400 ਮਿੰਟ ਦੀ ਗੱਲ 2.50 ਰੁਪਏ ''ਚ, ਟਰਾਈ ਦੇ ਫੈਸਲੇ ਨਾਲ ਸਸਤੀ ਹੋਵੇਗੀ ਕਾਲ

09/24/2017 7:28:42 AM

ਨਵੀਂ ਦਿੱਲੀ (ਏਜੰਸੀਆਂ)— ਹੁਣ ਮੋਬਾਇਲ 'ਤੇ ਗੱਲ ਕਰਨੀ ਹੋਰ ਸਸਤੀ ਹੋ ਜਾਵੇਗੀ ਅਜਿਹਾ ਨਵੀਂ ਤਕਨੀਕ ਨਾਲ ਹੋਵੇਗਾ। ਟਰਾਈ ਨੇ ਦੂਰਸੰਚਾਰ ਕੰਪਨੀਆਂ ਨੂੰ ਕਾਲ ਦਰਾਂ ਵਟਸਐਪ ਦੀ ਲਾਗਤ ਦੇ ਬਰਾਬਰ ਕਰਨ ਨੂੰ ਕਿਹਾ ਹੈ। ਦੇਸ਼ 'ਚ ਹਰੇਕ ਮੋਬਾਇਲ ਗਾਹਕ ਇਕ ਮਹੀਨੇ 'ਚ ਔਸਤ 400 ਮਿੰਟ ਗੱਲ ਕਰਦਾ ਹੈ। ਹੁਣ ਸਵਾਲ ਉੱਠਦਾ ਹੈ ਕਿ ਇਸ 'ਤੇ ਕਿੰਨਾ ਡਾਟਾ ਖਰਚ ਹੁੰਦਾ ਹੈ? ਇਸ ਦਾ ਜਵਾਬ ਹੈ ਸਿਰਫ 40 ਐੱਮ. ਬੀ. ਡਾਟਾ, ਯਾਨੀ ਦੂਰਸੰਚਾਰ ਕੰਪਨੀਆਂ ਨੂੰ ਇਕ ਗਾਹਕ ਦੀ ਮਹੀਨੇ ਭਰ ਦੀ ਵਾਇਸ ਕਾਲ ਨੂੰ ਪੂਰਾ ਕਰਨ ਲਈ ਸਿਰਫ 2.50 ਰੁਪਏ ਦੀ ਜ਼ਰੂਰਤ ਪੈਂਦੀ ਹੈ। ਇਹੀ ਕਾਰਨ ਹੈ ਕਿ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਦੂਰਸੰਚਾਰ ਕੰਪਨੀਆਂ ਨੂੰ ਕਾਲ ਦੀ ਲਾਗਤ ਵਟਸਐਪ ਵਰਗੇ ਪ੍ਰਸਿੱਧ ਐਪ ਦੀ ਲਾਗਤ ਦੇ ਬਰਾਬਰ ਲਿਆਉਣ ਨੂੰ ਕਿਹਾ ਹੈ। ਵੋਲਟੇ ਵਰਗੀ ਨਵੀਂ ਤਕਨੀਕ ਆਉਣ ਨਾਲ ਕਾਲ ਦੀ ਕੀਮਤ 'ਚ ਇਸ ਤਰ੍ਹਾਂ ਦੀ ਕਮੀ ਕਰਨਾ ਸੰਭਵ ਹੈ। ਤਕਨੀਕ 'ਚ ਆਏ ਇਸ ਬਦਲਾਅ ਕਾਰਨ ਕੰਪਨੀਆਂ ਨੂੰ ਆਪਣੀ ਰਣਨੀਤੀ 'ਚ ਵੀ ਬਦਲਾਅ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਪਹਿਲਾਂ ਇਨ੍ਹਾਂ ਕੰਪਨੀਆਂ ਦੀ ਕਮਾਈ ਦਾ ਜ਼ਿਆਦਾਤਰ ਹਿੱਸਾ ਵਾਇਸ ਕਾਲ ਤੋਂ ਹੀ ਆ ਰਿਹਾ ਸੀ ਪਰ ਹੁਣ ਜਲਦ ਹੀ ਇਨ੍ਹਾਂ ਦੀ ਕਮਾਈ ਦਾ ਮੁੱਖ ਜ਼ਰੀਆ ਡਾਟਾ ਖਪਤ ਤੋਂ ਆਵੇਗਾ। ਇਸ ਸਮੇਂ ਜੀਓ ਇਸ ਤਕਨੀਕ ਜ਼ਰੀਏ ਗਾਹਕਾਂ ਨੂੰ ਸਰਵਿਸ ਦੇ ਰਿਹਾ ਹੈ।
ਨਵੇਂ ਸਾਲ ਤੋਂ ਹੋਰ ਸਸਤੀ ਹੋਵੇਗੀ ਕਾਲ, ਵੋਲਟੇ ਤਕਨੀਕ ਹੋਵੇਗੀ ਇਸਤੇਮਾਲ
ਵੋਲਟੇ ਆਧਾਰਿਤ ਪੈਕੇਟ ਸਵਿਚਿੰਗ ਤਕਨੀਕ ਸਦਕਾ ਵਾਇਸ ਕਾਲ ਦੀ ਲਾਗਤ ਬਹੁਤ ਘੱਟ ਹੋਣ ਨਾਲ ਦੂਰਸੰਚਾਰ ਕੰਪਨੀਆਂ ਲਈ ਇਸ ਦੀ ਮੁਫਤ ਪੇਸ਼ਕਸ਼ ਕਰਨਾ ਆਸਾਨ ਹੋ ਗਿਆ ਹੈ। ਰਿਲਾਇੰਸ ਜੀਓ ਨੇ ਇਹੀ ਕੀਤਾ ਹੈ ਅਤੇ ਉਸ ਦੀ ਪ੍ਰਮੁੱਖ ਮੁਕਾਬਲੇਬਾਜ਼ ਕੰਪਨੀ ਏਅਰਟੈੱਲ ਵੀ ਉਸੇ ਰਸਤੇ 'ਤੇ ਚੱਲ ਪਈ ਹੈ। ਕੰਪਨੀ ਨੇ ਮੁੰਬਈ 'ਚ ਵੋਲਟੇ ਸੇਵਾਵਾਂ ਸ਼ੁਰੂ ਕੀਤੀਆਂ ਹਨ ਅਤੇ ਅਗਲੇ ਸਾਲ ਮਾਰਚ ਤੋਂ ਇਸ ਨੂੰ ਪੂਰੇ ਦੇਸ਼ 'ਚ ਸ਼ੁਰੂ ਕੀਤਾ ਜਾ ਸਕਦਾ ਹੈ। ਮਾਹਰਾਂ ਦਾ ਅੰਦਾਜ਼ਾ ਹੈ ਕਿ ਇਕ ਹੋਣ ਜਾ ਰਹੇ ਵੋਡਾਫੋਨ ਅਤੇ ਆਈਡੀਆ ਵੀ ਅਗਲੇ ਸਾਲ ਇਹ ਸੇਵਾ ਸ਼ੁਰੂ ਕਰਨਗੇ। ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਸਾਰੀਆਂ ਕੰਪਨੀਆਂ ਵੱਲੋਂ ਵੋਲਟੇ ਸੇਵਾ ਸ਼ੁਰੂ ਕਰਨ ਤੋਂ ਬਾਅਦ ਇੰਟਰਕੁਨੈਕਟ ਯੂਜ਼ਰ ਚਾਰਜ (ਆਈ. ਯੂ. ਸੀ.) ਦਾ ਮੁੱਦਾ ਵੀ ਖਤਮ ਹੋ ਜਾਵੇਗਾ ਕਿਉਂਕਿ ਨਵੀਂ ਤਕਨੀਕ ਨਾਲ ਲਾਗਤ ਲਗਭਗ ਨਾਂਹ ਦੇ ਬਰਾਬਰ ਹੋ ਜਾਵੇਗੀ। ਫਿਲਹਾਲ ਟਰਾਈ ਨੇ ਆਈ. ਯੂ. ਸੀ. ਪ੍ਰਤੀ ਕਾਲ 14 ਪੈਸੇ ਤੋਂ ਘਟਾ ਕੇ 6 ਪੈਸੇ ਕਰ ਦਿੱਤਾ ਹੈ।