ਪੈਟਰੋਲ-ਡੀਜ਼ਲ ਦੇਵੇਗਾ ਹੋਰ ਝਟਕਾ, ਜਲਦ 65 ਡਾਲਰ ਤੱਕ ਜਾ ਸਕਦਾ ਹੈ ਬ੍ਰੈਂਟ

01/12/2021 6:55:59 PM

ਸਿੰਗਾਪੁਰ- ਸੰਯੁਕਤ ਰਾਜ ਅਮਰੀਕਾ ਵਿਚ ਕੱਚੇ ਤੇਲ ਦਾ ਉਤਪਾਦਨ ਲਗਾਤਾਰ ਪੰਜਵੇਂ ਹਫ਼ਤੇ ਘੱਟ ਰਹਿਣ ਦੀ ਸੰਭਾਵਨਾ ਦੇ ਮੱਦੇਨਜ਼ਰ ਮੰਗਲਵਾਰ ਨੂੰ ਤੇਲ ਕੀਮਤਾਂ ਵਿਚ ਤੇਜ਼ੀ ਦੇਖਣ ਨੂੰ ਮਿਲੀ। ਹਾਲਾਂਕਿ, ਦੁਨੀਆ ਭਰ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਵਧਦੇ ਮਾਮਲਿਆਂ ਕਾਰਨ ਉਛਾਲ ਸੀਮਤ ਰਿਹਾ।

ਬ੍ਰੈਂਟ ਕੱਚੇ ਤੇਲ ਦੀ ਕੀਮਤ ਕਾਰੋਬਾਰ ਦੌਰਾਨ 0.4 ਫ਼ੀਸਦੀ ਚੜ੍ਹ ਕੇ 55.88 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈ। ਉੱਥੇ ਹੀ, ਡਬਲਿਊ. ਟੀ. ਆਈ. ਕਰੂਡ 0.5 ਫ਼ੀਸਦੀ ਵੱਧ ਕੇ 52.50 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਕੱਚੇ ਤੇਲ ਵਿਚ ਉਛਾਲ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ 'ਤੇ ਦਬਾਅ ਵਧੇ ਰਹਿਣ ਦਾ ਖ਼ਦਸ਼ਾ ਹੈ।

ਇਹ ਵੀ ਪੜ੍ਹੋ- SBI ਨੇ ਇਕ ਸਾਲ ਦੀ FD 'ਤੇ ਵਿਆਜ ਦਰ 'ਚ ਕੀਤਾ 0.10 ਫ਼ੀਸਦੀ ਵਾਧਾ

ਬਾਜ਼ਾਰ ਜਾਣਕਾਰਾਂ ਦਾ ਮੰਨਣਾ ਹੈ ਕਿ ਅਮਰੀਕਾ ਵਿਚ ਆਰਥਿਕ ਪੈਕੇਜ ਦੇ ਆਉਣ ਨਾਲ ਕੀਮਤਾਂ ਵਿਚ ਤੇਜ਼ੀ ਬਣੀ ਰਹਿ ਸਕਦੀ ਹੈ। ਬਾਈਡੇਨ ਨੇ ਸੱਤਾ ਸੰਭਾਲਣ 'ਤੇ ਲੱਖਾਂ ਡਾਲਰ ਦਾ ਮਹਾਮਾਰੀ ਰਾਹਤ ਪੈਕੇਜ ਜਾਰੀ ਕਰਨ ਦੀ ਗੱਲ ਆਖ਼ੀ ਹੈ। ਗੋਲਡਮੈਨ ਸਾਕਸ ਦਾ ਮੰਨਣਾ ਹੈ ਕਿ ਡੈਮੋਕ੍ਰੇਟਸ ਦੇ ਸੱਤਾ ਸੰਭਾਲਣ ਅਤੇ ਸਾਊਦੀ ਵੱਲੋਂ ਉਤਪਾਦਨ ਵਿਚ ਕਟੌਤੀ ਨਾਲ 2021 ਵਿਚ ਗਰਮੀਆਂ ਤੱਕ ਹੀ ਬ੍ਰੈਂਟ 65 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦਾ ਹੈ। ਇਸ ਤੋਂ ਪਹਿਲਾਂ ਗੋਲਡਮੈਨ ਸਾਕਸ ਨੇ ਸਾਲ ਦੇ ਅੰਤ ਤੱਕ ਇਸ ਦੇ 65 ਡਾਲਰ ਪ੍ਰਤੀ ਬੈਰਲ ਹੋਣ ਦੀ ਉਮੀਦ ਜਤਾਈ ਸੀ।

ਇਹ ਵੀ ਪੜ੍ਹੋ- ਬਜਟ 2021 : ਇਕੁਇਟੀ 'ਤੇ LTCG ਟੈਕਸ 'ਚ ਕੀਤਾ ਜਾ ਸਕਦਾ ਹੈ ਵਾਧਾ

ਗੌਰਤਲਬ ਹੈ ਕਿ ਸਾਊਦੀ ਅਰਬ ਨੇ ਕਿਹਾ ਹੈ ਕਿ ਉਹ ਅਗਲੇ ਮਹੀਨੇ ਤੋਂ ਕੱਚੇ ਤੇਲ ਦੇ ਇਕ ਦਿਨ ਵਿਚ ਹੋਣ ਵਾਲੇ ਉਤਪਾਦਨ ਨੂੰ 10 ਲੱਖ ਬੈਰਲ ਘਟਾ ਦੇਵੇਗਾ। ਪਿਛਲੇ ਦਿਨੀਂ ਸਾਊਦੀ ਦੇ ਊਰਜਾ ਮੰਤਰੀ ਅਬਦੁਲਾਜ਼ੀਜ਼ ਬਿਨ ਸਲਮਾਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਹ ਕਦਮ ਆਪਣੇ ਦੇਸ਼ ਦੀ ਆਰਥਿਕਤਾ, ਓਪੇਕ-ਪਲੱਸ ਦੇਸ਼ਾਂ ਦੀ ਆਰਥਿਕਤਾ ਅਤੇ ਉਦਯੋਗਾਂ ਦੀ ਬਿਹਤਰੀ ਦੇ ਉਦੇਸ਼ ਨਾਲ ਚੁੱਕਿਆ ਹੈ। ਇਸ ਦੇ ਨਾਲ ਹੀ ਇਹ ਵੀ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਪੈਟਰੋਲ-ਡੀਜ਼ਲ 'ਤੇ 25 ਪੈਸੇ ਪ੍ਰਤੀ ਲਿਟਰ ਦਾ ਵਿਸ਼ੇਸ਼ ਸੈੱਸ ਲਾ ਦਿੱਤਾ ਹੈ। ਪੰਜਾਬ ਵਿਚ ਪਹਿਲਾਂ ਹੀ ਚੰਡੀਗੜ੍ਹ ਨਾਲੋਂ ਪੈਟਰੋਲ ਤਕਰੀਬਨ ਪੰਜ ਰੁਪਏ ਅਤੇ ਡੀਜ਼ਲ 2 ਰੁਪਏ ਮਹਿੰਗਾ ਹੈ।

ਇਹ ਵੀ ਪੜ੍ਹੋ- ਬਜਟ 2021 : ਸਰਕਾਰ ਖ਼ਜ਼ਾਨਾ ਭਰਨ ਲਈ ਲਾ ਸਕਦੀ ਹੈ 'ਕੋਵਿਡ-19 ਟੈਕਸ'

Sanjeev

This news is Content Editor Sanjeev