ਕਾਰਟ੍ਰੇਡ ਦਾ IPO ਖੁੱਲ੍ਹਣ ਦਾ ਇੰਤਜ਼ਾਰ ਖ਼ਤਮ, ਇਸ ਦਿਨ ਤੋਂ ਲਾ ਸਕੋਗੇ ਬੋਲੀ

08/03/2021 12:07:19 PM

ਨਵੀਂ ਦਿੱਲੀ- ਜਲਦ ਹੀ ਕਾਰਟ੍ਰੇਡ 2,999 ਕਰੋੜ ਰੁਪਏ ਦਾ ਆਈ. ਪੀ. ਓ. ਲੈ ਕੇ ਸ਼ੇਅਰ ਬਾਜ਼ਾਰ ਵਿਚ ਦਸਤਕ ਦੇਣ ਜਾ ਰਹੀ ਹੈ। ਆਨਲਾਈਨ ਆਟੋ ਪਲੇਟਫਾਰਮ ਕਾਰਟ੍ਰੇਡ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਆਪਣੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਤਹਿਤ ਸ਼ੇਅਰਾਂ ਦੀ ਕੀਮਤ 1,585 ਰੁਪਏ ਤੋਂ 1,618 ਰੁਪਏ ਦੀ ਰੇਂਜ ਵਿਚ ਰੱਖੀ ਹੈ।

ਇਹ ਆਈ. ਪੀ. ਓ. 9 ਅਗਸਤ ਨੂੰ ਖੁੱਲ੍ਹੇਗਾ ਅਤੇ 11 ਅਗਸਤ ਨੂੰ ਬੰਦ ਹੋਵੇਗਾ। ਐਂਕਰ ਨਿਵੇਸ਼ਕਾਂ ਲਈ ਬੋਲੀ 6 ਅਗਸਤ ਨੂੰ ਖੁੱਲ੍ਹੇਗੀ। ਇਸ ਆਈ. ਪੀ. ਓ. ਵਿਚ 18,532,216 ਇਕੁਇਟੀ ਸ਼ੇਅਰਾਂ ਦੀ ਵਿਕਰੀ ਪੂਰੀ ਤਰ੍ਹਾਂ ਓ. ਐੱਫ. ਐੱਸ. ਤਹਿਤ ਕੀਤੀ ਜਾਣੀ ਹੈ। 


ਕੰਪਨੀ ਵਿਚ ਅਮਰੀਕੀ ਪ੍ਰਾਈਵੇਟ ਇਕੁਇਟੀ ਨਿਵੇਸ਼ਕ ਵਾਰਬਰਗ ਪਿਨਕਸ, ਸਿੰਗਾਪੁਰ ਦੀ ਨਿਵੇਸ਼ਕ ਤੇਮਾਸੇਕ, ਜੇਪੀ ਮੌਰਗਨ ਅਤੇ ਮਾਰਚ ਕੈਪੀਟਲ ਪਾਰਟਨਰਜ਼ ਦਾ ਨਿਵੇਸ਼ ਹੈ। ਐਕਸਿਸ ਕੈਪੀਟਲ, ਸਿਟੀਗਰੁਪ ਗਲੋਬਲ ਮਾਰਕਿਟਸ ਇੰਡੀਆ, ਕੋਟਕ ਮਹਿੰਦਰਾ ਕੈਪੀਟਲ ਅਤੇ ਨੋਮੁਰਾ ਫਾਈਨੈਂਸ਼ੀਅਲ ਐਡਵਾਈਜ਼ਰੀ ਐਂਡ ਸਕਿਓਰਿਟੀਜ਼ ਇੰਡੀਆ ਇਸ ਇਸ਼ੂ ਦੇ ਬੁੱਕ ਰਨਿੰਗ ਲੀਡ ਮੈਨੇਜਰ ਹੋਣਗੇ। ਕਾਰਟ੍ਰੇਡ ਗਾਹਕਾਂ ਨੂੰ ਪੁਰਾਣੀਆਂ ਤੇ ਨਵੀਆਂ ਖ਼ਰੀਦਣ ਵਿਚ ਸਹਾਇਤਾ ਕਰਦੀ ਹੈ। ਕੰਪਨੀ ਨੂੰ 1,618 ਰੁਪਏ ਦੇ ਉੱਪਰੀ ਪ੍ਰਾਈਸ ਬੈਂਡ 'ਤੇ ਲਗਭਗ 2,998.15 ਕਰੋੜ ਰੁਪਏ ਜੁਟਾਉਣ ਦੀ ਉਮੀਦ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ 4 ਕੰਪਨੀਆਂ- ਦੇਵਯਾਨੀ ਇੰਟਰਨੈਸ਼ਨਲ, ਵਿੰਡਲਾਸ ਬਾਇਓਟੈਕ, ਐਕਸਾਰੋ ਟਾਇਲਜ਼ ਅਤੇ ਕ੍ਰਿਸ਼ਣਾ ਡਾਇਗੌਨਿਸਟਕਸ ਦੇ ਆਈ. ਪੀ. ਓ. ਬੋਲੀ ਲਈ ਖੁੱਲ੍ਹ ਰਹੇ ਹਨ।

Sanjeev

This news is Content Editor Sanjeev