ਵਿੱਤ ਮੰਤਰੀ ਦੇ ਨਵੇਂ ਐਲਾਨਾਂ ਦਾ ਕਾਰੋਬਾਰ ਜਗਤ ਨੇ ਕੀਤਾ ਸਵਾਗਤ, ਅਰਥਵਿਵਸਥਾ ਤੇ ਨਿਵੇਸ਼ ਨੂੰ ਮਿਲੇਗਾ ਬੂਸਟ

09/21/2019 10:16:13 AM

ਨਵੀਂ ਦਿੱਲੀ — ਕੰਪਨੀ ਟੈਕਸ ’ਚ ਕਟੌਤੀ ਅਤੇ ਕਾਰੋਬਾਰ ਤੇ ਨਿਵੇਸ਼ ਨੂੰ ਉਤਸ਼ਾਹ ਦੇਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਮਰਨ ਵੱਲੋਂ ਕੀਤੇ ਗਏ ਨਵੇਂ ਐਲਾਨਾਂ ਦਾ ਉਦਯੋਗ ਜਗਤ, ਸ਼ੇਅਰ ਬਾਜ਼ਾਰ ਅਤੇ ਮਾਹਿਰਾਂ ਨੇ ਜ਼ੋਰਦਾਰ ਸਵਾਗਤ ਕੀਤਾ ਹੈ। ਮਾਹਿਰਾਂ ਨੇ ਕਿਹਾ ਕਿ ਇਸ ਨਾਲ ਆਰਥਿਕ ਵਾਧੇ ਅਤੇ ਨਿਵੇਸ਼ ’ਚ ਤੇਜ਼ੀ ਆਵੇਗੀ। ਵਿੱਤ ਮੰਤਰੀ ਨੇ ਨਰਮੀ ਨੂੰ ਦੂਰ ਕਰਨ ਲਈ ਪਿਛਲੇ ਕੁੱਝ ਹਫਤਿਆਂ ਅੰਦਰ ਚੌਥੀ ਵਾਰ ਇਨਸੈਂਟਿਵ ਪੈਕੇਜ ਦਾ ਐਲਾਨ ਕੀਤਾ ਹੈ।

ਇਨ੍ਹਾਂ ’ਚ ਸਭ ਤੋਂ ਜ਼ੋਰਦਾਰ ਦੱਸੇ ਜਾ ਰਹੇ ਤਾਜ਼ਾ ਪੈਕੇਜ ਦੀ ਸਵੇਰੇ ਗੋਆ ’ਚ ਕੀਤੇ ਗਏ ਐਲਾਨ ਤੋਂ ਬਾਅਦ ਸ਼ੇਅਰ ਬਾਜ਼ਾਰ ਝੂਮ ਉੱਠਿਆ। ਬੀ. ਐੱਸ. ਈ. ਦਾ ਪ੍ਰਮੁੱਖ ਸ਼ੇਅਰ ਸੂਚਕ ਅੰਕ ਸੈਂਸੈਕਸ ਕਰੀਬ 2 ਵਜੇ 2046 ਅੰਕ ਉਛਲ ਕੇ 38,140.23 ’ਤੇ ਪਹੁੰਚ ਗਿਆ ਸੀ।

ਅਸ਼ੋਕ ਮਹੇਸ਼ਵਰੀ ਐਂਡ ਐਸੋਸੀਏਟਸ ਐੱਲ. ਐੱਲ. ਪੀ. ਦੇ ਹਿੱਸੇਦਾਰ ਅਮਿਤ ਮਹੇਸ਼ਵਰੀ ਨੇ ਕਿਹਾ,‘‘ਇਸ ਨਾਲ ਭਾਰਤ ’ਚ ਐੱਫ. ਡੀ. ਆਈ. ਆਕਰਸ਼ਿਤ ਕਰਨ ਅਤੇ ਵਿਨਿਰਮਾਣ ਨੂੰ ਉਤਸ਼ਾਹ ਦੇਣ ’ਚ ਮਦਦ ਮਿਲੇਗੀ। ਲਾਭ ਅੰਸ਼ ਵੰਡ ਕੇ ਖਤਮ ਕਰਨ ਅਤੇ ਲਾਭ ਅੰਸ਼ ’ਤੇ ਪੁਰਾਣੇ ਤਰੀਕੇ ਨਾਲ ਟੈਕਸ ਲਾਉਣ ਦਾ ਐਲਾਨ ਸਵਾਗਤਯੋਗ ਹੈ।’’ ਉਦਯੋਗ ਮੰਡਲ ਸੀ. ਆਈ. ਆਈ. ਦੇ ਪ੍ਰਧਾਨ ਵਿਕਰਮ ਕਿਰਲੋਸਕਰ ਨੇ ਕਿਹਾ,‘‘ਬਿਨਾਂ ਕਿਸੇ ਛੋਟ ਕੰਪਨੀ ਟੈਕਸ ਨੂੰ 30 ਫੀਸਦੀ ਤੋਂ ਘਟਾ ਕੇ 22 ਫੀਸਦੀ ਕਰਨ ਦੀ ਉਦਯੋਗ ਦੀ ਮੰਗ ਲੰਮੇ ਸਮੇਂ ਤੋਂ ਰਹੀ ਹੈ। ਇਹ ਅਪ੍ਰਤੱਖ ਅਤੇ ਹੌਸਲੇ ਵਾਲਾ ਕਦਮ ਹੈ।’’ ਪੀ. ਡਬਲਯੂ. ਸੀ. ਇੰਡੀਆ ਦੇ ਹਿੱਸੇਦਾਰ ਅਤੇ ਕੰਪਨੀ ਤੇ ਕੌਮਾਂਤਰੀ ਟੈਕਸ ਮਾਮਲਿਆਂ ਦੇ ਪ੍ਰਮੁੱਖ ਫਰੈਂਕ ਡਿਸੂਜ਼ਾ ਨੇ ਕਿਹਾ,‘‘ਕੰਪਨੀ ਟੈਕਸ ’ਚ ਕਟੌਤੀ ਨਾਲ ਭਾਰਤ ਨਵੇਂ ਨਿਵੇਸ਼ ਲਈ ਆਕਰਸ਼ਕ ਬਣੇਗਾ। ਨਾਲ ਹੀ ਸੀ. ਐੱਸ. ਆਰ. ਯੋਗਦਾਨ ’ਚ ਬਦਲਾਅ ਅਤੇ ਮੁੜਖਰੀਦ ਟੈਕਸ ਤੋਂ ਛੋਟ ਮਿਲਣ ਨਾਲ ਉਦਯੋਗ ਦੀਆਂ ਪੁਰਾਣੀਆਂ ਚਿੰਤਾਵਾਂ ਦੂਰ ਹੋਣਗੀਆਂ। ਇਸ ਨਾਲ ਜਾਂਚ ਅਤੇ ਵਿਕਾਸ ’ਚ ਫੰਡ ਪ੍ਰਵਾਹ ਵਧੇਗਾ।’’

25 ਫੀਸਦੀ ਕਾਰਪੋਰੇਟ ਟੈਕਸ ਹੈ ਚੀਨ ’ਚ

ਚੀਨ ’ਚ ਕਾਰਪੋਰੇਟ ਟੈਕਸ ਦੀ ਸਟੈਂਡਰਡ ਦਰ 25 ਫੀਸਦੀ ਹੈ। ਚੀਨ ਦੀ ਸਰਕਾਰ ਵੱਲੋਂ ਇਨਸੈਂਟਿਵ ਲਈ ਮਾਰਕ ਖੇਤਰਾਂ ’ਚ ਕਾਰੋਬਾਰ ਕਰਨ ਵਾਲੀਆਂ ਯੋਗ ਕੰਪਨੀਆਂ ਲਈ ਕਾਰਪੋਰੇਟ ਟੈਕਸ ਦੀ ਦਰ ਘਟਾ ਕੇ 15 ਫੀਸਦੀ ਕੀਤੀ ਜਾ ਸਕਦੀ ਹੈ। ਇਨਸੈਂਟਿਵ ਵਾਲੇ ਖੇਤਰਾਂ ’ਚ ਨਵੀਂ ਅਤੇ ਅਤਿ-ਆਧੁਨਿਕ ਤਕਨੀਕ ਅਤੇ ਕੁੱਝ ਖਾਸ ਏਕੀਕ੍ਰਿਤ ਸਰਕਿਟ ਦਾ ਉਤਪਾਦਨ ਸ਼ਾਮਲ ਹੈ।

ਹੋਰ ਪ੍ਰਮੁੱਖ ਉੱਭਰਦੇ ਬਾਜ਼ਾਰਾਂ ’ਚ ਕਾਰਪੋਰੇਟ ਟੈਕਸ ਦੀ ਦਰ ਇਸ ਤਰ੍ਹਾਂ ਹੈ :

ਦੇਸ਼                                               ਦਰ (ਫੀਸਦੀ ’ਚ )

ਅਰਜਨਟੀਨਾ                                            35

ਬ੍ਰਾਜ਼ੀਲ                                                34

ਫਿਲੀਪੀਨਸ                                            30

ਦੱਖਣ ਅਫਰੀਕਾ                                       28

ਮਲੇਸ਼ੀਆ                                               24

ਰੂਸ                                                     20

ਥਾਈਲੈਂਡ                                              20

ਵੀਅਤਨਾਮ                                           20

ਕੰਪਨੀ ਟੈਕਸ ਨੂੰ ਘਟਾ ਕੇ 25.17 ਫੀਸਦੀ ’ਤੇ ਲਿਆਉਣਾ ਇਕ ਵੱਡਾ ਸੁਧਾਰ ਹੈ। ਇਹ ਹੌਸਲੇ ਵਾਲਾ ਅਤੇ ਪ੍ਰਗਤੀਸ਼ੀਲ ਕਦਮ ਹੈ। ਭਾਰਤੀ ਕੰਪਨੀਆਂ ਨੂੰ ਟੈਕਸ ਦੀ ਘੱਟ ਦਰ ਵਾਲੇ ਅਮਰੀਕਾ ਵਰਗੇ ਦੇਸ਼ਾਂ ਨਾਲ ਮੁਕਾਬਲੇਬਾਜ਼ੀ ਕਰਨ ਦਾ ਮੌਕਾ ਮਿਲਿਆ ਹੈ। ਇਹ ਸੰਕੇਤ ਦਿੰਦਾ ਹੈ ਕਿ ਸਾਡੀ ਸਰਕਾਰ ਆਰਥਿਕ ਵਾਧਾ ਅਤੇ ਕਾਨੂੰਨੀ ਰੂਪ ਨਾਲ ਟੈਕਸ ਨਿਯਮਾਂ ਦੀ ਪਾਲਣਾ ਕਰਨ ਵਾਲੀਆਂ ਕੰਪਨੀਆਂ ਦੀ ਮਦਦ ਲਈ ਵਚਨਬੱਧ ਹੈ। - ਉਦੈ ਕੋਟਕ, ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਕੋਟਕ ਮਹਿੰਦਰਾ ਬੈਂਕ

ਕੰਪਨੀ ਟੈਕਸ ਦੀ ਦਰ 30 ਫੀਸਦੀ ਤੋਂ ਘਟਾ ਕੇ 25.17 ਫੀਸਦੀ ਕਰਨ ਨਾਲ ਵਾਧੇ ਨੂੰ ਰਫਤਾਰ ਮਿਲੇਗੀ। ਇਹ ਵੱਡਾ ਕਦਮ ਹੈ, ਜਿਸ ਨਾਲ ਵਾਧਾ ਅਤੇ ਨਿਵੇਸ਼ ’ਚ ਤੇਜ਼ੀ ਆਵੇਗੀ। ਇਸ ਸਾਹਸੀ ਪਰ ਜ਼ਰੂਰੀ ਕਦਮ ਚੁੱਕਣ ਨੂੰ ਲੈ ਕੇ ਮੈਂ ਨਿਰਮਲਾ ਸੀਤਾਰਮਨ ਦੀ ਸ਼ਲਾਘਾ ਕਰਦੀ ਹਾਂ। - ਕਿਰਨ ਮਜੂਮਦਾਰ ਸ਼ਾਹ, ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਬਾਇਓਕਾਨ

ਕਾਰਪੋਰੇਟ ਟੈਕਸ ’ਚ ਕਟੌਤੀ ਨਾਲ ਕੰਪਨੀਆਂ ਦੀ ਸ਼ੁੱਧ ਅਾਮਦਨ ਵਧੇਗੀ

ਨਵੀਂ ਦਿੱਲੀ : ਮੂਡੀਜ਼ ਇਨਵੈਸਟਰਸ ਸਰਵਿਸ ਨੇ ਕਿਹਾ ਕਿ ਸਰਕਾਰ ਦੇ ਕੰਪਨੀ ਟੈਕਸ ਦੀ ਦਰ ’ਚ ਕਟੌਤੀ ਦੇ ਫੈਸਲੇ ਨਾਲ ਭਾਰਤੀ ਕੰਪਨੀਆਂ ਦੀ ਅਾਮਦਨ ਵਧੇਗੀ ਅਤੇ ਇਹ ਸਾਖ ਦੇ ਲਿਹਾਜ਼ ਨਾਲ ਸਾਕਾਰਾਤਮਕ ਕਦਮ ਹੈ। ਮੂਡੀਜ਼ ਇਨਵੈਸਟਰਸ ਸਰਵਿਸ ਦੇ ਉੱਚ ਉਪ-ਪ੍ਰਧਾਨ (ਕਾਰਪੋਰੇਟ ਫਾਈਨਾਂਸ ਗਰੁੱਪ) ਵਿਕਾਸ ਹਲਾਨ ਨੇ ਕਿਹਾ ਕਿ ਸਾਖ ’ਤੇ ਅੰਤਿਮ ਪ੍ਰਭਾਵ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਕੰਪਨੀਆਂ ਸਰਪਲੱਸ ਕਮਾਈ ਦੀ ਵਰਤੋਂ ਕਾਰੋਬਾਰ ’ਚ ਨਿਵੇਸ਼ ’ਚ ਕਰਦੀਆਂ ਹਨ ਜਾਂ ਫਿਰ ਕਰਜ਼ੇ ’ਚ ਕਟੌਤੀ ਜਾਂ ਫਿਰ ਸ਼ੇਅਰਧਾਰਕਾਂ ਨੂੰ ਉੱਚ ਰਿਟਰਨ ਦੇਣ ’ਚ ਕਰਦੀਆਂ ਹਨ।

ਸਰਚਾਰਜ ਅਤੇ ਸੈੱਸ ਸਮੇਤ ਕੰਪਨੀ ਟੈਕਸ ’ਚ ਕਟੌਤੀ ਨਾਲ ਅਰਥਵਿਵਸਥਾ ’ਚ ਮਜ਼ਬੂਤੀ ਆਵੇਗੀ ਅਤੇ ਵਿਨਿਰਮਾਣ ਖੇਤਰ ਅਤੇ ਬੁਨਿਆਦੀ ਢਾਂਚਾ ਖੇਤਰ ਨੂੰ ਰਫਤਾਰ ਮਿਲੇਗੀ। ਸਾਨੂੰ ਭਰੋਸਾ ਹੈ ਕਿ ਇਸ ਕਦਮ ਨਾਲ ਆਉਣ ਵਾਲੇ ਦਿਨਾਂ ’ਚ ਅਾਰਥਿਕ ਵਾਧੇ ’ਚ ਤੇਜ਼ੀ ਆਵੇਗੀ ਅਤੇ ਜੀ. ਡੀ. ਪੀ. ਵਾਧਾ ਦਰ ਸਮਰਥਾ ਅਨੁਸਾਰ 8-9 ਫੀਸਦੀ ’ਤੇ ਪਹੁੰਚ ਸਕਦੀ ਹੈ। ਇਹ ਕਦਮ ਰੋਜ਼ਗਾਰ ਸਿਰਜਣ ਅਤੇ 5,000 ਅਰਬ ਡਾਲਰ ਦੀ ਅਰਥਵਿਵਸਥਾ ਦਾ ਟੀਚਾ ਹਾਸਲ ਕਰਨ ’ਚ ਮਦਦਗਾਰ ਹੋਣਗੇ। - ਅਨਿਲ ਅਗਰਵਾਲ, ਕਾਰਜਕਾਰੀ ਚੇਅਰਮੈਨ, ਵੇਦਾਂਤਾ ਰਿਸੋਰਸਿਜ਼

ਸਾਰੀਆਂ ਕੰਪਨੀਆਂ ਲਈ ਕਾਰਪੋਰੇਟ ਟੈਕਸ ’ਚ ਕਟੌਤੀ ਸੰਭਵਤ : ਪਿਛਲੇ 28 ਸਾਲਾਂ ’ਚ ਹੋਇਆ ਸਭ ਤੋਂ ਵੱਡਾ ਸੁਧਾਰ ਹੈ। ਇਸ ਤਰ੍ਹਾਂ ਦੀ ਕਟੌਤੀ ਨਾਲ ਕੰਪਨੀਆਂ ਦਾ ਲਾਭ ਵਧੇਗਾ ਅਤੇ ਉਤਪਾਦਾਂ ਦੀਆਂ ਕੀਮਤਾਂ ’ਚ ਕਟੌਤੀ ਦਾ ਰਸਤਾ ਬਣੇਗਾ। ਨਾਲ ਹੀ ਸਰਕਾਰ ਦੇ ਇਸ ਕਦਮ ਨਾਲ ਦੇਸ਼ ’ਚ ਵਿਨਿਰਮਾਣ ਨੂੰ ਬੜ੍ਹਾਵਾ ਮਿਲੇਗਾ। ਇਹ ਕਦਮ ਵਿਦੇਸ਼ੀ ਕੰਪਨੀਆਂ ਲਈ ਯੋਗ ਸਮੇਂ ’ਤੇ ਚੁੱਕਿਆ ਗਿਆ ਹੈ, ਜੋ ਕੌਮਾਂਤਰੀ ਪੱਧਰ ’ਤੇ ਨਿਵੇਸ਼ ਦੇ ਮੌਕੇ ਤਲਾਸ਼ ਰਿਹਾ ਹੈ।

- ਰਜਨੀਸ਼ ਕੁਮਾਰ , ਚੇਇਰਮੈਨ , ਭਾਰਤੀ ਸਟੇਟ ਬੈਂਕ

ਟੈਕਸ ’ਚ ਕਟੌਤੀ ਵਧੀਅਾ ਕਦਮ ਹੈ। ਇਹ ਭਾਰਤੀ ਅਰਥਵਿਵਸਥਾ ’ਚ ਤੇਜ਼ੀ ਲਿਆਉਣ ਅਤੇ ਵਿਨਿਰਮਾਣ ਖੇਤਰ ਲਈ ਜ਼ਰੂਰੀ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਸਰਕਾਰ ਸਾਡੀਆਂ ਚੁਣੌਤੀਆਂ ਨਾਲ ਪੂਰੀ ਤਰ੍ਹਾਂ ਜਾਣੂ ਹੈ ਅਤੇ ਉਸ ਨੂੰ ਦੂਰ ਕਰਨ ਲਈ ਕਦਮ ਉਠਾ ਰਹੀ ਹੈ। ਮੈਨੂੰ ਲੱਗਦਾ ਹੈ ਕਿ ਸਰਕਾਰ ਪ੍ਰਵਾਸੀ ਭਾਰਤੀਆਂ ਦੇ ਨਿਵੇਸ਼ ਨੂੰ ਅਾਕਰਸ਼ਿਤ ਕਰਨ ਦੇ ਇਰਾਦੇ ਨਾਲ ਇਸ ਤਰ੍ਹਾਂ ਦੇ ਹੋਰ ਕਦਮ ਉਠਾਵੇਗੀ। ਸਰਕਾਰ ਦੇ ਇਸ ਕਦਮ ਨਾਲ ਰੋਜ਼ਗਾਰ ਸਿਰਜਿਤ ਹੋਣਗੇ ਅਤੇ ਭਾਰਤ ਨਿਵੇਸ਼ ਦੇ ਲਿਹਾਜ਼ ਨਾਲ ਆਕਰਸ਼ਕ ਮਾਰਗ ਬਣੇਗਾ।

- ਗੋਪੀਚੰਦ ਹਿੰਦੁਜਾ, ਸਹਿ-ਪ੍ਰਧਾਨ, ਹਿੰਦੁਜਾ ਸਮੂਹ