ਕਾਲੇ ਧਨ ''ਤੇ ਸਖਤ ਕਾਰਵਾਈ ਕਰਨ ''ਚ ਸਰਕਾਰ, ਤੁਹਾਡੇ ਕੋਲ ਵੀ ਹੈ ਤਾਂ ਹੁਣੇ ਕੱਢ ਲਓ ਬਾਹਰ

09/27/2016 3:28:14 PM

ਨਵੀਂ ਦਿੱਲੀ— ਕਾਲੇ ਧਨ ਦੇ ਖੁਲਾਸੇ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਮਦਨ ਖੁਲਾਸਾ ਸਕੀਮ ਤਹਿਤ ਕਾਊਂਟਰ 30 ਸਤੰਬਰ ਦੀ ਅੱਧੀ ਰਾਤ ਤਕ ਖੁੱਲ੍ਹੇ ਰਹਿਣਗੇ। ਇਸ ਸਕੀਮ ਤਹਿਤ ਕੋਈ ਵੀ ਵਿਅਕਤੀ ਆਪਣੀ ਅਣਐਲਾਨੀ ਜਾਇਦਾਦ ਦਾ ਖੁਲਾਸਾ ਕਰਕੇ ਕਾਰਵਾਈ ਤੋਂ ਬਚ ਸਕਦਾ ਹੈ। ਕਾਲੇ ਧਨ ਦਾ ਖੁਲਾਸਾ ਆਨਲਾਈਨ ਵੀ ਕੀਤਾ ਜਾ ਸਕਦਾ ਹੈ।

ਕੇਂਦਰੀ ਪ੍ਰਤੱਖ ਟੈਕਸ ਬੋਰਡ ਵੱਲੋਂ ਜਾਰੀ ਬਿਆਨ ਮੁਤਾਬਕ ਆਮਦਨ ਖੁਲਾਸਾ ਸਕੀਮ ਤਹਿਤ ਦੇਸ਼ ਦੇ ਸਾਰੇ ਮੁੱਖ ਕਮਿਸ਼ਨਰਾਂ ਨੂੰ 30 ਸਤੰਬਰ ਦੀ ਅੱਧੀ ਰਾਤ ਤਕ ਇਹ ਵਿਵਸਥਾ ਪੱਕੀ ਕਰਨ ਲਈ ਕਿਹਾ ਗਿਆ ਹੈ। ਆਮਦਨ ਖੁਲਾਸਾ ਸਕੀਮ ਤਹਿਤ ਜਾਇਦਾਦ ਐਲਾਨ ਕਰਨ ''ਤੇ 45 ਫੀਸਦੀ ਟੈਕਸ ਅਤੇ ਜੁਰਮਾਨੇ ਦਾ ਭੁਗਤਾਨ ਕਰਨਾ ਹੋਵੇਗਾ। ਇਸ ਭੁਗਤਾਨ ਨੂੰ ਸਤੰਬਰ 2017 ਤਕ ਤਿੰਨ ਕਿਸ਼ਤਾਂ ''ਚ ਕੀਤਾ ਜਾ ਸਕੇਗਾ। ਇਸ ਸਕੀਮ ਤਹਿਤ ਬੇਹਿਸਾਬੀ ਜਾਇਦਾਦ ਦਾ ਐਲਾਨ ਕਰਕੇ ਲੋਕ ਕਾਰਵਾਈ ਤੋਂ ਬਚ ਸਕਦੇ ਹਨ ਅਤੇ ਪੂਰੀ ਤਰ੍ਹਾਂ ਸਾਫ ਹੋ ਕੇ ਨਿਕਲ ਸਕਦੇ ਹਨ। 
ਜ਼ੇਲ ਸਮੇਤ ਹੋਵੇਗੀ ਸਖਤ ਕਾਰਵਾਈ
ਕਾਲੇ ਧਨ ਦਾ ਖੁਲਾਸਾ ਕਰਨ ਦਾ ਇਹ ਆਖਰੀ ਮੌਕਾ ਹੈ। ਜੇਕਰ ਕੋਈ ਇਸ ਸਕੀਮ ਤਹਿਤ ਰਹਿ ਜਾਂਦਾ ਹੈ ਤਾਂ ਦੁਬਾਰਾ ਮੌਕਾ ਨਹੀਂ ਮਿਲੇਗਾ। ਸਰਕਾਰ ਨੇ ਕਿਹਾ ਹੈ ਕਿ ਇਸ ਤੋਂ ਬਾਅਦ ਕਾਲਾ ਧਨ ਰੱਖਣ ਵਾਲਿਆਂ ''ਤੇ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਾਲਾ ਧਨ ਰੱਖਣ ਵਾਲਿਆਂ ਦੀ ਰਾਤ ਦੀ ਨੀਂਦ ਉੱਡ ਜਾਵੇਗੀ। 
ਕੇਂਦਰ ਸਰਕਾਰ ਨੇ ਕਾਲਾ ਧਨ ਰੱਖਣ ਵਾਲਿਆਂ ਨੂੰ 30 ਸਤੰਬਰ ਦੇ ਬਾਅਦ ਜ਼ੇਲ ਸਮੇਤ ਹੋਰ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਕਾਲਾ ਧਨ ਰੱਖਣ ਵਾਲੇ ਸਮਾਂ ਰਹਿੰਦੇ ਇਸ ਦਾ ਖੁਲਾਸਾ ਕਰ ਦੇਣ ਤਾਂ ਕਿ ਅਰਾਮ ਦੀ ਨੀਂਦ ਸੌਂ ਸਕਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਸ ਚੋਰੀ ਦੇ ਮੱਦੇਨਜ਼ਰ ਪਹਿਲਾਂ ਵੀ ਕਈ ਲੋਕ ਜ਼ੇਲ ਗਏ ਹਨ। ਸਰਕਾਰ ਨੂੰ 30 ਸਤੰਬਰ ਬਾਅਦ ਉਹੀ ਕਦਮ ਚੁੱਕਣ ਲਈ ਮਜ਼ਬੂਰ ਨਾ ਕੀਤਾ ਜਾਵੇ।