ਕੇਨਰਾ ਬੈਂਕ ਦਾ ਮੈਨੇਜਰ ਅਤੇ ਅਕਾਊਂਟ ਆਫਿਸਰ ਗ੍ਰਿਫਤਾਰ, ਧੋਖਾਦੇਹੀ ਮਾਮਲੇ ’ਚ ਪੁਲਸ ਨੇ ਕੀਤੀ ਕਾਰਵਾਈ

10/08/2021 2:29:07 PM

ਹੈਦਰਾਬਾਦ (ਏਜੰਸੀ) – ਆਮ ਲੋਕਾਂ ਦੀ ਮਿਹਨਤ ਦੀ ਕਮਾਈ ਉਡਾਉਣ ਵਾਲੇ ਕੇਨਰਾ ਬੈਂਕ ਦੇ ਮੈਨੇਜਰ ਅਤੇ ਅਕਾਊਂਟ ਆਫਿਸਰ ਪੁਲਸ ਦੇ ਹੱਥੇ ਚੜ੍ਹ ਗਏ ਹਨ। ਪਿਛਲੇ 10 ਮਹੀਨਿਆਂ ਤੋਂ ਬੈਂਕ ਨਾਲ ਠੱਗੀ ਕਰ ਰਹੇ ਇਨ੍ਹਾਂ ਨਟਵਰ ਲਾਲਾਂ ਨੂੰ ਹੈਦਰਾਬਾਦ ਪੁਲਸ ਦੀ ਕੇਂਦਰੀ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫਤਾਰੀ 64.5 ਕਰੋੜ ਰੁਪਏ ਦੇ ਤੇਲਗੂ ਅਕੈੱਡਮੀ ਬੈਂਕ ਡਿਪਾਜ਼ਿਟ ਧੋਖਾਦੇਹੀ ਮਾਮਲੇ ’ਚ ਹੋਈ ਹੈ। ਇਸ ਧੋਖਾਦੇਹੀ ’ਚ ਕੇਨਰਾ ਬੈਂਕ ਦੀ ਚੰਦਾ ਨਗਰ ਬ੍ਰਾਂਚ ਦੀ ਮੈਨੇਜਰ ਐੱਮ. ਸਾਧਨਾ ਅਤੇ ਅਕਾਊਂਟ ਆਫਿਸਰ ਸੇਗੁਰੀ ਰਮੇਸ਼ ਸਮੇਤ ਛੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ’ਚ ਹੁਣ ਤੱਕ ਕੁੱਲ 10 ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਹੈਦਰਾਬਾਦ ਦੇ ਕਾਰੋਬਾਰ ’ਚ ਸਾਈਂ ਕੁਮਾਰ ਇਸ ਮਾਮਲੇ ਦਾ ਮਾਸਟਰ ਮਾਈਂਡ ਹੈ ਅਤੇ ਉਸ ਨੇ ਹੋਰ ਦੋਸ਼ੀਆਂ ਐੱਨ. ਵੇਂਕਟ ਰਮਨ, ਵੈਂਕਟੇਸ਼ਵਰ ਰਾਵ ਅਤੇ ਸੋਮ ਸ਼ੇਖਰ ਨਾਲ ਮਿਲ ਕੇ ਇਸ ਪੂਰੇ ਘਪਲੇ ਦੀ ਸਾਜਿਸ਼ ਰਚੀ ਸੀ। ਅਕੈੱਡਮੀ ਇਕ ਸਰਕਾਰੀ ਏਜੰਸੀ ਹੈ, ਜੋ ਸਕੂਲਾਂ ਅਤੇ ਕਾਲਜਾਂ ਲਈ ਕਿਤਾਬਾਂ ਦੀ ਛਪਾਈ ਦਾ ਕੰਮਕਾਜ ਦੇਖਦੀ ਹੈ।

ਇਹ ਵੀ ਪੜ੍ਹੋ : ਆ ਗਏ ਅੱਛੇ ਦਿਨ! ਗੈਸ ਸਿਲੰਡਰ-ਤੇਲ ਤੋਂ ਬਾਅਦ ਬੱਚਿਆਂ ਦੀ ਮਨਪਸੰਦ ਆਈਸਕ੍ਰੀਮ ਵੀ ਹੋਈ ਮਹਿੰਗੀ

ਕੇਨਰਾ ਬੈਂਕ ਦੇ ਅਧਿਕਾਰੀ ਧੋਖਾਦੇਹੀ ’ਚ ਸ਼ਾਮਲ

ਹੈਦਰਾਬਾਦ ਪੁਲਸ ਦੇ ਕਮਿਸ਼ਨਰ ਅੰਜਨੀ ਕੁਮਾਰ ਨੇ ਦੱਸਿਆ ਕਿ ਕੇਨਰਾ ਬੈਂਕ ਦੇ ਮੈਨੇਜਰ ਅਤੇ ਅਕਾਊਂਟ ਅਫਸਰ ਨੇ ਇਸ ਪੂਰੇ ਘਪਲੇ ’ਚ ਅਹਿਮ ਭੂਮਿਕਾ ਅਦਾ ਕੀਤੀ ਹੈ ਕਿਉਂਕਿ ਮਾਸਟਰ ਮਾਈਂਡ ਸਾਈਂ ਕੁਮਾਰ ਨੇ ਤੇਲਗੂ ਅਕੈੱਡਮੀ ਦੇ ਯੂਨੀਅਨ ਬੈਂਕ ਸਥਿਤ ਖਾਤਿਅਾਂ ਦੇ 43 ਫਿਕਸਡ ਡਿਪਾਜ਼ਿਟ ਦੀ ਰਕਮ ਧੋਖਾਦੇਹੀ ਨਾਲ ਕੇਨਰਾ ਬੈਂਕ ਦੀ ਚੰਦਾ ਨਗਰ ਬ੍ਰਾਂਚ ’ਚ ਟ੍ਰਾਂਸਫਰ ਕਰਵਾਈ ਹੈ। ਬੈਂਕ ਦੇ ਅਕਾਊਂਟ ਅਫਸਰ ਸੇਗੁਰੀ ਰਮੇਸ਼ ਨੇ ਸਾਈਂ ਕੁਮਾਰ ਦੇ ਸਹਿਯੋਗੀਆਂ ਨੂੰ ਚੈੱਕ ਦਿੱਤੇ ਅਤੇ ਉਨ੍ਹਾਂ ਨੂੰ ਇਨ੍ਹਾਂ ਚੈੱਕਾਂ ਨੂੰ ਫਿਕਸਡ ਡਿਪਾਜ਼ਿਟ ਦੇ ਤੌਰ ’ਤੇ ਬੈਂਕ ’ਚ ਜਮ੍ਹਾ ਕਰਵਾਉਣ ਕਿਹਾ ਗਿਆ। ਇਹ ਧੋਖਾਦੇਹੀ ਪਿਛਲੇ ਸਾਲ ਦਸੰਬਰ ਤੋਂ ਲੈ ਕੇ ਇਸ ਸਾਲ ਸਤੰਬਰ ਦੇ ਅੱਧ ’ਚ ਕੀਤੀ ਗਈ ਹੈ। ਦੋਸ਼ੀਆਂ ਵਲੋਂ ਤਿਆਰ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਬੈਂਕ ਦੇ ਪ੍ਰਬੰਧਕ ਨੇ ਅਕਾਦਮੀ ਦੇ ਫਿਕਸਡ ਡਿਪਾਜ਼ਿਟ ਅਕਾਊਂਟਸ ਨੂੰ ਬੰਦ ਕਰ ਦਿੱਤਾ ਅਤੇ ਬਿਨਾਂ ਜ਼ਰੂਰੀ ਜਾਂਚ ਕੀਤੇ ਏ. ਪੀ. ਮਰਕੇਂਟਾਈਲ ਕੋਆਪ੍ਰੇਟਿਵ ਕ੍ਰੈਡਿਟ ਸੋਸਾਇਟੀ ਦੇ ਖਾਤੇ ’ਚ ਰਕਮ ਟ੍ਰਾਂਸਫਰ ਕਰ ਦਿੱਤੀ ਅਤੇ ਫਿਕਸਡ ਡਿਪਾਜ਼ਿਟ ਦੇ ਫਰਜ਼ੀ ਬਾਂਡ ਉਨ੍ਹਾਂ ਨੂੰ ਸੌਂਪ ਦਿੱਤੇ।

ਇਹ ਵੀ ਪੜ੍ਹੋ : ਤੁਹਾਡੇ ਕੋਲ ਵੀ ਹੈ ਪੁਰਾਣਾ ਵਾਹਨ ਤਾਂ ਪੜ੍ਹੋ ਇਹ ਖ਼ਬਰ,ਰਜਿਸਟ੍ਰੇਸ਼ਨ ਰੀਨਿਊ ਸਬੰਧੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਕੇਨਰਾ ਬੈਂਕ ਦੇ ਚੀਫ ਮੈਨੇਜਰ ਨੂੰ 300 ਕਰੋੜ ਰੁਪਏ ਦੀ ਧੋਖਾਦੇਹੀ ’ਚ 5 ਸਾਲ ਦੀ ਕੈਦ

ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ 300 ਕਰੋੜ ਰੁਪਏ ਦੀ ਧੋਖਾਦੇਹੀ ਨਾਲ ਜੁੜੇ ਇਕ ਮਾਮਲੇ ’ਚ ਕੇਨਰਾ ਬੈਂਕ ਦੇ ਸਾਬਕਾ ਚੀਫ ਮੈਨੇਜਰ ਐੱਸ. ਆਰ. ਹੇਗੜੇ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ’ਚ ਤਿੰਨ ਹੋਰ ਦੋਸ਼ੀਆਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਉਣ ਤੋਂ ਇਲਾਵਾ ਮਾਮਲੇ ’ਚ ਸ਼ਾਮਲ ਦੋ ਕੰਪਨੀਆਂ ’ਤੇ ਇਕ-ਇਕ ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਹ ਮਾਮਲਾ 2017 ਦਾ ਹੈ ਅਤੇ ਸੀ. ਬੀ. ਆਈ. ਨੇ ਇਸ ਮਾਮਲੇ ’ਚ ਬੈਂਕ ਆਫ ਇੰਡੀਆ ਦੀ ਸ਼ਿਕਾਇਤ ’ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਐੱਫ. ਆਈ. ਆਰ. ’ਚ ਡੈਕਨ ਜਿਮਖਾਨਾ ਬ੍ਰਾਂਚ ਦੇ ਮੈਨੇਜਰ ’ਤੇ ਧੋਖਾਦੇਹੀ ਨਾਲ 246 ਬਿੱਲਾਂ ਰਾਹੀਂ 300 ਕਰੋੜ ਰੁਪਏ ਦਾ ਲੈਟਰ ਆਫ ਕ੍ਰੈਡਿਟ ਜਾਰੀ ਕਰਨ ਦਾ ਦੋਸ਼ ਲਗਾਇਆ ਸੀ। ਸਾਜਿਸ਼ ’ਚ ਸ਼ਾਮਲ ਦੋ ਕੰਪਨੀਆਂ ਨੂੰ ਇਹ ਲੈਟਰ ਆਫ ਕ੍ਰੈਡਿਟ 29 ਫਰਵਰੀ ਨੂੰ ਜਾਰੀ ਹੋਇਆ ਸੀ। ਸੀ. ਬੀ. ਆਈ. ਨੇ ਜਾਂਚ ਤੋਂ ਬਾਅਦ ਇਸ ਮਾਮਲੇ ’ਚ ਕੇਸ ਦਾਇਰ ਕੀਤਾ ਅਤੇ ਸਬੂਤਾਂ ਦੇ ਆਧਾਰ ’ਤੇ ਮਾਮਲੇ ਨੂੰ ਮੁਕਾਮ ’ਤੇ ਪਹੁੰਚਾਇਆ ਹੈ।

ਇਹ ਵੀ ਪੜ੍ਹੋ : Elon Musk ਭਾਰਤ 'ਚ ਸ਼ੁਰੂ ਕਰਨਗੇ 'ਹਾਈ ਸਪੀਡ ਇੰਟਰਨੈੱਟ', ਪੇਂਡੂ ਖ਼ੇਤਰਾਂ ਨੂੰ ਮਿਲੇਗੀ ਪਹਿਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur