ਟਾਟਾ ਦੇ ਸੁਪਰ ਐਪ ’ਤੇ ਹੋਰ ਕੰਪਨੀਆਂ ਦੇ ਵੀ ਬ੍ਰਾਂਡ ਮੁਹੱਈਆ ਹੋਣਗੇ : ਚੰਦਰਸ਼ੇਖਰਨ

04/15/2022 2:36:34 PM

ਮੁੰਬਈ (ਭਾਸ਼ਾ) – ਟਾਟਾ ਸਮੂਹ ਦੇ ਚੇਅਰਮੈਨ ਨਟਰਾਜਨ ਚੰਦਰਸ਼ੇਖਰਨ ਨੇ ਵੀਰਵਾਰ ਨੂੰ ਕਿਹਾ ਕਿ ਸਮੂਹ ਵਲੋਂ ਹਾਲ ਹੀ ’ਚ ਪੇਸ਼ ਸੁਪਰ ਐਪ ਨਿਊ ਇਕ ਖੁੱਲ੍ਹੇ ਢਾਂਚੇ ’ਤੇ ਹੈ ਅਤੇ ਇਸ ’ਚ ਸਮੂਹ ਦੇ ਬਾਹਰ ਦੇ ਬ੍ਰਾਂਡ ਵੀ ਮੁਹੱਈਆ ਹੋਣਗੇ। ਟਾਟਾ ਨੇ ਸੱਤ ਅਪ੍ਰੈਲ ਨੂੰ ਸੁਪਰ ਐਪ ਨਿਊ ਪੇਸ਼ ਕੀਤਾ। ਚੰਦਰਸ਼ੇਖਰਨ ਨੇ ਕਿਹਾ ਕਿ ਐਪ ਸ਼ੁਰੂ ਹੋਏ ਹਾਲੇ ਸੱਤ ਦਿਨ ਹੋਏ ਹਨ ਪਰ ਇੰਨੇ ਸਮੇਂ ’ਚ ਹੀ ਇਸ ਨੂੰ ਸ਼ਾਨਦਾਰ ਪ੍ਰਤੀਕਿਰਿਆ ਮਿਲੀ ਹੈ। ਇਹ ਐਪ ਇਕ ਖੁੱਲ੍ਹੇ ਢਾਂਚੇ ’ਤੇ ਹੈ ਅਤੇ ਇਸ ’ਚ ਟਾਟਾ ਸਮੂਹ ਤੋਂ ਵੱਖਰੀਆਂ ਕੰਪਨੀਆਂ ਦੇ ਵੀ ਬ੍ਰਾਂਡ ਮੁਹੱਈਆ ਹੋਣਗੇ। ਇਸ ਸੁਪਰ ਐਪ ਰਾਹੀਂ ਕਰਿਆਨੇ ਤੋਂ ਲੈ ਕੇ ਹੋਟਲ, ਏਅਰਲਾਈਨ ਟਿਕਟ ਬੁਕਿੰਗ ਅਤੇ ਦਵਾਈਆਂ ਦੀ ਵਿਕਰੀ ਨੂੰ ਇਕ ਮੰਚ ’ਤੇ ਲਿਆਂਦਾ ਗਿਆ ਹੈ। ਇਸ ਤਰ੍ਹਾਂ ਨਾਲ ਇਹ ਐਮਾਜ਼ੋਨ ਅਤੇ ਫਲਿੱਪਕਾਰਟ ਵਰਗੀਆਂ ਈ-ਕਾਮਰਸ ਕੰਪਨੀਆਂ ਨੂੰ ਵੱਡੀ ਟੱਕਰ ਦੇਵੇਗਾ।

ਚੰਦਰਸ਼ੇਖਰਨ ਨੇ ਪਿਛਲੇ ਹਫਤੇ ਐਪ ਪੇਸ਼ ਕੀਤੇ ਜਾਣ ਮੌਕੇ ਕਿਹਾ ਸੀ ਕਿ ਟਾਟਾ ਨਿਊ ਅਜਿਹਾ ਮੰਚ ਹੈ ਜੋ ਸਾਡੇ ਸਾਰੇ ਬ੍ਰਾਂਡ ਨੂੰ ਇਕ ਮੰਚ ’ਤੇ ਲਿਆਉਂਦਾ ਹੈ। ਇਹ ਸਮੂਹ ਦੇ ਰਵਾਇਤੀ ‘ਗਾਹਕ ਸਭ ਤੋਂ ਪਹਿਲਾਂ’ ਦੇ ਦ੍ਰਿਸ਼ਟੀਕੋਣ ਨੂੰ ਤਕਨਾਲੋਜੀ ਦੇ ਆਧੁਨਿਕ ਲੋਕਾਚਾਰ ਨਾਲ ਜੋੜਦਾ ਹੈ। ਏਅਰ ਏਸ਼ੀਆ, ਬਿੱਗ ਬਾਸਕੇਟ, ਕ੍ਰੋਮਾ, ਆਈ. ਐੱਚ. ਸੀ. ਐੱਲ., ਸਟਾਰਬਕਸ, ਟਾਟਾ 1 ਐੱਮ. ਜੀ., ਟਾਟਾ ਕਲਿੱਕ, ਟਾਟਾ ਪਲੇ, ਵੈਸਟਸਾਈਟ ਵਰਗੇ ਟਾਟਾ ਦੇ ਬ੍ਰਾਂਡ ਨਿਊ ਮੰਚ ’ਤੇ ਮੁਹੱਈਆ ਹਨ। ਛੇਤੀ ਹੀ ਵਿਸਤਾਰਾ, ਏਅਰ ਇੰਡੀਆ, ਟਾਈਟਨ, ਟਾਟਾ ਮੋਟਰਜ਼ ਆਦਿ ਵੀ ਇਸ ਨਾਲ ਜੁੜਨਗੇ। ਟਾਟਾ ਸੰਨਜ਼ ਪਿਛਲੇ ਸਾਲ ਤੋਂ ਐਪ ਦਾ ਪ੍ਰੀਖਣ ਕਰ ਰਹੀ ਸੀ ਕਿਉਂਕਿ ਉਹ ਤੇਜ਼ੀ ਨਾਲ ਵਧਦੇ ਈ-ਕਾਮਰਸ ਖੇਤਰ ’ਚ ਇਕ ਵੱਡੀ ਭੂਮਿਕਾ ਨਿਭਾਉਣਾ ਚਾਹੁੰਦੀ ਹੈ। ਸਮੂਹ ਨੇ ਇਸ ਕੜੀ ’ਚ ਕਈ ਆਨਲਾਈਨ ਕੰਪਨੀਆਂ ਦੀ ਵੀ ਪ੍ਰਾਪਤੀ ਕੀਤੀ ਹੈ। ਇਸ ’ਚ ਕਰਿਆਨੇ ਦਾ ਸਾਮਾਨ ਸਪਲਾਈ ਕਰਨ ਵਾਲੇ ਮੰਚ ਬਿੱਗ ਬਾਸਕੇਟ ਅਤੇ ਆਨਲਾਈਨ ਫਾਰਮੇਸੀ ਕੰਪਨੀ 1ਐੱਮ. ਜੀ. ਸ਼ਾਮਲ ਹਨ।

Harinder Kaur

This news is Content Editor Harinder Kaur