ਬਜਟ 2020 : ਹੋਮ ਲੋਨ ਦੇ ਵਿਆਜ ''ਤੇ ਟੈਕਸ ਛੋਟ ਦੀ ਹੱਦ ਵਧ ਕੇ ਹੋ ਸਕਦੀ ਹੈ 4 ਲੱਖ

01/16/2020 10:33:41 AM

ਨਵੀਂ ਦਿੱਲੀ — ਪਹਿਲੀ ਫਰਵਰੀ ਨੂੰ ਪੇਸ਼ ਹੋਣ ਵਾਲੇ ਆਮ ਬਜਟ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਮ ਲੋਕਾਂ ਨੂੰ ਭਾਰੀ ਉਮੀਦਾਂ ਹਨ। ਦੇਸ਼ ਦੀ ਜਨਤਾ ਨੂੰ ਆਸ ਹੈ ਕਿ ਇਸ ਸਾਲ ਸਰਕਾਰ ਕਾਫੀ ਰਾਹਤ ਦੇ ਸਕਦੀ ਹੈ। ਸੂਤਰਾਂ ਅਨੁਸਾਰ ਇਸ ਵਾਰ ਸਰਕਾਰ ਘਰ ਖਰੀਦਦਾਰਾਂ ਲਈ ਟੈਕਸ 'ਚ ਜ਼ਿਆਦਾ ਛੋਟ ਦੇਣ ਦਾ ਐਲਾਨ ਕਰ ਸਕਦੀ ਹੈ। ਸਰਕਾਰ ਹੋਮ ਲੋਨ ਦੇ ਵਿਆਜ 'ਤੇ ਇਨਕਮ ਟੈਕਸ ਦੀ ਛੋਟ ਦੀ ਹੱਦ ਵਧਾਉਣ 'ਤੇ ਵਿਚਾਰ ਕਰ ਸਕਦੀ ਹੈ।

ਵਿਆਜ 'ਤੇ ਵਧੇਗੀ ਛੋਟ

ਇਸ 'ਤੇ ਜਿਹੜੇ ਪ੍ਰਸਤਾਵ ਆਏ ਹਨ ਜੇਕਰ ਉਸ 'ਤੇ ਸਹਿਮਤੀ ਬਣਦੀ ਹੈ ਤਾਂ ਇਨਕਮ ਟੈਕਸ ਦੇ ਸੈਕਸ਼ਨ 24 ਦੇ ਤਹਿਤ ਮੌਜੂਦਾ ਸਮੇਂ 'ਚ ਵਿਆਜ 'ਤੇ 2 ਲੱਖ ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ ਜਿਸ ਨੂੰ ਵਧਾ ਕੇ 3 ਤੋਂ 4 ਲੱਖ ਰੁਪਏ ਤੱਕ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਕੰਸਟਰੱਕਸ਼ਨ ਪੀਰੀਅਡ ਦੌਰਾਨ ਵਿਆਜ 'ਤੇ ਛੋਟ ਦੇਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਪ੍ਰਿੰਸੀਪਲ ਅਮਾਊਂਟ 'ਤੇ ਵੀ ਵਧੇਗੀ ਛੋਟ!

ਸੂਤਰਾਂ ਮੁਤਾਬਕ ਹੋਮ ਲੋਨ ਦੇ ਪਿੰ੍ਰਸੀਪਲ 'ਤੇ ਛੋਟ ਦੀ ਹੱਦ ਵਧਾਈ ਜਾ ਸਕਦੀ ਹੈ। ਹੋਮ ਲੋਨ ਦੇ ਪ੍ਰਿੰਸੀਪਲ 'ਤੇ ਵੱਖ ਤੋਂ ਛੋਟ ਦੇਣ ਦੇ ਵਿਕਲਪ 'ਤੇ ਚਰਚਾ ਹੋ ਰਹੀ ਹੈ। ਸੈਕਸ਼ਨ 80 ਸੀ ਦੇ ਤਹਿਤ ਹੋਮ ਲੋਨ ਦੇ ਪਿੰ੍ਰਸੀਪਲ 'ਤੇ ਛੋਟ ਮਿਲਦੀ ਹੈ। ਇਕ ਸੀਨੀਅਰ ਅਧਿਕਾਰੀ ਅਨੁਸਾਰ ਸਰਕਾਰ ਚਾਹੁੰਦੀ ਹੈ ਕਿ ਹੋਮ ਲੋਨ 'ਤੇ ਛੋਟ ਇਸ ਤਰ੍ਹਾਂ ਮਿਲੇ ਕਿ ਸਰਕਾਰ 'ਤੇ ਜ਼ਿਆਦਾ ਬੋਝ ਨਾ ਪਵੇ ਅਤੇ ਨਾਲ ਹੀ ਆਮ ਗਾਹਕ ਦਾ ਪੈਸਾ ਵੀ ਬਚ ਸਕੇ। ਇਸ ਲਈ ਕਈ ਤਰ੍ਹਾਂ ਦੇ ਪ੍ਰਸਤਾਵਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਇੰਡਸਟਰੀ ਅਤੇ ਅਰਥਸ਼ਾਸਤਰੀਆਂ ਨੇ ਇਸ ਸੰਬੰਧ ਵਿਚ ਜਿਸ ਤਰ੍ਹਾਂ ਦੇ ਪ੍ਰਸਤਾਵ ਦਿੱਤੇ ਹਨ ਉਸ ਵਿਚ ਹੋਮ ਲੋਨ ਦੇ ਵਿਆਜ 'ਤੇ ਇਨਕਮ ਟੈਕਸ ਛੋਟ ਵਧਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਲੋਕ ਜ਼ਿਆਦਾ ਹੋਮ ਲੋਨ ਲੈਣਗੇ। ਅਜਿਹਾ ਹੋਣ ਨਾਲ ਰੀਅਲ ਅਸਟੇਟ ਸੈਕਟਰ 'ਚ ਖਰੀਦਦਾਰੀ ਵਧੇਗੀ। ਜ਼ਿਆਦਾ ਮਕਾਨ ਵਿਕਣਗੇ ਅਤੇ ਬਜ਼ਾਰ 'ਚ ਪੈਸੇ ਦਾ ਪ੍ਰਵਾਹ ਵਧੇਗਾ।