ਬਜਟ 2021 : ਸਰਕਾਰ ਕਈ ਚੀਜ਼ਾਂ ''ਤੇ ਘਟਾ ਸਕਦੀ ਹੈ ਕਸਟਮ ਡਿਊਟੀ

01/25/2021 6:18:08 PM

ਨਵੀਂ ਦਿੱਲੀ, (ਭਾਸ਼ਾ)- ਸਰਕਾਰ 1 ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਵਿਚ ਕਈ ਚੀਜ਼ਾਂ 'ਤੇ ਕਸਟਮ ਡਿਊਟੀ ਘਟਾ ਸਕਦੀ ਹੈ, ਜਿਸ ਵਿਚ ਫ਼ਰਨੀਚਰ ਦੇ ਕੱਚਾ ਮਾਲ, ਤਾਂਬਾ ਸਕ੍ਰੈਪ, ਕੁਝ ਰਸਾਇਣ, ਦੂਰਸੰਚਾਰ ਉਪਕਰਣ ਅਤੇ ਰਬੜ ਉਤਪਾਦ ਸ਼ਾਮਲ ਹਨ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਪਾਲਿਸ਼ ਕੀਤੇ ਗਏ ਹੀਰੇ, ਰਬੜ ਦੇ ਸਾਮਾਨ, ਚਮੜੇ ਦੇ ਕਪੜੇ, ਦੂਰਸੰਚਾਰ ਉਪਕਰਣ ਅਤੇ ਕਾਲੀਨ ਵਰਗੇ 20 ਤੋਂ ਵੱਧ ਉਤਪਾਦਾਂ 'ਤੇ ਕਸਟਮ ਡਿਊਟੀ ਵਿਚ ਕਟੌਤੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਫ਼ਰਨੀਚਰ ਬਣਾਉਣ ਵਿਚ ਇਸਤੇਮਾਲ ਹੋਣ ਵਾਲੀ ਕੁਝ ਬਿਨਾਂ ਰੰਦੀ ਲੱਗੀ ਦੇ ਲਕੜੀਆਂ ਅਤੇ ਹਾਰਡ ਬੋਰਡ ਆਦਿ 'ਤੇ ਕਸਟਮ ਡਿਊਟੀ ਪੂਰੀ ਤਰ੍ਹਾਂ ਖ਼ਤਮ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ, ''ਮਹਿੰਗਾ ਕੱਚਾ ਮਾਲ ਕੌਮਾਂਤਰੀ ਬਾਜ਼ਾਰ ਵਿਚ ਭਾਰਤ ਦੀ ਕੀਮਤ ਮੁਕਾਬਲੇਬਾਜ਼ੀ ਨੂੰ ਪ੍ਰਭਾਵਿਤ ਕਰਦਾ ਹੈ। ਦੇਸ਼ ਤੋਂ ਫ਼ਰਨੀਚਰ ਦੀ ਬਰਾਮਦ ਬਹੁਤ ਘੱਟ (ਲਗਭਗ 1 ਫ਼ੀਸਦੀ) ਹੈ, ਜਦੋਂ ਕਿ ਚੀਨ ਅਤੇ ਵੀਅਤਨਾਮ ਵਰਗੇ ਦੇਸ਼ ਇਸ ਖੇਤਰ ਦੇ ਪ੍ਰਮੁੱਖ ਬਰਾਮਦਕਾਰ ਹਨ।''

ਸੂਤਰਾਂ ਅਨੁਸਾਰ, ਸਰਕਾਰ ਕੋਲਤਾਰ ਅਤੇ ਤਾਂਬਾ ਸਕ੍ਰੈਪ 'ਤੇ ਕਸਟਮ ਡਿਊਟੀ ਨੂੰ ਘੱਟ ਕਰਨ 'ਤੇ ਵੀ ਵਿਚਾਰ ਕਰ ਸਕਦੀ ਹੈ। ਸਰਕਾਰ ਨੇ ਘਰੇਲੂ ਨਿਰਮਾਣ ਨੂੰ ਬੜ੍ਹਾਵਾ ਦੇਣ ਲਈ ਪਹਿਲਾਂ ਹੀ ਕਈ ਕਦਮ ਚੁੱਕੇ ਹਨ। ਏ. ਸੀ. ਅਤੇ ਐੱਲ. ਈ. ਡੀ. ਲਾਈਟ ਸਣੇ ਕਈ ਖੇਤਰਾਂ ਲਈ ਉਤਪਾਦਨ ਆਧਾਰਿਤ ਨਿਰਮਾਣ ਯੋਜਨਾ (ਪੀ. ਐੱਲ. ਆਈ.) ਦੀ ਸ਼ੁਰੂ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਕ ਫਰਵਰੀ ਨੂੰ ਸਾਲ 2021-22 ਦਾ ਬਜਟ ਪੇਸ਼ ਕਰਨਗੇ। ਸੂਤਰਾਂ ਨੇ ਦੱਸਿਆ, ''ਇਨ੍ਹਾਂ ਸਾਮਾਨਾਂ 'ਤੇ ਡਿਊਟੀਜ਼ ਨੂੰ ਘੱਟ ਕਰਨ ਨਾਲ ਆਤਮਨਿਰਭਰ ਭਾਰਤ ਮੁਹਿੰਮ ਨੂੰ ਬੜ੍ਹਾਵਾ ਮਿਲੇਗਾ ਅਤੇ ਘਰੇਲੂ ਨਿਰਮਾਣ ਵਿਚ ਤੇਜ਼ੀ ਆਵੇਗੀ।''

Sanjeev

This news is Content Editor Sanjeev