ਟਰੱਕ ਦਾ ਕਲੇਮ ਨਾ ਦੇਣ ''ਤੇ ਇੰਸ਼ੋਰੈਂਸ ਕੰਪਨੀ ਨੂੰ 18 ਲੱਖ ਜੁਰਮਾਨਾ

12/15/2019 7:42:59 AM

ਦੁਰਗ— ਚੋਰੀ ਹੋਏ ਟਰੱਕ ਦਾ ਕਲੇਮ ਨਾ ਦੇਣਾ ਬੀਮਾ ਕੰਪਨੀ ਨੂੰ ਮਹਿੰਗਾ ਪੈ ਗਿਆ। ਖਪਤਕਾਰ ਫੋਰਮ ਨੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਨੂੰ ਸੇਵਾ ’ਚ ਕਮੀ ਦਾ ਜ਼ਿੰਮੇਵਾਰ ਠਹਿਰਾਉਂਦਿਆਂ 18.02 ਲੱਖ ਰੁਪਏ ਹਰਜਾਨਾ ਦੇਣ ਦਾ ਹੁਕਮ ਦਿੱਤਾ ਹੈ।

 

ਕੀ ਹੈ ਮਾਮਲਾ
ਸ਼ਿਕਾਇਤਕਰਤਾ ਔਰਤ ਗੁਰਮੀਤ ਕੌਰ ਨੇ ਆਪਣੇ ਟਰੱਕ (ਨੰ. ਸੀ ਜੀ 07 ਸੀ ਏ 7253) ਦਾ ਨੈਸ਼ਨਲ ਇੰਸ਼ੋਰੈਂਸ ਕੰਪਨੀ ਤੋਂ ਬੀਮਾ ਕਰਵਾਇਆ। ਡਰਾਈਵਰ ਦੇ ਛੁੱਟੀ ’ਤੇ ਹੋਣ ਕਾਰਣ ਉਸਨੇ ਦੂਜੇ ਡਰਾਈਵਰ ਸੁਰਿੰਦਰ ਕੁਮਾਰ ਪਾਠਕ ਨੂੰ ਆਪਣੇ ਟਰੱਕ ’ਚ ਕੋਲਾ ਲੈ ਕੇ ਨਵੰਬਰ 2016 ’ਚ ਮਹਾਰਾਸ਼ਟਰ ਭੇਜਿਆ। ਸਾਮਾਨ ਦੀ ਡਲਿਵਰੀ ਤੋਂ ਬਾਅਦ ਡਰਾਈਵਰ ਟਰੱਕ ਸਮੇਤ ਗਾਇਬ ਹੋ ਗਿਆ, ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਥਾਣੇ ’ਚ ਡਰਾਈਵਰ ਸੁਰਿੰਦਰ ਕੁਮਾਰ ਖਿਲਾਫ ਟਰੱਕ ਚੋਰੀ ਦੀ ਐੱਫ. ਆਈ. ਆਰ. ਦਰਜ ਕਰਵਾਈ। ਸ਼ਿਕਾਇਤਕਰਤਾ ਨੇ ਬੀਮਾ ਕੰਪਨੀ ਨੂੰ ਪੂਰੇ ਦਸਤਾਵੇਜ਼ਾਂ ਸਮੇਤ ਸੂਚਨਾ ਦੇ ਕੇ ਕਲੇਮ ਲਈ ਅਪਲਾਈ ਕੀਤਾ। ਸ਼ੁਰੂ ’ਚ ਕੰਪਨੀ ਉਸ ਨੂੰ ਟਾਲਦੀ ਰਹੀ ਅਤੇ ਅਖੀਰ ’ਚ ਬੀਮਾ ਰਾਸ਼ੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖਪਤਕਾਰ ਫੋਰਮ ’ਚ ਬੀਮਾ ਕੰਪਨੀ ਖਿਲਾਫ ਸ਼ਿਕਾਇਤ ਦਰਜ ਕਰਵਾਈ। ਸੁਣਵਾਈ ਦੌਰਾਨ ਬੀਮਾ ਕੰਪਨੀ ਨੇ ਫੋਰਮ ਨੂੰ ਕਿਹਾ ਕਿ ਡਰਾਈਵਰ ਕੋਲ ਜਾਇਜ਼ ਲਾਇਸੈਂਸ ਨਹੀਂ ਸੀ ਅਤੇ ਇਹ ਬੀਮਾ ਪਾਲਿਸੀ ਦੇ ਨਿਯਮ ਦੇ ਖਿਲਾਫ ਹੈ, ਇਸ ਲਈ ਕੰਪਨੀ ਬੀਮਾ ਰਾਸ਼ੀ ਦੇਣ ਲਈ ਪਾਬੰਦ ਨਹੀਂ ਹੈ।

ਇਹ ਕਿਹਾ ਫੋਰਮ ਨੇ
ਮਾਮਲੇ ਦੀ ਸੁਣਵਾਈ ਕਰਦਿਆਂ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਜ਼ਿਲਾ ਖਪਤਕਾਰ ਫੋਰਮ ਦੇ ਮੈਂਬਰ ਰਾਜੇਂਦਰ ਉਪਾਧਿਆਏ ਅਤੇ ਲਤਾ ਚੰਦਰਾਕਰ ਨੇ ਬੀਮਾ ਕੰਪਨੀ ਨੂੰ ਸੇਵਾ ’ਚ ਕਮੀ ਦਾ ਜ਼ਿੰਮੇਵਾਰ ਪਾਇਆ। ਫੋਰਮ ਨੇ ਬੀਮਾ ਕੰਪਨੀ ਦੇ ਦਾਅਵੇ ਨੂੰ ਖਾਰਿਜ ਕਰ ਦਿੱਤਾ ਅਤੇ ਕੰਪਨੀ ’ਤੇ 18.02 ਲੱਖ ਰੁਪਏ ਦਾ ਜੁਰਮਾਨਾ ਲਾਇਆ। ਜਿਸ ’ਚ ਵਾਹਨ ਦਾ ਬੀਮਿਤ ਮੁੱਲ 17 ਲੱਖ 50 ਹਜ਼ਾਰ ਰੁਪਏ, ਮਾਨਸਿਕ ਅਤੇ ਆਰਥਿਕ ਨੁਕਸਾਨਪੂਰਤੀ ਲਈ 50,000 ਰੁਪਏ ਅਤੇ ਅਦਾਲਤੀ ਖ਼ਰਚੇ ਦੇ 2000 ਰੁਪਏ ਅਦਾ ਕਰਨ ਦਾ ਹੁਕਮ ਦਿੱਤਾ।