ਬਜਟ 2019 : ਬੈਂਕ ਤੇ ਡਾਕਘਰਾਂ ਦੇ ਗਾਹਕਾਂ ਨੂੰ ਮੋਦੀ ਸਰਕਾਰ ਦੀ ਵੱਡੀ ਸੌਗਾਤ

02/01/2019 5:21:49 PM

ਨਵੀਂ ਦਿੱਲੀ—  ਬੈਂਕ ਤੇ ਡਾਕਘਰ 'ਚ ਫਿਕਸਡ ਡਿਪਾਜ਼ਿਟ ਜਾਂ ਕੋਈ ਹੋਰ ਸਕੀਮ 'ਚ ਪੈਸਾ ਜਮ੍ਹਾ ਕਰਵਾਉਣ ਦੀ ਸੋਚ ਰਹੇ ਲੋਕਾਂ ਨੂੰ ਮੋਦੀ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੇ ਬਜਟ 'ਚ ਮਿਡਲ ਕਲਾਸ, ਨੌਕਰੀਪੇਸ਼ਾ, ਕਿਸਾਨਾਂ ਤੇ ਪਿੰਡਾਂ ਸਮੇਤ ਸਭ ਲੋਕਾਂ ਨੂੰ ਤੋਹਫੇ ਵੰਡੇ ਹਨ। ਉੱਥੇ ਹੀ ਬੈਂਕ ਤੇ ਡਾਕਘਰਾਂ 'ਚ ਬਚਤ ਲਈ ਐੱਫ. ਡੀ. (ਫਿਕਸਡ ਡਿਪਾਜ਼ਿਟ) ਕਰਵਾਉਣ ਵਾਲੇ ਲੋਕਾਂ ਨੂੰ ਵੀ ਵੱਡੀ ਸੌਗਾਤ ਦਿੱਤੀ ਗਈ ਹੈ।

ਹੁਣ ਬੈਂਕ ਤੇ ਡਾਕਘਰ 'ਚ ਜਮ੍ਹਾ ਰਕਮ 'ਤੇ ਵਿਆਜ ਜ਼ਰੀਏ ਹੋਣ ਵਾਲੀ 40,000 ਰੁਪਏ ਤਕ ਦੀ ਆਮਦਨ 'ਤੇ ਕੋਈ ਟੀ. ਡੀ. ਐੱਸ. ਨਹੀਂ ਕੱਟੇਗਾ। ਪਹਿਲਾਂ 10 ਹਜ਼ਾਰ ਰੁਪਏ ਦੀ ਵਿਆਜ ਕਮਾਈ 'ਤੇ 10 ਫੀਸਦੀ ਟੀ. ਡੀ. ਐੱਸ. ਕੱਟਦਾ ਸੀ। ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਅੰਤਰਿਮ ਬਜਟ 2019 'ਚ ਟੀ. ਡੀ. ਐੱਸ. ਛੋਟ ਦੀ ਹੱਦ ਨੂੰ 10,000 ਰੁਪਏ ਤੋਂ ਵਧਾ ਕੇ 40,000 ਰੁਪਏ ਕਰਨ ਦਾ ਪ੍ਰਸਤਾਵ ਕੀਤਾ ਹੈ। ਇਹ ਉਨ੍ਹਾਂ ਟੈਕਸ ਦੇਣ ਵਾਲਿਆਂ ਲਈ ਵੀ ਇਕ ਵੱਡੀ ਰਾਹਤ ਹੋਵੇਗੀ ਜੋ ਬੈਂਕ ਦੀ ਫਿਕਸਡ ਡਿਪਾਜ਼ਿਟ ਅਤੇ ਵੱਖ-ਵੱਖ ਡਾਕਘਰ ਸਕੀਮਾਂ 'ਚ ਪੈਸਾ ਜਮ੍ਹਾ ਰੱਖਦੇ ਹਨ।
2018 ਦੇ ਬਜਟ 'ਚ ਸਰਕਾਰ ਨੇ ਸੀਨੀਅਰ ਸਿਟੀਜ਼ਨਸ ਲਈ ਇਨਕਮ ਟੈਕਸ ਐਕਟ 'ਚ ਇਕ ਨਵਾਂ ਸੈਕਸ਼ਨ 80ਟੀਟੀਬੀ ਲਿੰਕ ਕੀਤਾ ਸੀ। ਇਨ੍ਹਾਂ ਨਿਯਮਾਂ ਅਨੁਸਾਰ, ਸੀਨੀਅਰ ਸਿਟੀਜ਼ਨਸ ਨੂੰ ਬੈਂਕਾਂ ਤੇ ਡਾਕਘਰਾਂ 'ਚ ਜਮ੍ਹਾ ਰਾਸ਼ੀ ਤੋਂ ਪ੍ਰਾਪਤ ਵਿਆਜ ਆਮਦਨ 'ਤੇ ਟੀ. ਡੀ. ਐੱਸ. ਨਹੀਂ ਭਰਨਾ ਪੈਂਦਾ।