ਯਾਤਰੀ ਵਾਹਨਾਂ ਦੀ ਵਿਕਰੀ ਉੱਤੇ ਲੱਗੀ ਬ੍ਰੇਕ, ਇਸ ਕਾਰਨ ਅਪ੍ਰੈਲ ਮਹੀਨੇ ਲੋਕਾਂ ਨੇ ਖ਼ਰੀਦਦਾਰੀ ਤੋਂ ਕੀਤਾ ਪ੍ਰਹੇਜ਼

05/05/2023 10:58:26 AM

ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਉੱਤੇ ਬ੍ਰੇਕ ਲੱਗ ਗਈ। ਵਾਹਨਾਂ ਦੀ ਵਿਕਰੀ ’ਚ ਪਿਛਲੇ ਮਹੀਨੇ 1 ਫੀਸਦੀ ਦੀ ਗਿਰਾਵਟ ਆਈ ਹੈ। ਇਸ ਦੀ ਵਜ੍ਹਾ ਇਹ ਹੈ ਕਿ ਪਹਿਲੀ ਅਪ੍ਰੈਲ ਤੋਂ ਸਖਤ ਨਿਕਾਸੀ ਨਿਯਮ ਲਾਗੂ ਹੋਣ ਦੀ ਵਜ੍ਹਾ ਨਾਲ ਖਰੀਦਦਾਰਾਂ ਨੇ ਮਾਰਚ ਵਿਚ ਵਾਹਨ ਖਰੀਦਣਾ ਜ਼ਿਆਦਾ ਪਸੰਦ ਕੀਤਾ। ਵਾਹਨ ਡੀਲਰ ਸੰਘਾਂ ਦੇ ਮਹਾਸੰਘ (ਫਾਡਾ) ਨੇ ਇਹ ਜਾਣਕਾਰੀ ਦਿੱਤੀ।

ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਅਪ੍ਰੈਲ, 2023 ’ਚ ਘੱਟ ਕੇ 2,82,674 ਇਕਾਈ ਰਹਿ ਗਈ। ਅਪ੍ਰੈਲ, 2022 ’ਚ ਇਹ 2,86,539 ਇਕਾਈ ਰਹੀ ਸੀ। ਫਾਡਾ ਦੇ ਪ੍ਰਧਾਨ ਮਨੀਸ਼ ਰਾਜ ਸਿੰਘਾਨੀਆ ਨੇ ਕਿਹਾ,‘‘ਯਾਤਰੀ ਵਾਹਨ ਸੈਕਟਰ ਨੇ 2022-23 ’ਚ ਰਿਕਾਰਡ ਵਿਕਰੀ ਦਰਜ ਕੀਤੀ ਸੀ ਪਰ ਅਪ੍ਰੈਲ ’ਚ ਯਾਤਰੀ ਵਾਹਨ ਵਿਕਰੀ ਘੱਟ ਰਹੀ ਹੈ। ਇਸ ਦੀ ਮੁੱਖ ਵਜ੍ਹਾ ਪਿਛਲੇ ਸਾਲ ਦਾ ਉੱਚਾ ਆਧਾਰ ਪ੍ਰਭਾਵ ਅਤੇ ਓ. ਬੀ. ਡੀ. 2 ਏ ਨਿਯਮ ਹਨ, ਜਿਸ ਦੀ ਵਜ੍ਹਾ ਨਾਲ ਵਾਹਨ ਮਹਿੰਗੇ ਹੋ ਗਏ ਹਨ ਅਤੇ ਲੋਕਾਂ ਨੇ ਅਪ੍ਰੈਲ ਦੇ ਬਜਾਏ ਮਾਰਚ ’ਚ ਵਾਹਨ ਖਰੀਦਣਾ ਬਿਹਤਰ ਸਮਝਿਆ।’’

ਇਹ ਵੀ ਪੜ੍ਹੋ : ‘ਦਿਵਾਲੀਆ’ ਹੋਣ ਦੇ ਐਲਾਨ ਦਾ ਮਕਸਦ ਕੰਪਨੀ ‘ਵੇਚਣਾ’ ਨਹੀਂ ਸਗੋਂ ‘ਬਚਾਉਣਾ’!

ਅਪ੍ਰੈਲ ’ਚ ਦੋਪਹੀਆ ਵਾਹਨਾਂ ਦਾ ਰਜਿਸਟਰੇਸ਼ਨ 7 ਫੀਸਦੀ ਘੱਟ ਕੇ 12,29,911 ਇਕਾਈ ਰਿਹਾ, ਜਦੋਂਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 13,26,773 ਇਕਾਈ ਸੀ। ਸਿੰਘਾਨੀਆ ਨੇ ਕਿਹਾ ਕਿ ਵਿਕਰੀ ’ਚ ਗਿਰਾਵਟ ਦਾ ਕਾਰਨ ਓ. ਬੀ. ਡੀ. 2ਏ ਵੱਲ ਤਬਾਦਲਾ, ਬੇਮੌਸਮੀ ਵਰਖਾ ਅਤੇ ਮਾਰਚ ’ਚ ਖਰੀਦ ਨੂੰ ਪਹਿਲ ਰਹੀ। ਸਿੰਘਾਨੀਆ ਨੇ ਕਿਹਾ,‘‘ਦਿਹਾਤੀ ਅਰਥਵਿਵਸਥਾ ਨੇ ਅਜੇ ਤੱਕ ਮਹੱਤਵਪੂਰਨ ਤਰੱਕੀ ਨਹੀਂ ਵਿਖਾਈ ਹੈ। ਕੋਵਿਡ ਤੋਂ ਪਹਿਲਾਂ ਦੀ ਅਪ੍ਰੈਲ, 2019 ਦੀ ਮਿਆਦ ਦੀ ਤੁਲਣਾ ’ਚ ਦੋਪਹੀਆ ਵਾਹਨਾਂ ਦੀ ਵਿਕਰੀ ਹੁਣ ਵੀ 19 ਫੀਸਦੀ ਘੱਟ ਹੈ। ਤਿੰਨ ਪਹੀਆ ਵਾਹਨਾਂ ਦੀ ਪ੍ਰਚੂਨ ਵਿਕਰੀ ਪਿਛਲੇ ਮਹੀਨੇ 70,928 ਇਕਾਈ ਰਹੀ, ਜੋ ਅਪ੍ਰੈਲ, 2022 ਦੀ 45,114 ਇਕਾਈ ਦੀ ਤੁਲਣਾ ’ਚ 57 ਫੀਸਦੀ ਜ਼ਿਆਦਾ ਹੈ। ਇਸ ਤਰ੍ਹਾਂ, ਕਮਰਸ਼ੀਅਲ ਵਾਹਨਾਂ ਦਾ ਰਜਿਸਟਰੇਸ਼ਨ ਅਪ੍ਰੈਲ ’ਚ 2 ਫੀਸਦੀ ਵਧ ਕੇ 85,587 ਇਕਾਈ ਹੋ ਗਿਆ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 83,987 ਇਕਾਈ ਸੀ। ਅਪ੍ਰੈਲ, 2022 ਦੀ ਤੁਲਣਾ ’ਚ ਪਿਛਲੇ ਮਹੀਨੇ ਟਰੈਕਟਰ ਦੀ ਪ੍ਰਚੂਨ ਵਿਕਰੀ 1 ਫੀਸਦੀ ਵਧ ਕੇ 55,835 ਇਕਾਈ ਹੋ ਗਈ। ਵੱਖ-ਵੱਖ ਸ਼੍ਰੇਣੀਆਂ ’ਚ ਵਾਹਨਾਂ ਦੀ ਪ੍ਰਚੂਨ ਵਿਕਰੀ ਅਪ੍ਰੈਲ ’ਚ 4 ਫੀਸਦੀ ਘੱਟ ਕੇ 17,24,935 ਇਕਾਈ ਰਹੀ ਹੈ। ਪਿਛਲੇ ਸਾਲ ਇਸੇ ਮਹੀਨੇ ’ਚ ਇਹ ਅੰਕੜਾ 17,97,432 ਇਕਾਈ ਸੀ।

ਇਹ ਵੀ ਪੜ੍ਹੋ : ਅਮਰੀਕੀ ਫੈਡਰਲ ਨੇ ਲਗਾਤਾਰ 10ਵੀਂ ਵਾਰ ਵਿਆਜ ਦਰਾਂ 'ਚ ਕੀਤਾ ਵਾਧਾ, ਜਾਣੋ ਕਾਰਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur