ਗਰਮੀ ਦਾ 'ਪਾਰਾ' ਚੜ੍ਹਨ ਤੋਂ ਪਹਿਲਾਂ 'ਡ੍ਰਿੰਕਸ' ਦੇ ਸ਼ੌਕੀਨਾਂ ਨੂੰ ਵੱਡਾ ਝਟਕਾ

02/25/2020 9:58:39 AM

ਨਵੀਂ ਦਿੱਲੀ— ਕੋਲਡ ਡ੍ਰਿੰਕਸ ਦੇ ਸ਼ੌਕੀਨ ਹੋ ਤਾਂ ਜੇਬ ਢਿੱਲੀ ਕਰਨ ਲਈ ਤਿਆਰ ਹੋ ਜਾਓ ਕਿਉਂਕਿ ਕੰਪਨੀਆਂ ਨੇ ਕਾਫੀ ਲੰਮੇ ਸਮੇਂ ਪਿੱਛੋਂ ਕੀਮਤਾਂ 'ਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ।

ਕੋਕਾ-ਕੋਲਾ ਤੇ ਪੈਪਸੀਕੋ ਗਰਮੀ ਦਾ ਪਾਰਾ ਚੜ੍ਹਨ ਤੋਂ ਪਹਿਲਾਂ ਕੀਮਤਾਂ 'ਚ 6 ਤੋਂ 14 ਫੀਸਦੀ ਤੱਕ ਦਾ ਵਾਧਾ ਕਰਨ ਦੀ ਤਿਆਰੀ ਕਰ ਰਹੀਆਂ ਹਨ। ਲਗਭਗ 6 ਸਾਲਾਂ 'ਚ ਇਹ ਪਹਿਲੀ ਵਾਰ ਹੋਵੇਗਾ। ਭਾਰਤ 'ਚ ਇਨ੍ਹਾਂ ਦੋਹਾਂ ਦੀ ਕੋਲਡ ਡ੍ਰਿੰਕਸ ਬਾਜ਼ਾਰ 'ਚ 80 ਫੀਸਦੀ ਹਿੱਸੇਦਾਰੀ ਹੈ।
 

ਸੂਤਰਾਂ ਮੁਤਾਬਕ, ਕੋਕਾ-ਕੋਲਾ, ਥਮਸ ਅੱਪ, ਸਪ੍ਰਾਈਟ, ਪੈਪਸੀ ਕੋਲਾ ਅਤੇ 7ਅੱਪ ਦੀਆਂ 600 ਮਿਲੀਲੀਟਰ ਬੋਤਲਾਂ ਦੀ ਕੀਮਤ 'ਚ 8.6 ਫੀਸਦੀ ਤੱਕ ਦਾ ਵਾਧਾ ਹੋਵੇਗਾ। ਮਾਊਂਟੇਨ ਡਿਊ ਵਰਗੇ ਕੁਝ ਬਰਾਂਡ ਦੀਆਂ ਕੀਮਤਾਂ 'ਚ 14.3 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਇਸੇ ਤਰ੍ਹਾਂ ਦੋ ਲੀਟਰ ਵਾਲੀ ਬੋਤਲ ਵੀ ਮਹਿੰਗੀ ਹੋ ਸਕਦੀ ਹੈ। ਉੱਥੇ ਹੀ, ਦਿੱਲੀ 'ਚ 1.25 ਲੀਟਰ ਵਾਲੀ ਬੋਤਲ ਹੁਣ 60 ਰੁਪਏ ਦੀ ਬਜਾਏ 65 ਰੁਪਏ 'ਚ ਮਿਲੇਗੀ। 200 ਤੇ 300 ਮਿਲੀਲੀਟਰ ਮਾਤਰਾ ਵਾਲੀ ਬੋਤਲ ਦੀ ਕੀਮਤ 12 ਤੇ 15 ਰੁਪਏ ਬਰਕਰਾਰ ਰਹੇਗੀ।
ਜ਼ਿਕਰਯੋਗ ਹੈ ਕਿ 2017 'ਚ ਜੀ. ਐੱਸ. ਟੀ. ਲਾਗੂ ਹੋਣ ਤੋਂ ਪਿੱਛੋਂ ਵੀ ਇਨ੍ਹਾਂ ਕੰਪਨੀਆਂ ਨੇ ਕੀਮਤਾਂ 'ਚ ਵਾਧਾ ਨਹੀਂ ਕੀਤਾ ਸੀ। ਹਾਲਾਂਕਿ, ਟੈਕਸ 'ਚ ਵਾਧਾ ਹੋਣ ਨਾਲ ਇਨ੍ਹਾਂ ਕੰਪਨੀਆਂ ਦਾ ਮੁਨਾਫਾ ਜ਼ਰੂਰ ਘਟਣ ਲੱਗਾ ਸੀ। ਉਦਾਹਰਣ ਦੇ ਤੌਰ 'ਤੇ ਕੋਕਾ-ਕੋਲਾ ਦੀ ਇਕਾਈ ਹਿੰਦੋਸਤਾਨ ਕੋਕਾ-ਕੋਲਾ ਬੇਵਰਿਜੇਜ਼ ਨੂੰ 2017-18 'ਚ 118 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਇਨ੍ਹਾਂ ਕੰਪਨੀਆਂ ਨੇ 6 ਸਾਲ ਪਹਿਲਾਂ ਯਾਨੀ ਸਾਲ 2014 'ਚ ਕੀਮਤਾਂ 'ਚ ਵਾਧਾ ਕੀਤਾ ਸੀ, ਜਦੋਂ ਖੰਡ ਕੀਮਤਾਂ 'ਚ ਭਾਰੀ ਵਾਧਾ ਹੋਇਆ ਸੀ।