CBI ਨੇ ਬੈਂਕ ਧੋਖਾਧੜੀ ''ਚ ਫਰਾਸਟ ਇੰਟਰਨੈਸ਼ਨਲ ਤੇ ਉਸਦੇ ਡਾਇਰੈਕਟਰਾਂ ਖਿਲਾਫ ਦਰਜ ਕੀਤਾ ਮਾਮਲਾ

01/21/2020 6:24:47 PM

ਨਵੀਂ ਦਿੱਲੀ — ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਨੇ 14 ਬੈਂਕਾਂ ਦੇ ਸਮੂਹ ਨਾਲ 3,592 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਦੇ ਮਾਮਲੇ ਵਿਚ ਮੁੰਬਈ ਦੀ ਕੰਪਨੀ ਫਰਾਸਟ ਇੰਟਰਨੈਸ਼ਨਲ, ਇਸਦੇ ਡਾਇਰੈਕਟਰਾਂ ਉਦੈ ਦੇਸਾਈ ਅਤੇ ਸੁਜੈ ਦੇਸਾਈ ਸਮੇਤ 11 ਹੋਰਨਾਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਸੀ.ਬੀ.ਆਈ. ਅਧਿਕਾਰੀਆਂ ਨੇ ਕਿਹਾ ਕਿ ਇਹ ਕਾਰਵਾਈ ਬੈਂਕ ਆਫ ਇੰਡੀਆ ਦੇ ਕਾਨਪੁਰ ਜ਼ੋਨ ਦਫਤਰ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ। ਬੈਂਕ ਦਾ ਦੋਸ਼ ਹੈ ਕਿ ਡਾਇਰੈਕਟਰਾਂ ਦਾ ਕੋਈ ਅਸਲ ਕਾਰੋਬਾਰ ਨਹੀਂ ਹੈ, ਫਿਰ ਵੀ ਉਨ੍ਹਾਂ ਨੇ ਕਰਜ਼ਾ ਲੈਣ ਲਈ ਵਪਾਰਕ ਗਤੀਵਿਧੀਆਂ ਦਾ ਸਹਾਰਾ ਲਿਆ। ਅਧਿਕਾਰੀਆਂ ਨੇ ਕਿਹਾ ਕਿ ਬੈਂਕ ਦਾ ਦੋਸ਼ ਹੈ ਕਿ ਡਾਇਰੈਕਟਰਾਂ ਨੇ ਬੈਂਕ ਆਫ ਇੰਡੀਆ ਦੀ ਅਗਵਾਈ ਵਾਲੇ ਰਿਣਦਾਤਾ ਬੈਂਕਾਂ ਦੇ ਸਮੂਹ ਨੂੰ ਭੁਗਤਾਨ ਕਰਨ ਵਿਚ ਅਣਗਹਿਲੀ(ਚੂਕ) ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਅਤੇ ਉਸਦੇ ਡਾਇਰੈਕਟਰਾਂ, ਗਾਰੰਟਰਾਂ ਅਤੇ ਹੋਰ ਅਣਪਛਾਤੇ ਲੋਕਾਂ ਨੇ ਜਾਅਲੀ ਦਸਤਾਵੇਜ਼ ਜਮ੍ਹਾ ਕੀਤੇ ਅਤੇ ਬੈਂਕ ਤੋਂ ਲਈ ਗਈ ਪੂੰਜੀ ਦੀ ਹੇਰਾਫੇਰੀ ਕਰ ਕੇ ਕਿਸੇ ਹੋਰ ਜਗ੍ਹਾ ਭੇਜ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਅਤੇ ਇਸ ਦੇ ਡਾਇਰੈਕਟਰਾਂ ਨੇ 3,592.48 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ।