ਗਾਰੰਟੀ ਪੀਰੀਅਡ ’ਚ ਵਾਸ਼ਿੰਗ ਮਸ਼ੀਨ ਹੋਈ ਖ਼ਰਾਬ, ਕੰਪਨੀ ਦੇਵੇਗੀ ਜੁਰਮਾਨਾ

01/12/2020 9:56:09 AM

ਸਿਰੋਹੀ— ਜ਼ਿਲਾ ਖਪਤਕਾਰ ਫੋਰਮ ਨੇ ਗਾਰੰਟੀ ਪੀਰੀਅਡ ਖਤਮ ਹੋਣ ਤੋਂ ਪਹਿਲਾਂ ਵਾਸ਼ਿੰਗ ਮਸ਼ੀਨ ਖ਼ਰਾਬ ਹੋਣ ’ਤੇ ਨਿਰਮਾਤਾ ਕੰਪਨੀ ਨੂੰ 29,000 ਰੁਪਏ ਜੁਰਮਾਨਾ ਦੇਣ ਦਾ ਹੁਕਮ ਦਿੱਤਾ ਹੈ।

 

ਕੀ ਹੈ ਮਾਮਲਾ
ਸ਼ਿਕਾਇਤਕਰਤਾ ਕਨ੍ਹੱਈਆ ਲਾਲ ਮਾਲੀ ਨੇ ਨਿੱਜੀ ਇਲੈਕਟ੍ਰਾਨਿਕ ਕੰਪਨੀ ਤੋਂ ਵਾਸ਼ਿੰਗ ਮਸ਼ੀਨ ਖਰੀਦੀ ਸੀ, ਜਿਸ ਦੀ ਇਕ ਸਾਲ ਦੀ ਗਾਰੰਟੀ ਅਤੇ 9 ਸਾਲ ਦੀ ਵਾਰੰਟੀ ਦੱਸੀ ਗਈ ਸੀ ਪਰ ਕੁਝ ਸਮੇਂ ਬਾਅਦ ਹੀ ਯਾਨੀ ਗਰੰਟੀ ਪੀਰੀਅਡ ਖਤਮ ਹੋਣ ਤੋਂ ਪਹਿਲਾਂ ਹੀ ਵਾਸ਼ਿੰਗ ਮਸ਼ੀਨ ਖ਼ਰਾਬ ਹੋ ਗਈ। ਇਸ ’ਤੇ ਕਨ੍ਹੱਈਆ ਲਾਲ ਨੇ ਨਿਰਮਾਤਾ ਕੰਪਨੀ ਨੂੰ ਸ਼ਿਕਾਇਤ ਕੀਤੀ ਅਤੇ ਟੈਕਨੀਸ਼ੀਅਨ ਭੇਜਣ ਲਈ ਕਿਹਾ ਪਰ ਕਾਫ਼ੀ ਸਮੇਂ ਤੱਕ ਉਹ ਨਹੀਂ ਆਇਆ। ਇਸ ਤੋਂ ਬਾਅਦ ਕਸਟਮਰ ਕੇਅਰ ’ਚ ਇਸ ਦੀ ਸ਼ਿਕਾਇਤ ਕੀਤੀ ਗਈ, ਜਿਸ ’ਤੇ ਟੈਕਨੀਸ਼ੀਅਨ ਨੇ ਠੀਕ ਨਾ ਹੋਣ ਦਾ ਹਵਾਲਾ ਦਿੰਦਿਆਂ ਮਸ਼ੀਨ ਸਿਰੋਹੀ ਸਥਿਤ ਕੇਅਰ ਸੈਂਟਰ ’ਚ ਰਖਵਾ ਦਿੱਤੀ ਪਰ ਗਾਰੰਟੀ ਮਿਆਦ ’ਚ ਹੋਣ ਦੇ ਬਾਵਜੂਦ ਨਵੀਂ ਮਸ਼ੀਨ ਉਪਲੱਬਧ ਨਹੀਂ ਕਰਵਾਈ। ਕੰਪਨੀ ਨੇ ਨਵੀਂ ਮਸ਼ੀਨ ਨਾ ਦੇ ਕੇ ਮਸ਼ੀਨ ਦੀ ਰਾਸ਼ੀ ਦੀ 50 ਫ਼ੀਸਦੀ ਰਕਮ ਵਾਪਸੀ ਲਈ ਪ੍ਰਸਤਾਵ ਰੱਖਿਆ। ਇਸ ’ਤੇ ਕਨ੍ਹੱਈਆ ਲਾਲ ਨੇ ਖਪਤਕਾਰ ਹਿਫਾਜ਼ਤ ਫੋਰਮ ’ਚ ਸ਼ਿਕਾਇਤ ਦਰਜ ਕੀਤੀ।

ਇਹ ਕਿਹਾ ਫੋਰਮ ਨੇ
ਜ਼ਿਲਾ ਖਪਤਕਾਰ ਫੋਰਮ ਦੇ ਪ੍ਰਧਾਨ ਪ੍ਰਿਥਵੀਰਾਜ ਸ਼ਰਮਾ, ਮੈਂਬਰ ਰੋਹਿਤ ਖੱਤਰੀ ਅਤੇ ਉੱਜਵਲ ਸਾਂਖਲਾ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਨੂੰ ਸੇਵਾ ’ਚ ਕਮੀ ਦਾ ਮਾਮਲਾ ਦੱਸਦਿਆਂ ਜਾਵਾਲ ਇਲੈਕਟ੍ਰਾਨਿਕਸ, ਜਾਵਾਲ ਅਤੇ ਸੈਮਸੰਗ ਇੰਡੀਆ ਇਲੈਕਟ੍ਰਾਨਿਕਸ ਪ੍ਰਾਈਵੇਟ ਲਿ. ਜੈਪੁਰ ਨੂੰ ਇਕ ਮਹੀਨੇ ’ਚ ਵਾਸ਼ਿੰਗ ਮਸ਼ੀਨ ਦੀ ਰਾਸ਼ੀ 19,000 ਰੁਪਏ, ਮਾਨਸਿਕ ਪ੍ਰੇਸ਼ਾਨੀ ਲਈ 5,000 ਅਤੇ ਅਦਾਲਤੀ ਖ਼ਰਚੇ ਦੇ ਰੂਪ ’ਚ 5,000 ਰੁਪਏ ਦੇਣ ਦੇ ਹੁਕਮ ਦਿੱਤੇ ਹਨ।