ਸਰਕਾਰ

03/13/2020 2:46:03 PM

ਨਵੀਂ ਦਿੱਲੀ — ਕੋਰੋਨਾ ਵਾਇਰਸ ਦੇ ਫੈਲਣ ਕਾਰਨ ਸਰਕਾਰ ਚਾਲੂ ਵਿੱਤੀ ਸਾਲ 'ਚ ਮਾਲੀਆ ਕੁਲੈਕਸ਼ਨ ਦੇ ਟੀਚੇ ਨੂੰ ਹਾਸਲ ਕਰਨ 'ਚ ਪਿਛੜ ਸਕਦੀ ਹੈ। ਇਸ ਮਹਾਂਮਾਰੀ ਕਾਰਨ ਮੰਗ ਅਤੇ ਆਰਥਿਕ ਗਤੀਵਿਧੀਆਂ ਸੁਸਤ ਪੈਣਗੀਆਂ, ਜਿਸ ਕਾਰਨ ਅਗਲੇ ਵਿੱਤੀ ਸਾਲ ਯਾਨੀ ਕਿ 2020-21 'ਚ ਵੀ ਸਰਕਾਰ ਲਈ ਮਾਲੀਆ ਕੁਲੈਕਸ਼ਨ ਦੇ ਟੀਚੇ ਨੂੰ ਹਾਸਲ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ। ਭਾਰਤੀ ਅਰਥਵਿਵਸਥਾ ਦੀ ਵਾਧਾ ਦਰ ਪਹਿਲਾਂ ਹੀ 11 ਸਾਲ ਦੇ ਹੇਠਲੇ ਪੱਧਰ 'ਤੇ ਆ ਚੁੱਕੀ ਹੈ। ਅਜਿਹੇ 'ਚ ਕੋਰੋਨਾ ਵਾਇਰਸ ਕਾਰਨ ਸਰਕਾਰ ਨੇ ਵੀਜ਼ੇ 'ਤੇ ਰੋਕ ਲਗਾ ਦਿੱਤੀ ਹੈ ਜਿਸ ਨਾਲ ਸੈਰ-ਸਪਾਟਾ ਉਦਯੋਗ ਅਤੇ ਹੋਟਲ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।

ਇਕ ਅਧਿਕਾਰੀ ਨੇ ਕਿਹਾ ਕਿ ਕੋਰੋਨਾਵਾਇਰਸ ਦਾ ਅਸਰ ਜੂਨ ਦੇ ਆਖਿਰ ਤੱਕ ਬਣੇ ਰਹਿਣ ਦਾ ਖਦਸ਼ਾ ਹੈ। ਇਸ ਨਾਲ ਵਿਨਿਵੇਸ਼ ਅਤੇ ਟੈਕਸ ਕੁਲੈਕਸ਼ਨ ਵਿਚ ਗਾਰਵਟ ਆਵੇਗੀ। ਹਾਲਾਂਕਿ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਜ਼ੋਰਦਾਰ ਗਿਰਾਵਟ ਨਾਲ ਚਾਲੂ ਵਿੱਤੀ ਸਾਲ 'ਚ ਮਾਲੀਆ ਨੁਕਸਾਨ ਦੀ ਕੁਝ ਭਰਪਾਈ ਹੋ ਸਕੇਗੀ। ਅਧਿਕਾਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਨਾਲ ਚਾਲੂ ਖਾਤੇ ਦਾ ਘਾਟਾ(ਕੈਡ) ਘੱਟ ਹੋਵੇਗਾ ਅਤੇ ਮੁਦਰਾਸਫੀਤੀ ਵੀ ਹੇਠਾਂ ਆਵੇਗੀ, ਪਰ ਆਰਥਿਕ ਗਤੀਵਿਧੀਆਂ 'ਚ ਕਮੀ ਕਾਰਨ ਟੈਕਸ ਕੁਲੈਕਸ਼ਨ ਘਟੇਗਾ।

ਹਾਲਾਂਕਿ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਨਾਲ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ(ਬੀ.ਪੀ.ਸੀ.ਐਲ.) ਦੀ ਰਣਨੀਤਿਕ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ। ਪਿਛਲੇ ਇਕ ਮਹੀਨੇ ਦੌਰਾਨ ਕੰਪਨੀ ਦੇ ਬਾਜ਼ਾਰ ਪੂੰਜੀਕਰਨ ਵਿਚ ਭਾਰੀ ਗਿਰਾਵਟ ਆਈ ਹੈ। ਸਾਊਦੀ ਅਰਬ ਅਤੇ ਰੂਸ ਵਿਚਕਾਰ ਸਪਲਾਈ ਸੀਮਤ ਕਰਨ ਲਈ ਸਹਿਯੋਗ ਦੀ ਸਥਿਤੀ ਟੁੱਟਣ ਨਾਲ ਗਲੋਬਲ ਪੱਧਰ 'ਤੇ ਕੱਚੇ ਤੇਲ ਦੇ ਭਾਅ 20 ਫੀਸਦੀ ਘੱਟ ਕੇ 35 ਡਾਲਰ ਪ੍ਰਤੀ ਬੈਰਲ 'ਤੇ ਆ ਗਏ ਹਨ।

ਇਸ ਤੋਂ ਇਲਾਵਾ ਕੋਰੋਨਾ ਵਾਇਰਸ ਕਾਰਨ ਸੀ.ਪੀ.ਐਸ.ਈ. ਦੀ ਵਿਨਿਵੇਸ਼ ਯੋਜਨਾ 'ਤੇ ਵੀ ਅਸਰ ਪਿਆ ਹੈ ਕਿਉਂਕਿ ਅੰਤਰਰਾਸ਼ਟਰੀ ਪੱਧਰ 'ਤੇ ਰੋਡ ਸ਼ੋਅ ਰੋਕਣਾ ਪਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ ਵੀਰਵਾਰ ਨੂੰ 2,919.26 ਅੰਕ ਯਾਨੀ ਕਿ 8.18 ਫੀਸਦੀ ਟੁੱਟ ਕੇ 32,778.14 ਅੰਕ 'ਤੇ ਆ ਗਿਆ। ਇਹ ਸੈਂਸੈਕਸ ਦੇ ਇਤਿਹਾਸ 'ਚ ਇਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਹੈ।

ਸਰਕਾਰ ਨੇ ਬਜਟ 'ਚ ਵਿਨਿਵੇਸ਼ ਨਾਲ 65,000 ਕਰੋੜ ਰੁਪਏ ਇਕੱਠੇ ਕਰਨ ਦਾ ਅਨੁਮਾਨ ਲਗਾਇਆ ਸੀ। ਹੁਣ ਤੱਕ ਸਰਕਾਰ ਵਿਨਿਵੇਸ਼ ਨਾਲ 35,000 ਕਰੋੜ ਰੁਪਏ ਹੀ ਇਕੱਠੇ ਕਰ ਸਕੀਂਂ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਚਾਲੂ ਵਿੱਤੀ ਸਾਲ 'ਚ ਵਿਨਿਵੇਸ਼ ਨਾਲ ਮਾਲੀਆ ਟੀਚੇ ਤੋਂ 15,000 ਤੋਂ 20,000 ਕਰੋੜ ਰੁਪਏ ਘੱਟ ਰਹਿ ਸਕਦਾ ਹੈ। ਸਰਕਾਰ ਨੇ ਇਸ ਸਾਲ 31 ਜਨਵਰੀ ਤੱਕ 7.52 ਲੱਖ ਕਰੋੜ ਰੁਪਏ ਦਾ ਡਾਇਰੈਕਟ ਟੈਕਸ ਕੁਲੈਕਸ਼ਨ ਕੀਤਾ ਹੈ। 

ਸੋਧੇ ਅਨੁਮਾਨ ਅਨੁਸਾਰ ਪ੍ਰਤੱਖ ਟੈਕਸ ਕੁਲੈਕਸ਼ਨ 11.70 ਲੱਖ ਕਰੋੜ ਰਹਿਣ ਦਾ ਟੀਚਾ ਰੱਖਿਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਅਜੇ 2020-21 ਲਈ ਆਪਣੀ ਆਰਥਿਕ ਵਾਧਾ ਦਰ ਨੂੰ 6 ਤੋਂ 6.5 ਫੀਸਦੀ 'ਤੇ ਹੀ ਕਾਇਮ ਰੱਖ ਰਹੀ ਹੈ। ਚਾਲੂ ਵਿੱਤੀ ਸਾਲ 'ਚ ਇਸ ਦੇ ਪੰਜ ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਦੇਸ਼ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਸੰਖਿਆ ਵਧ ਕੇ 73 ਹੋ ਗਈ ਹੈ।

ਇਹ ਖਾਸ ਖਬਰ ਵੀ ਜ਼ਰੂਰ ਪੜ੍ਹੋ : ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨ ਧਾਰਕਾਂ ਲਈ ਸਰਕਾਰ ਦਾ ਵੱਡਾ ਤੋਹਫਾ, ਵਧਿਆ ਮਹਿੰਗਾਈ ਭੱਤਾ