ਸੋਨੇ 'ਤੇ ਟੈਕਸ ਬਚਾ ਕੇ, ਇੰਝ ਬਣ ਸਕਦੇ ਹੋ ਅਮੀਰ

10/24/2017 1:07:13 PM

ਨਵੀਂ ਦਿੱਲੀ— ਜੇਕਰ ਤੁਸੀਂ ਸੋਨੇ 'ਚ ਨਿਵੇਸ਼ ਕਰ ਰਹੇ ਹੋ ਅਤੇ ਉਸ ਨੂੰ ਸਹੀ ਸਮੇਂ 'ਤੇ ਕੀਮਤ ਵਧਣ 'ਤੇ ਵੇਚਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਇਸ ਤੋਂ ਹੋਣ ਵਾਲੇ ਲਾਭ ਦੀ ਕਮਾਈ 'ਤੇ ਲੱਗਣ ਵਾਲੇ ਟੈਕਸ ਬਾਰੇ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ। ਜਾਣਕਾਰੀ ਹੋਣ ਨਾਲ ਜ਼ਿਆਦਾ ਲਾਭ ਹੋਵੇਗਾ ਅਤੇ ਤੁਹਾਨੂੰ ਪਤਾ ਹੋਵੇਗਾ ਕਿ ਕਦੋਂ ਸੋਨੇ ਨੂੰ ਵੇਚਣਾ ਸਹੀ ਰਹੇਗਾ। ਉੱਥੇ ਹੀ, ਜੇਕਰ ਤੁਸੀਂ ਪਿਛਲੇ 10 ਸਾਲਾਂ ਤੋਂ ਹਰੇਕ ਖਾਸ ਮੌਕੇ 'ਤੇ ਸੋਨੇ ਵਿਚ ਨਿਵੇਸ਼ ਕਰ ਰਹੇ ਹੋ, ਤਾਂ ਹੁਣ ਤਕ ਤੁਹਾਨੂੰ ਇਕ ਅਮੀਰ ਵਿਅਕਤੀ ਹੋਣਾ ਚਾਹੀਦਾ ਹੈ ਕਿਉਂਕਿ ਪਿਛਲੇ ਦਹਾਕੇ 'ਚ ਸੋਨੇ ਦੀ ਕੀਮਤ ਤਿੰਨ ਗੁਣਾ ਵੱਧ ਚੁੱਕੀ ਹੈ ਪਰ ਹੁਣ ਜੇਕਰ ਤੁਸੀਂ ਆਪਣੇ ਸੋਨੇ ਨੂੰ ਲਾਕਰ ਤੋਂ ਬਾਹਰ ਕੱਢ ਕੇ ਲਾਭ ਕਮਾਉਣ ਦੀ ਸੋਚ ਰਹੇ ਹੋ, ਤਾਂ ਇਕ ਵਾਰ ਟੈਕਸ 'ਤੇ ਧਿਆਨ ਜ਼ਰੂਰ ਦਿਓ। ਕਿਸੇ ਵੀ ਦੂਜੇ ਨਿਵੇਸ਼ ਦੀ ਤਰ੍ਹਾਂ ਸੋਨੇ ਤੋਂ ਹੋਣ ਵਾਲੇ ਲਾਭ 'ਤੇ ਵੀ ਟੈਕਸ ਦੇਣਾ ਪੈਂਦਾ ਹੈ। ਹਾਲਾਂਕਿ ਤੁਸੀਂ ਇਕ ਸਮਝਦਾਰੀ ਨਾਲ ਕਦਮ ਚੁੱਕ ਕੇ ਆਪਣੇ ਟੈਕਸ ਨੂੰ ਬਚਾਅ ਸਕਦੇ ਹੋ ਅਤੇ ਜ਼ਿਆਦਾ ਕਮਾਈ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਸੋਨੇ 'ਤੇ ਕਿਸ ਤਰ੍ਹਾਂ ਟੈਕਸ ਲੱਗਦਾ ਹੈ ਅਤੇ ਕਿਵੇਂ ਟੈਕਸ ਘਟਾਇਆ ਜਾ ਸਕਦਾ ਹੈ
* ਜੇਕਰ ਤੁਸੀਂ ਸੋਨੇ 'ਚ ਨਿਵੇਸ਼ ਕਰਕੇ ਉਸ ਨੂੰ ਤਿੰਨ ਸਾਲਾਂ ਤੋਂ ਪਹਿਲਾਂ ਵੇਚਦੇ ਹੋ, ਤਾਂ ਇਸ ਤੋਂ ਹੋਣ ਵਾਲੇ ਲਾਭ ਨੂੰ 'ਸ਼ਾਰਟ ਟਰਮ ਕੈਪੀਟਲ ਗੇਨ' ਜਾਂ ਛੋਟੀ ਮਿਆਦ ਦਾ ਪੂੰਜੀਗਤ ਲਾਭ ਮੰਨਿਆ ਜਾਂਦਾ ਹੈ ਪਰ ਇਸ ਨੂੰ ਤੁਹਾਡੀ ਆਮਦਨ 'ਚ ਜੋੜਿਆ ਜਾਂਦਾ ਹੈ। ਯਾਨੀ ਕਿ ਇਸ ਤੋਂ ਹੋਣ ਵਾਲੀ ਕਮਾਈ ਨੂੰ ਤੁਹਾਡੀ ਸਾਲਾਨਾ ਆਮਦਨ 'ਚ ਜੋੜਿਆ ਜਾਂਦਾ ਹੈ ਅਤੇ ਉਸ 'ਤੇ ਤੁਹਾਡੀ ਆਮਦਨ ਟੈਕਸ ਸਲੈਬ ਅਨੁਸਾਰ ਟੈਕਸ ਲਗਾਇਆ ਜਾਂਦਾ ਹੈ। ਇਸ ਦਾ ਮਤਲਬ ਹੋਇਆ ਕਿ ਤੁਹਾਨੂੰ ਆਪਣੀ ਰਿਟਰਨ ਭਰਦੇ ਸਮੇਂ ਕੁਲ ਆਮਦਨ 'ਚ ਇਸ ਕਮਾਈ ਦਾ ਜ਼ਿਕਰ ਕਰਨਾ ਹੋਵੇਗਾ ਅਤੇ ਉਸ ਅਨੁਸਾਰ ਟੈਕਸ ਭਰਨਾ ਹੋਵੇਗਾ।

* ਉੱਥੇ ਹੀ, ਜੇਕਰ ਤੁਸੀਂ ਸੋਨੇ ਨੂੰ ਤਿੰਨ ਸਾਲਾਂ ਬਾਅਦ ਵੇਚਦੇ ਹੋ ਤਾਂ, ਇਸ 'ਤੇ ਹੋਣ ਵਾਲੇ ਲਾਭ ਨੂੰ 'ਲਾਂਗ ਟਰਮ ਕੈਪੀਟਲ ਗੇਨ' ਮੰਨਿਆ ਜਾਵੇਗਾ। ਇਸ ਤਰ੍ਹਾਂ ਦੇ ਮਾਮਲੇ 'ਚ 20.6 ਫੀਸਦੀ ਟੈਕਸ ਲਗਾਇਆ ਜਾਂਦਾ ਹੈ। ਹਾਲਾਂਕਿ ਜੋ ਕੀਮਤ ਤੁਸੀਂ ਤਿੰਨ ਸਾਲਾਂ ਪਹਿਲਾਂ ਨਿਵੇਸ਼ ਕੀਤੀ ਸੀ ਉਸ ਨੂੰ ਵਧ ਕਰਕੇ ਦਿਖਾਇਆ ਜਾ ਸਕਦਾ ਹੈ ਅਤੇ ਪੂੰਜੀਗਤ ਲਾਭ ਨੂੰ ਘੱਟ ਦਿਖਾ ਕੇ ਪੈਸੇ ਬਚਾਏ ਜਾ ਸਕਦੇ ਹਨ। ਆਓ ਜਾਣਦੇ ਹਾਂ ਕਿ ਇਹ ਕਿਸ ਤਰ੍ਹਾਂ ਹੁੰਦਾ ਹੈ।

ਮੰਨ ਲਓ 10 ਸਾਲ ਪਹਿਲਾਂ ਤੁਸੀਂ ਸੋਨੇ 'ਚ ਸਿਰਫ 50,000 ਰੁਪਏ ਨਿਵੇਸ਼ ਕੀਤੇ ਸਨ, ਜੋ ਕਿ ਹੁਣ ਵਧ ਕੇ 1,50,00 ਤਕ ਪਹੁੰਚ ਗਏ ਹਨ, ਯਾਨੀ ਕਿ ਤੁਹਾਨੂੰ 1 ਲੱਖ ਰੁਪਏ ਦਾ ਫਾਇਦਾ ਹੋਇਆ ਹੈ ਅਤੇ 'ਲਾਂਗ ਟਰਮ ਕੈਪੀਟਲ ਗੇਨ' ਮੁਤਾਬਕ ਇਸ 'ਤੇ 20.6 ਫੀਸਦੀ ਟੈਕਸ ਦੇਣਾ ਹੋਵੇਗਾ ਪਰ ਜੇਕਰ ਤੁਸੀਂ ਸੂਚਕ ਅੰਕ ਲਾਭ ਲੈਂਦੇ ਹੋ ਯਾਨੀ ਮਹਿੰਗਾਈ ਦਰ ਦਾ ਫਾਰਮੂਲਾ ਲਾਉਂਦੇ ਹੋ ਤਾਂ ਅਸਲ ਟੈਕਸ ਘੱਟ ਹੋ ਜਾਵੇਗਾ। ਇਸ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ, ਖਰੀਦ ਮੁੱਲ ਦੀ ਕੀਮਤ 'ਤੇ ਮਹਿੰਗਾਈ ਸੂਚਕ ਅੰਕ ਦੀ ਲਾਗਤ ਲਾਗੂ ਕਰਨੀ ਹੋਵੇਗੀ। ਇਸ ਦਾ ਫਾਰਮੂਲਾ ਇਸ ਤਰ੍ਹਾਂ ਹੈ— ਮਹਿੰਗਾਈ ਸੂਚਕ ਅੰਕ (ਸੀ. ਆਈ. ਆਈ.) = ਉਸ ਸਾਲ ਦਾ ਸੀ. ਆਈ. ਆਈ. ਜਦੋਂ ਸੋਨੇ ਨੂੰ ਵੇਚਿਆ ਜਾਂ ਟਰਾਂਸਫਰ ਕੀਤਾ/ਉਸ ਸਾਲ ਦਾ ਸੀ. ਆਈ. ਆਈ. ਜਦੋਂ ਇਹ ਸੰਪਤੀ ਖਰੀਦੀ। ਇਸ ਮਾਮਲੇ 'ਚ ਸੀ. ਆਈ. ਆਈ. ਇਹ ਹੈ= 1125/551, ਜੋ ਕਿ 2.04 ਬਣਦਾ ਹੈ।
ਹੁਣ ਇਸ ਮਹਿੰਗਾਈ ਸੂਚਕ ਅੰਕ ਨੂੰ ਖਰੀਦ ਮੁੱਲ ਨਾਲ ਗੁਣਾ ਕਰੋ ਯਾਨੀ ਨਿਵੇਸ਼ ਕੀਤੀ ਗਈ ਰਕਮ 50,000 ਰੁਪਏ ਨਾਲ। ਅਜਿਹਾ ਕਰਨ 'ਤੇ ਮਹਿੰਗਾਈ ਦੇ ਹਿਸਾਬ ਨਾਲ ਤੁਹਾਡੇ ਸੋਨੇ ਦੀ ਖਰੀਦ ਕੀਮਤ 1 ਲੱਖ 2 ਹਜ਼ਾਰ ਰੁਪਏ ਬਣੇਗੀ, ਜਦੋਂ ਕਿ ਤੁਸੀਂ 50,000 ਰੁਪਏ ਦਾ ਨਿਵੇਸ਼ ਕੀਤਾ ਸੀ। ਹੁਣ ਇਸ ਖਰੀਦ ਕੀਮਤ ਨੂੰ ਵੇਚ ਮੁੱਲ ਦੀ ਕੀਮਤ 1.50 ਲੱਖ 'ਚੋਂ ਘਟਾਉਣ 'ਤੇ ਤੁਹਾਡਾ ਲਾਭ ਲਗਭਗ 50,000 ਰੁਪਏ ਬਣੇਗਾ, ਯਾਨੀ ਕਿ 1 ਲੱਖ ਰੁਪਏ ਦੀ ਬਜਾਏ ਸਿਰਫ 50,000 ਰੁਪਏ 'ਤੇ ਟੈਕਸ ਭਰਨਾ ਪਵੇਗਾ। ਇਸ ਤਰ੍ਹਾਂ ਲੰਬੀ ਮਿਆਦ ਦੇ ਨਿਵੇਸ਼ 'ਤੇ ਲਾਭ ਕਮਾਇਆ ਜਾ ਸਕਦਾ ਹੈ।