ਹੁਣ DTH ਲਈ ਵੀ ਹੋਵੇਗੀ KYC, ਲਾਗੂ ਹੋ ਸਕਦਾ ਹੈ ਨਵਾਂ ਨਿਯਮ

07/20/2019 1:27:54 PM

ਨਵੀਂ ਦਿੱਲੀ— ਡਾਇਰੈਕਟ-ਟੂ-ਹੋਮ (ਡੀ. ਟੀ. ਐੱਚ.) ਬਾਕਸ ਲਈ ਵੀ ਹੁਣ 'ਗਾਹਕ ਨੂੰ ਜਾਣੋ (KYC)' ਨਿਯਮ, ਯਾਨੀ ਵੋਟਰ ਕਾਰਡ ਜਾਂ ਹੋਰ ਇਸ ਤਰ੍ਹਾਂ ਦਾ ਪਛਾਣ ਸਬੂਤ ਦੇਣਾ ਲਾਜ਼ਮੀ ਹੋ ਸਕਦਾ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲਾ ਮਗਰੋਂ ਟਰਾਈ ਨੇ ਇਸ ਲਈ ਸਲਾਹ ਮਸ਼ਵਰਾ ਪੇਪਰ ਜਾਰੀ ਕਰ ਦਿੱਤਾ ਹੈ, ਜਿਸ 'ਤੇ ਸੰਬੰਧਤ ਪੱਖਾਂ ਦੀ ਰਾਇ ਮੰਗੀ ਗਈ ਹੈ। ਇਸ 'ਤੇ ਸਭ ਦੀ ਸਹਿਮਤੀ ਬਣਦੀ ਹੈ ਤਾਂ ਤੁਹਾਨੂੰ ਡੀ. ਟੀ. ਐੱਚ. ਬਾਕਸ ਲਈ KYC ਕਰਵਾਉਣੀ ਹੋਵੇਗੀ।

 

 

ਜਾਣਕਾਰੀ ਮੁਤਾਬਕ, 27 ਦਸੰਬਰ 2018 ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਵੱਲੋਂ ਟੈਲੀਕਾਮ ਰੈਗੂਲੇਟਰੀ ਅਥਾਰਟੀ (ਟਰਾਈ) ਨੂੰ ਇਸ ਸੰਬੰਧੀ ਹੁਕਮ ਮਿਲੇ ਸਨ, ਜਿਸ 'ਚ ਉਸ ਨੂੰ ਡੀ. ਟੀ. ਐੱਚ. ਸੈੱਟ-ਟਾਪ ਬਾਕਸ ਲਈ KYC ਕਰਵਾਉਣ ਨੂੰ ਲੈ ਕੇ ਸਿਫਾਰਸ਼ਾਂ ਦੇਣ ਨੂੰ ਕਿਹਾ ਗਿਆ ਸੀ। ਮੰਤਰਾਲਾ ਨੇ ਕਿਹਾ ਸੀ ਕਿ ਜੇਕਰ ਇਹ ਹੋ ਸਕਦਾ ਹੈ ਤਾਂ ਇਸ ਦੇ ਪ੍ਰੋਸੈੱਸ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਡੀ. ਟੀ. ਐੱਚ. ਪ੍ਰਸਾਰਣ ਸਰਵਿਸ 2001 'ਚ ਸ਼ੁਰੂ ਹੋਈ ਸੀ ਅਤੇ 15 ਮਾਰਚ ਨੂੰ ਸਰਕਾਰ ਨੇ ਭਾਰਤ 'ਚ ਡਾਇਰੈਕਟ-ਟੂ-ਹੋਮ ਪ੍ਰਸਾਰਣ ਸੇਵਾਵਾਂ ਲਈ ਲਾਇੰਸੈਂਸ ਜਾਰੀ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ। ਟਰਾਈ ਨੇ ਪੇਪਰ 'ਚ ਜਿਨ੍ਹਾਂ ਸਵਾਲਾਂ 'ਤੇ ਰਾਇ ਮੰਗੀ ਹੈ, ਉਨ੍ਹਾਂ 'ਚ ਇਕ ਸਵਾਲ ਇਹ ਹੈ ਕਿ ਡਾਇਰੈਕਟ-ਟੂ-ਹੋਮ ਸੈੱਟ-ਟਾਪ ਬਾਕਸ ਲਈ KYC ਕਰਵਾਉਣ ਦੀ ਜ਼ਰੂਰਤ ਹੈ? ਡੀ. ਟੀ. ਐੱਚ. ਲਾਉਣ ਸਮੇਂ ਸਿਰਫ ਇਕ ਵਾਰ KYC ਜ਼ਰੂਰੀ ਹੈ ਜਾਂ ਸਹੀ ਜਗ੍ਹਾ ਦਾ ਪਤਾ ਲਾਉਣ ਲਈ ਕੁਝ ਸਮੇਂ ਬਾਅਦ ਫਿਰ ਤੋਂ ਇਹ ਹੋਣੀ ਚਾਹੀਦੀ ਹੈ। ਕੀ ਮੌਜੂਦਾ ਸੈੱਟ-ਟਾਪ ਬਾਕਸ ਦੀ KYC ਵੀ ਕਰਨੀ ਚਾਹੀਦੀ ਹੈ? ਇਨ੍ਹਾਂ ਸਵਾਲਾਂ 'ਤੇ ਸੰਬੰਧਤ ਪੱਖਾਂ ਨੂੰ 19 ਅਗਸਤ ਤਕ ਰਾਇ ਦੇਣੀ ਹੋਵੇਗੀ।