ਬਜਟ2018 : ਇਕ ਕਲਿੱਕ 'ਤੇ ਜਾਣੋ ਵਿੱਤ ਮੰਤਰੀ ਦੇ ਅਹਿਮ ਐਲਾਨ

02/01/2018 9:50:13 PM

ਨਵੀਂ ਦਿੱਲੀ— ਨਰਿੰਦਰ ਮੋਦੀ ਸਰਕਾਰ 'ਚ ਵਿੱਤ ਮੰਤਰੀ ਦੇ ਤੌਰ 'ਤੇ ਅਰੁਣ ਜੇਤਲੀ ਨੇ ਵੀਰਵਾਰ ਨੂੰ ਪੰਜਵਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਖਰੀ ਪੂਰਣ ਬਜਟ ਪੇਸ਼ ਕੀਤਾ। ਇਹ ਦੂਜਾ ਸਾਲ ਹੈ, ਜਦੋਂ ਸਾਲਾਨਾ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਆਮ ਬਜਟ 28 ਫਰਵਰੀ ਨੂੰ ਪੇਸ਼ ਕੀਤਾ ਜਾਂਦਾ ਸੀ। ਪਿਛਲੇ ਸਾਲ ਦੀ ਤਰ੍ਹਾਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ ਵਾਰ ਵੀ ਰੇਲ ਅਤੇ ਆਮ ਬਜਟ ਇਕੱਠੇ ਪੇਸ਼ ਕੀਤੇ। ਇਸ 'ਚ ਕਿਸਾਨਾਂ ਅਤੇ ਇੰਡਸਟਰੀ ਲਈ ਕੁਝ ਅਹਿਮ ਐਲਾਨ ਕੀਤੇ ਗਏ।

1. ਇਨਕਮ ਟੈਕਸ 'ਚ ਨਹੀਂ ਮਿਲੀ ਖਾਸ ਰਾਹਤ
ਇਨਕਮ ਟੈਕਸ 'ਚ ਰਾਹਤ ਦੀ ਉਮੀਦ ਰੱਖੀ ਬੈਠੇ ਨੌਕਰੀਪੇਸ਼ਾ ਲੋਕਾਂ ਨੂੰ ਕੋਈ ਖਾਸ ਰਾਹਤ ਨਹੀਂ ਦਿੱਤੀ ਗਈ। ਵਿੱਤ ਮੰਤਰੀ ਨੇ ਬਜਟ ਭਾਸ਼ਣ 'ਚ ਟੈਕਸ ਛੋਟ ਦੀ ਲਿਮਟ ਵਧਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦਾ ਮਤਲਬ ਹੈ ਕਿ ਟੈਕਸ ਦਾਤਾਵਾਂ ਲਈ ਬਜਟ 2017 ਦੀਆਂ ਟੈਕਸ ਦਰਾਂ ਹੀ ਲਾਗੂ ਰਹਿਣਗੀਆਂ। ਹਾਲਾਂਕਿ, ਨੌਕਰੀਪੇਸ਼ਾ ਕਲਾਸ ਦੀ ਮੌਜੂਦਾ ਟੈਕਸਯੋਗ ਆਮਦਨ 'ਚੋਂ 40 ਹਜ਼ਾਰ ਰੁਪਏ ਦੀ ਸਟੈਂਡਰਡ ਕਟੌਤੀ ਦਾ ਨਿਯਮ ਲਿਆਂਦਾ ਗਿਆ ਹੈ, ਯਾਨੀ ਜਿੰਨੀ ਤਨਖਾਹ 'ਤੇ ਟੈਕਸ ਬਣੇਗਾ, ਉਸ ਚੋਂ 40 ਹਜ਼ਾਰ ਘਟਾ ਕੇ ਟੈਕਸ ਦੇਣਾ ਹੋਵੇਗਾ। ਬਜਟ ਪ੍ਰਸਤਾਵਾਂ ਮੁਤਾਬਕ, ਤਨਖਾਹ ਧਾਰਕਾਂ ਨੂੰ ਟਰਾਂਸਪੋਰਟ ਭੱਤਾ ਅਤੇ ਮੈਡੀਕਲ ਖਰਚਿਆਂ ਦੀ ਅਦਾਇਗੀ ਲਈ ਮੌਜੂਦਾ ਛੋਟ ਦੀ ਥਾਂ ਆਮਦਨ 'ਤੇ 40,000 ਰੁਪਏ ਦੀ ਸਟੈਂਡਰਡ ਕਟੌਤੀ ਮਿਲੇਗੀ। ਇਸ ਨਾਲ 2.5 ਕਰੋੜ ਤਨਖਾਹ ਧਾਰਕਾਂ ਅਤੇ ਪੈਨਸ਼ਨ ਧਾਰਕਾਂ ਨੂੰ ਫਾਇਦਾ ਹੋਵੇਗਾ। ਉੱਥੇ ਹੀ, ਹੈਲਥ ਅਤੇ ਐਜ਼ੂਕੇਸ਼ਨ ਸੈੱਸ ਵਧਾ ਕੇ 4 ਫੀਸਦੀ ਕਰ ਦਿੱਤਾ ਗਿਆ ਹੈ।

2. ਕਿਸਾਨਾਂ ਲਈ ਖੁੱਲ੍ਹਾ ਜੇਤਲੀ ਦਾ ਪਿਟਾਰਾ
ਸਰਕਾਰ ਨੇ ਅਗਾਮੀ ਖਰੀਦ ਦੀਆਂ ਫਸਲਾਂ ਨੂੰ ਉਤਪਾਦਨ ਲਾਗਤ ਤੋਂ ਘੱਟੋ-ਘੱਟ ਡੇਢ ਗੁਣਾ ਕੀਮਤ 'ਤੇ ਲੈਣ ਦਾ ਫੈਸਲਾ ਕੀਤਾ ਹੈ। 2022 ਤਕ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ ਦਾ ਟੀਚਾ ਪ੍ਰਾਪਤ ਕਰਨ ਲਈ ਵਿੱਤ ਮੰਤਰੀ ਨੇ ਮੌਜੂਦਾ ਸਰਕਾਰ ਦੇ ਆਖਰੀ ਪੂਰਣ ਬਜਟ 'ਚ ਸਰਕਾਰ ਦਾ ਸੰਕਲਪ ਦੁਹਰਾਇਆ ਅਤੇ ਕਿਹਾ ਕਿ ਕਿਸਾਨਾਂ ਨੂੰ ਲਾਗਤ ਤੋਂ ਡੇਢ ਗੁਣਾ ਕੀਮਤ ਮਿਲੇ, ਇਸ ਨੂੰ ਯਕੀਨੀ ਬਣਾਉਣ ਲਈ ਬਾਜ਼ਾਰ ਮੁੱਲ ਅਤੇ ਸਮਰਥਨ ਮੁੱਲ (ਐੱਮ. ਐੱਸ. ਪੀ.) 'ਚ ਫਰਕ ਦੀ ਰਕਮ ਦਾ ਭਾਰ ਸਰਕਾਰ ਚੁੱਕੇਗੀ, ਯਾਨੀ ਬਾਜ਼ਾਰ ਦੇ ਮੁੱਲ ਜੇਕਰ ਐੱਮ. ਐੱਸ. ਪੀ. ਤੋਂ ਘੱਟ ਹੋਣਗੇ ਤਾਂ ਸਰਕਾਰ ਇਹ ਯਕੀਨੀ ਕਰੇਗੀ ਕਿਸਾਨਾਂ ਨੂੰ ਬਾਕੀ ਪੈਸੇ ਦਿੱਤੇ ਜਾਣ।

3. ਮੋਬਾਇਲ ਤੋਂ ਲੈ ਕੇ ਟੀਵੀ ਤਕ ਹੋਣਗੇ ਮਹਿੰਗੇ
ਮੇਕ ਇਨ ਇੰਡੀਆ ਨੂੰ ਵਾਧਾ ਦੇਣ ਲਈ ਸਰਕਾਰ ਨੇ ਦੇਸ਼ ਦੇ ਬਾਹਰ ਤੋਂ ਆਉਣ ਵਾਲੇ ਸਾਮਾਨਾਂ 'ਤੇ ਕਸਟਮ ਡਿਊਟੀ ਵਧਾ ਦਿੱਤੀ ਹੈ ਅਤੇ ਇਸ ਵਜ੍ਹਾ ਨਾਲ ਜ਼ਿਆਦਾਤਰ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ। ਮੋਬਾਇਲ 'ਤੇ ਕਸਟਮ ਡਿਊਟੀ 15 ਫੀਸਦੀ ਤੋਂ ਵਧਾ ਕੇ 20 ਫੀਸਦੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੋਬਾਇਲ ਫੋਨਾਂ ਨਾਲ ਜੁੜੇ ਸਾਮਾਨਾਂ 'ਤੇ ਕਸਮਟ ਡਿਊਟੀ 7.5-10 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਗਈ ਹੈ। ਮੋਬਾਇਲ ਫੋਨ ਦਾ ਚਾਰਜਰ, ਐਡਾਪਟਰ ਵੀ ਮਹਿੰਗੇ ਹੋਣਗੇ। ਇਨ੍ਹਾਂ 'ਤੇ ਪਹਿਲਾਂ ਕੋਈ ਕਸਟਮ ਡਿਊਟੀ ਨਹੀਂ ਸੀ ਲੱਗਦੀ ਪਰ ਹੁਣ ਇਨ੍ਹਾਂ 'ਤੇ 10 ਫੀਸਦੀ ਕਸਟਮ ਡਿਊਟੀ ਕਰ ਦਿੱਤੀ ਗਈ ਹੈ। ਐੱਲ. ਸੀ. ਡੀ., ਐੱਲ. ਈ. ਡੀ. ਟੀਵੀ ਅਤੇ ਇਨ੍ਹਾਂ ਦੇ ਪਾਰਟਸ ਵੀ ਮਹਿੰਗੇ ਹੋਣਗੇ। ਇਨ੍ਹਾਂ 'ਤੇ ਕਸਟਮ ਡਿਊਟੀ 7.5-10 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਗਈ ਹੈ।

4. ਮਹਿਲਾਵਾਂ ਲਈ ਬਜਟ 'ਚ ਹੋਏ ਖਾਸ ਐਲਾਨ
ਜੇਤਲੀ ਨੇ ਕੰਮਕਾਜੀ ਮਹਿਲਾਵਾਂ ਨੂੰ ਰਾਹਤ ਦਿੰਦੇ ਹੋਏ ਨੌਕਰੀ ਦੇ ਸ਼ੁਰੂਆਤੀ ਤਿੰਨ ਸਾਲਾਂ ਤਕ ਪੀ. ਐੱਫ. ਯੋਗਦਾਨ 12 ਫੀਸਦੀ ਤੋਂ ਘਟਾ ਕੇ 8 ਫੀਸਦੀ ਕਰ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਮਹਿਲਾਵਾਂ ਨੂੰ ਹੱਥਾਂ 'ਚ ਮਿਲਣ ਵਾਲੀ ਤਨਖਾਹ 'ਚ ਵਾਧਾ ਹੋਵੇਗਾ। ਸਰਕਾਰ ਨੇ ਉਜਵਲਾ ਯੋਜਨਾ ਤਹਿਤ 8 ਕਰੋੜ ਮਹਿਲਾਵਾਂ ਨੂੰ ਮੁਫਤ ਗੈਸ ਕੁਨੈਕਸ਼ਨ ਦੇਣ ਦਾ ਐਲਾਨ ਕੀਤਾ ਹੈ। ਮਹਿਲਾ ਸਵੈ-ਸਹਾਇਤਾ ਸਮੂਹਾਂ ਲਈ ਕਰਜ਼ੇ ਨੂੰ ਵਧਾ ਕੇ 75,000 ਕਰੋੜ ਰੁਪਏ ਕੀਤਾ ਜਾਵੇਗਾ। ਇਹ ਵਿਵਸਥਾ ਮਾਰਚ 2019 ਤਕ ਰਹੇਗੀ।

5. ਐਕ‍ਸਾਈਜ਼ ਡਿਊਟੀ ਘਟੀ ਪਰ ਪੈਟਰੋਲ-ਡੀਜ਼ਲ ਦੇ ਮੁੱਲ ਨਹੀਂ ਘਟਣਗੇ
ਬਜਟ ਵਿੱਚ ਸਰਕਾਰ ਨੇ ਪੈਟਰੋਲ-ਡੀਜ਼ਲ 'ਤੇ ਲੱਗਣ ਵਾਲੀ ਬੇਸਿਕ ਐਕ‍ਸਾਈਜ਼ ਡਿਊਟੀ ਨੂੰ 2 ਰੁਪਏ ਘਟਾ ਦਿੱਤਾ ਅਤੇ 6 ਰੁਪਏ ਦੀ ਵਾਧੂ ਐਕ‍ਸਾਈਜ਼ ਡਿਊਟੀ ਨੂੰ ਖਤ‍ਮ ਕਰ ਦਿੱਤਾ। ਉੱਥੇ ਹੀ ਦੂਜੇ ਪਾਸੇ 8 ਰੁਪਏ ਪ੍ਰਤੀ ਲੀਟਰ ਦਾ ਰੋਡ ਸੈੱਸ ਲਾਗੂ ਕਰ ਦਿੱਤਾ। ਸਰਕਾਰ ਦੇ ਇਸ ਫੈਸਲੇ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਰਾਹਤ ਨਹੀਂ ਮਿਲਣ ਵਾਲੀ ਹੈ।


6. ਰੇਲਵੇ ਲਈ ਕੀਤੇ ਗਏ ਇਹ ਐਲਾਨ
ਬਜਟ ਵਿੱਚ ਰੇਲਵੇ ਲਈ 1.48 ਲੱਖ ਕਰੋੜ ਰੁਪਏ ਦੀ ਕੁੱਲ ਵੰਡ ਕੀਤੀ ਗਈ ਹੈ, ਜਦੋਂ ਕਿ ਪਿਛਲੇ ਸਾਲ 2017 ਵਿੱਚ 1.31 ਲੱਖ ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਸੀ।ੳਉੱਥੇ ਹੀ 25,000 ਤੋਂ ਜ਼ਿਆਦਾ ਫੁਟਫਾਲ ਵਾਲੇ ਸਟੇਸ਼ਨਾਂ ਵਿੱਚ ਐਸਕਲੇਟਰਸ ਲੱਗਣਗੇ।ਇਸ ਵਾਰ ਬਜਟ ਵਿੱਚ ਤੁਹਾਡੀ ਸੇਫਟੀ ਦਾ ਧਿ‍ਆਨ ਰੱਖਿਆ ਗਿਆ ਹੈ। ਵਿੱਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਰੇਲਵੇ ਦੀਆਂ 3600 ਕਿਲੋਮੀਟਰ ਨਵੀਆਂ ਪਟੜੀਆਂ ਵਿਛਾਈਆਂ ਜਾਣਗੀਆਂ।


7. ਸੀਨੀਅਰ ਸਿਟੀਜ਼ਨਸ ਲਈ ਰਾਹਤ ਦਾ ਐਲਾਨ
ਵਿੱ‍ਤ ਮੰਤਰੀ ਨੇ ਆਮ ਬਜਟ ਵਿੱਚ ਸੀਨੀਅਰ ਸਿਟੀਜ਼ਨਸ ਨੂੰ ਵੱਡੀ ਰਾਹਤ ਦਿੱਤੀ ਹੈ।ਸੀਨੀਅਰ ਸਿਟੀਜ਼ਨਸ ਨੂੰ ਹੁਣ 50,000 ਰੁਪਏ ਤੱਕ ਦੀ ਵਿਆਜ ਇਨਕਮ 'ਤੇ ਟੈਕ‍ਸ ਛੋਟ ਮਿਲੇਗੀ।ਪਹਿਲਾਂ ਇਹ ਲਿਮਟ 10,000 ਰੁਪਏ ਸੀ।ਇਸ ਦੇ ਇਲਾਵਾ ਸੀਨੀਅਰ ਸਿਟੀਜ਼ਨਸ ਹੁਣ ਇਨਕਮ ਟੈਕ‍ਸ ਐਕ‍ਟ ਦੇ ਸੈਕ‍ਸ਼ਨ 80ਡੀ ਤਹਿਤ 50,000 ਰੁਪਏ ਤੱਕ ਮੈਡੀਕਲ ਖਰਚ 'ਤੇ ਟੈਕ‍ਸ ਛੋਟ ਕ‍ਲੇਮ ਕਰ ਸਕਣਗੇ।