ਬਜਟ 2019 : ਸਰਕਾਰ ਦੇਵੇਗੀ ਤੋਹਫਾ, ਇੰਨੀ ਹੋ ਸਕਦੀ ਹੈ ਇਨਕਮ ਟੈਕਸ ਛੋਟ

01/19/2019 1:28:18 PM

ਨਵੀਂ ਦਿੱਲੀ— ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੌਕਰੀ ਵਰਗ ਦੇ ਲੋਕਾਂ ਨੂੰ ਖੁਸ਼ ਕਰਨ ਲਈ 1 ਫਰਵਰੀ ਨੂੰ ਅੰਤ੍ਰਿਮ ਬਜਟ 'ਚ ਇਨਕਮ ਟੈਕਸ ਛੋਟ ਵਧਾਉਣ ਜਾ ਰਹੀ ਹੈ। ਵਿੱਤ ਮੰਤਰਾਲਾ ਦੇ ਸੂਤਰਾਂ ਮੁਤਾਬਕ ਮੌਜੂਦਾ ਛੋਟ ਲਿਮਟ 'ਚ ਘੱਟੋ-ਘੱਟੋ 50,000 ਰੁਪਏ ਤਕ ਦਾ ਵਾਧਾ ਕੀਤਾ ਜਾ ਸਕਦਾ ਹੈ। ਫਿਲਹਾਲ 2.5 ਲੱਖ ਰੁਪਏ ਸਾਲਾਨਾ ਕਮਾਉਣ ਵਾਲੇ ਲੋਕਾਂ ਨੂੰ ਇਨਕਮ ਟੈਕਸ ਨਹੀਂ ਦੇਣਾ ਪੈਂਦਾ ਹੈ। ਇਸ ਲਿਮਟ ਨੂੰ ਵਧਾ ਕੇ 3 ਲੱਖ ਰੁਪਏ ਸਾਲਾਨਾ ਕੀਤਾ ਜਾ ਸਕਦਾ ਹੈ।

ਉੱਥੇ ਹੀ 80-ਸੀ ਤਹਿਤ ਨਿਵੇਸ਼ ਨਾਲ ਟੈਕਸ 'ਚ ਮਿਲਣ ਵਾਲੇ ਫਾਇਦੇ ਦਾ ਦਾਇਰਾ ਵੀ ਵਧਾਇਆ ਜਾ ਸਕਦਾ ਹੈ। 80-ਸੀ ਤਹਿਤ ਮਿਲਣ ਵਾਲੀ ਛੋਟ 1.5 ਲੱਖ ਤੋਂ ਵਧਾ ਕੇ 2 ਲੱਖ ਰੁਪਏ ਕੀਤੀ ਜਾ ਸਕਦੀ ਹੈ। ਇਸ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਵਿੱਤ ਮੰਤਰਾਲਾ ਦੇ ਸੂਤਰਾਂ ਮੁਤਾਬਕ, ਜੇਕਰ ਇਸ ਤਰ੍ਹਾਂ ਹੁੰਦਾ ਹੈ, ਤਾਂ ਸਾਲਾਨਾ 5 ਲੱਖ ਰੁਪਏ ਤਕ ਕਮਾਉਣ ਵਾਲਿਆਂ ਨੂੰ ਇਨਕਮ ਟੈਕਸ ਤੋਂ ਛੋਟ ਮਿਲ ਜਾਵੇਗੀ।
 

ਕਸਟਮ ਡਿਊਟੀ-
ਸੂਤਰਾਂ ਮੁਤਾਬਕ ਸਰਕਾਰ ਭਾਰਤ 'ਚ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਕਸਟਮ ਡਿਊਟੀ ਦੇ ਢਾਂਚੇ 'ਚ ਬਦਲਾਅ ਕਰਨ ਜਾ ਰਹੀ ਹੈ, ਤਾਂ ਕਿ ਦਰਾਮਦ ਕੱਚਾ ਮਾਲ ਸਸਤਾ ਹੋ ਸਕੇ। ਫਿਲਹਾਲ ਕਈ ਚੀਜ਼ਾਂ ਹਨ ਜਿਨ੍ਹਾਂ ਨੂੰ ਦਰਾਮਦ ਕਰਨਾ ਭਾਰਤ 'ਚ ਬਣਾਉਣ ਦੇ ਮੁਕਾਬਲੇ ਸਸਤਾ ਪੈਂਦਾ ਹੈ ਕਿਉਂਕਿ ਅਜਿਹੀ ਚੀਜ਼ਾਂ ਦੇ ਨਿਰਮਾਣ ਨਾਲ ਜੁੜੇ ਕੱਚੇ ਮਾਲ ਜਾਂ ਉਨ੍ਹਾਂ ਦੇ ਪਾਰਟ ਦੀ ਦਰਾਮਦ 'ਤੇ ਡਿਊਟੀ ਜ਼ਿਆਦਾ ਹੈ। ਦੂਜੇ ਪਾਸੇ, ਤਿਆਰ ਚੀਜ਼ਾਂ 'ਤੇ ਦਰਾਮਦ ਡਿਊਟੀ ਘੱਟ ਹੈ। ਸਰਕਾਰ ਇਸ ਨੂੰ ਬਦਲਣਾ ਚਾਹੁੰਦੀ ਹੈ। ਇਸ ਲਈ ਹੁਣ ਬਣੇ-ਬਣਾਏ ਸਮਾਨਾਂ 'ਤੇ ਡਿਊਟੀ ਜ਼ਿਆਦਾ ਹੋਵੇਗੀ ਅਤੇ ਉਨ੍ਹਾਂ ਨੂੰ ਬਣਾਉਣ ਲਈ ਇਸਤੇਮਾਲ ਕੀਤੇ ਜਾਂਦੇ ਕੱਚੇ ਮਾਲ 'ਤੇ ਡਿਊਟੀ ਘਟਾ ਦਿੱਤੀ ਜਾਵੇਗੀ। ਖਾਸ ਤੌਰ 'ਤੇ ਇਲੈਕਟ੍ਰਾਨਿਕਸ ਚੀਜ਼ਾਂ ਦੀ ਦਰਾਮਦ ਨਾਲ ਜੁੜੀ ਕਸਟਮ ਡਿਊਟੀ ਬਦਲਣ ਦੀ ਪੂਰੀ ਸੰਭਾਵਨਾ ਹੈ।