ਚੀਨ ਦੀ ਖ਼ਾਸ ''ਦੋਸਤ'' ਨੂੰ ਖੁੱਲ੍ਹੀ ਧਮਕੀ, ਕਰਜ਼ਾ ਨਾ ਮੋੜਿਆ ਤਾਂ ਹਨੇਰੇ ''ਚ ਡੁੱਬ ਜਾਵੇਗਾ ਪਾਕਿਸਤਾਨ

04/23/2023 4:03:47 PM

ਬੀਜਿੰਗ : ਪਾਕਿਸਤਾਨ ਲੰਬੇ ਸਮੇਂ ਤੋਂ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ। ਇਸ ਦਾ ਅਸਰ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (CPEC) 'ਤੇ ਵੀ ਪੈ ਰਿਹਾ ਹੈ। ਇਸ ਦੌਰਾਨ ਆਰਥਿਕ ਸੰਕਟ ਨਾਲ ਜੂਝ ਰਹੇ ਆਪਣੇ ਦੋਸਤ ਪਾਕਿਸਤਾਨ ਦੀ ਮਦਦ ਕਰਨ ਦੀ ਬਜਾਏ ਚੀਨ ਨੇ ਧਮਕੀ ਦਿੱਤੀ ਹੈ। ਕਰਜ਼ੇ ਕਾਰਨ ਇਨ੍ਹਾਂ ਦੋਵਾਂ ਦੇਸ਼ਾਂ ਦੀ ਦੋਸਤੀ ਹੁਣ ਖਤਰੇ 'ਚ ਹੈ। ਪੈਸਿਆਂ ਦੀ ਕਮੀ ਨਾਲ ਜੂਝ ਰਹੇ ਪਾਕਿਸਤਾਨ ਨੇ ਚੀਨ ਤੋਂ ਕਰਜ਼ਾ ਲਿਆ ਸੀ ਪਰ ਹੁਣ ਉਸ ਨੂੰ ਮੋੜਨ 'ਚ ਮੁਸ਼ਕਲ ਆ ਰਹੀ ਹੈ। ਦਿ ਨੇਸ਼ਨ ਦੀ ਰਿਪੋਰਟ ਦੇ ਅਨੁਸਾਰ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕਰਨ ਦੀ ਸਥਿਤੀ ਵਿਚ ਚੀਨ ਦੀਆਂ ਕੰਪਨੀਆਂ ਨੇ ਪਾਕਿਸਤਾਨ ਵਿਚ ਕੰਮ ਬੰਦ ਕਰਨ ਦੀ ਧਮਕੀ ਦਿੱਤੀ ਹੈ।

ਇਹ ਵੀ ਪੜ੍ਹੋ : ਮਾਣ ਵਾਲੀ ਗੱਲ: ਦੁਨੀਆ 'ਚ ਸਭ ਤੋਂ ਵੱਧ ਮਹਿਲਾ ਪਾਇਲਟ ਭਾਰਤ 'ਚ

ਚੀਨੀ ਕੰਪਨੀ ਨੇ ਪਾਕਿਸਤਾਨ ਸਰਕਾਰ ਨੂੰ ਖੁੱਲ੍ਹੇਆਮ ਧਮਕੀ ਦਿੱਤੀ ਹੈ ਕਿ ਜੇਕਰ ਬਕਾਇਆ ਕਲੀਅਰ ਨਾ ਕੀਤਾ ਗਿਆ ਤਾਂ ਕੋਲੇ ਦੀ ਸਪਲਾਈ ਘਟਾ ਦਿੱਤੀ ਜਾਵੇਗੀ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਤੋਂ ਇਸ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ ਕੋਲ ਅਗਲੇ ਕੁਝ ਮਹੀਨਿਆਂ ਤੱਕ ਆਪਣੀ ਜ਼ਰੂਰਤ ਮੁਤਾਬਕ ਕੋਲਾ ਮੌਜੂਦ ਹੈ ਪਰ ਜੇਕਰ ਚੀਨੀ ਕੰਪਨੀ ਸਖਤ ਕਦਮ ਚੁੱਕਦੀ ਹੈ ਤਾਂ ਪਾਕਿਸਤਾਨ ਦੇ ਸਾਹਮਣੇ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ।

ਇਹ ਵੀ ਪੜ੍ਹੋ : CocaCola ਸਰਕਾਰ ਨੂੰ ਵਾਪਸ ਕਰੇਗੀ 35 ਏਕੜ ਜ਼ਮੀਨ, ਪਲਾਟ ’ਤੇ ਖਰਚ ਹੋ ਚੁੱਕੇ ਹਨ 1.1 ਕਰੋੜ ਰੁਪਏ

ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਨੇ ਚੀਨੀ ਕੰਪਨੀ ਦਾ 60 ਮਿਲੀਅਨ ਡਾਲਰ ਬਕਾਇਆ ਹੈ। ਪਾਕਿਸਤਾਨ ਵਿੱਚ ਮਾਈਨਿੰਗ ਦਾ ਕੰਮ ਕਰ ਰਹੀ ਇੱਕ ਚੀਨੀ ਕੰਪਨੀ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਸਰਕਾਰ ਨੇ ਬਕਾਇਆ ਨਹੀਂ ਦਿੱਤਾ ਤਾਂ ਉਤਪਾਦਨ ਵਿੱਚ ਕਟੌਤੀ ਕਰਨੀ ਪੈ ਸਕਦੀ ਹੈ।

ਇਹ ਕੰਪਨੀ ਪਾਵਰ ਪਲਾਂਟਾਂ ਨੂੰ ਕੋਲਾ ਮੁਹੱਈਆ ਕਰਵਾਉਂਦੀ ਹੈ। ਰਿਪੋਰਟ ਮੁਤਾਬਕ ਬਕਾਇਆ ਨਾ ਦੇਣ ਦੀ ਸੂਰਤ ਵਿੱਚ ਪਾਵਰ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ। ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਪਾਕਿਸਤਾਨ ਦੇ ਲੋਕਾਂ ਨੂੰ ਇਸ ਤਪਦੀ ਗਰਮੀ 'ਚ ਬਿਜਲੀ ਦੇ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੂੰ ਪਿਛਲੇ ਸਾਲ ਵੀ ਬਿਜਲੀ ਦੇ ਵੱਡੇ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਦੀ ਆਰਥਿਕ ਸਥਿਤੀ ਕਾਰਨ ਉਸ ਕੋਲ ਵਿਦੇਸ਼ੀ ਮੁਦਰਾ ਭੰਡਾਰ ਦੀ ਵੱਡੀ ਘਾਟ ਹੈ। ਅਜਿਹੇ 'ਚ ਆਉਣ ਵਾਲੇ ਦਿਨਾਂ 'ਚ ਵੀ ਪਾਕਿਸਤਾਨ ਲਈ ਕਰਜ਼ੇ ਦਾ ਭੁਗਤਾਨ ਕਰਨਾ ਸੰਭਵ ਨਹੀਂ ਹੋ ਸਕੇਗਾ।

ਇਹ ਵੀ ਪੜ੍ਹੋ : ਪਾਕਿਸਤਾਨ : ਯੂਕ੍ਰੇਨ ਨੂੰ ਵੇਚ ਰਿਹਾ ਹਥਿਆਰ, ਰੂਸ ਤੋਂ ਖ਼ਰੀਦ ਰਿਹਾ ਸਸਤਾ ਕੱਚਾ ਤੇਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 

Harinder Kaur

This news is Content Editor Harinder Kaur