28 ਨਵੰਬਰ ਨੂੰ ਹੜਤਾਲ ਕਰਨਗੇ Bharat Petroleum ਦੇ ਕਰਮਚਾਰੀ

11/25/2019 1:34:32 PM

ਨਵੀਂ ਦਿੱਲੀ — ਕੰਪਨੀ ਦੇ ਨਿੱਜੀਕਰਨ ਦੇ ਵਿਰੋਧ 'ਚ ਭਾਰਤ ਪੈਟਰੋਲੀਅਮ (ਬੀਪੀਸੀਐਲ) ਦੇ ਹਜ਼ਾਰਾਂ ਕਰਮਚਾਰੀ 28 ਨਵੰਬਰ ਨੂੰ ਹੜਤਾਲ ਕਰਨਗੇ। ਇਹ ਜਾਣਕਾਰੀ ਵਰਕਰ ਯੂਨੀਅਨ ਨੇਤਾਵਾਂ ਨੇ ਦਿੱਤੀ ਹੈ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਹੜਤਾਲ ਕਾਰਨ ਈਂਧਣ ਦੇ ਉਤਪਾਦਨ ਅਤੇ ਉਪਲਬਧਤਾ 'ਚ ਕਮੀ ਨਹੀਂ ਆਵੇਗੀ। ਸਰਕਾਰ ਦੀ ਬਹੁਗਿਣਤੀ ਹਿੱਸੇਦਾਰੀ ਵੇਚਣ ਕਾਰਨ ਕੰਪਨੀ ਦੀ ਮਾਲਕੀਅਤ ਵਿਚ ਤਬਦੀਲੀ ਆਉਣ ਨਾਲ BPCL 'ਚ ਛਾਂਟੀ ਦਾ ਦੌਰ ਚੱਲਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਬੀਪੀਸੀਐਲ ਦੇ ਕਰਮਚਾਰੀਆਂ ਵਿਚ ਇਹ ਵੀ ਡਰ ਹੈ ਕਿ ਵਰਕਿੰਗ ਕਲਚਰ ਇਕਦੱਮ ਬਦਲਣ ਨਾਲ ਕੰਪਨੀ ਦੇ ਕਈ ਕਰਮਚਾਰੀ ਬੇਰੋਜ਼ਗਾਰ ਹੋ ਸਕਦੇ ਹਨ। ਇਸ ਲਈ ਕੰਪਨੀ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।

ਲੰਮੀ ਹੜਤਾਲ 'ਤੇ ਜਾਣ ਦੀ ਤਿਆਰੀ

ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਆਈਐਨਟੀਯੂਸੀ) ਨਾਲ ਸੰਬੰਧਿਤ(ਐਫੀਲੀਏਟ) ਕੋਚੀਨ ਰਿਫਾਇਨਰੀਜ਼ ਇੰਪਲਾਈਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰਵੀਨ ਕੁਮਾਰ ਪੀ ਦਾ ਕਹਿਣਾ ਹੈ, 'ਸਾਨੂੰ ਸਖਤ ਵਿਰੋਧ ਪ੍ਰਦਰਸ਼ਨ ਕਰਨਾ ਪਏਗਾ ਕਿਉਂਕਿ ਨਿੱਜੀਕਰਨ ਸਾਡੇ ਹਿੱਤ 'ਚ ਨਹੀਂ ਹੈ।' 28 ਨਵੰਬਰ ਨੂੰ ਦਿਨ ਭਰ ਦੀ ਹੜਤਾਲ ਹੋਵੇਗੀ। ਜੇਕਰ ਸਰਕਾਰ ਕੰਪਨੀ ਦਾ ਨਿੱਜੀਕਰਨ ਕਰਨ ਦੇ ਫੈਸਲੇ ਨੂੰ ਵਾਪਸ ਲੈਣ ਤੋਂ ਇਨਕਾਰ ਕਰਦੀ ਹੈ, ਤਾਂ ਅਸੀਂ ਲੰਬੀ ਹੜਤਾਲ 'ਤੇ ਜਾਣ ਲਈ ਮਜਬੂਰ ਹੋਵਾਂਗੇ। ਉਨ੍ਹਾਂ ਕਿਹਾ ਕਿ ਬੀ.ਪੀ.ਸੀ.ਐਲ. ਦੀ ਸਾਰੀਆਂ ਵਰਕਰ ਯੂਨੀਅਨ ਇਸ ਮੁੱਦੇ 'ਤੇ ਇਕਜੁਟ ਹਨ ਅਤੇ ਪ੍ਰਸਤਾਵਿਤ ਹੜਤਾਲ ਕਾਰਨ ਦੋ ਰਿਫਾਇਨਰੀ ਵਿਚ ਉਤਪਾਦਨ ਪ੍ਰਭਾਵਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹੜਤਾਲ ਵਿਚ ਠੇਕਾ ਕਰਮਚਾਰੀ ਵੀ ਸ਼ਾਮਲ ਹੋਣਗੇ।

ਈਂਧਣ ਦੀ ਉਪਲੱਬਧਤਾ 'ਚ ਨਹੀਂ ਆਵੇਗੀ ਕਮੀ-ਯੂਨੀਅਨ

ਹਾਲਾਂਕਿ BPCL ਦਾ ਮੰਨਣਾ ਹੈ ਕਿ ਹੜਤਾਲ ਨਾਲ ਉਸਦੇ ਉਤਪਾਦਨ ਜਾਂ ਈਂਧਣ ਦੀ ਉਪਲੱਬਧਤਾ 'ਚ ਕਮੀ ਨਹੀਂ ਆਵੇਗੀ। ਕੰਪਨੀ ਵਲੋਂ ਭੇਜੀ ਗਈ ਈ-ਮੇਲ 'ਚ ਕਿਹਾ ਗਿਆ ਹੈ, 'ਰਿਫਾਇਨਰੀ ਅਤੇ ਮਾਰਕੀਟਿੰਗ ਲੋਕੇਸ਼ਨਸ 'ਤੇ ਕੰਮਕਾਜ ਆਮ ਰਹੇਗਾ। ਰਿਫਾਇਨਰੀ ਦੇ ਉਤਪਾਦਨ ਅਤੇ ਰਿਟੇਲ ਆਊਟਲੈੱਟ , ਪਲਾਂਟਸ, ਫਿਲਿੰਗ ਸਟੇਸ਼ਨਸ ਅਤੇ ਗਾਹਕਾਂ ਨੂੰ ਪੈਟਰੋਲੀਅਮ ਉਤਪਾਦਾਂ ਦੇ ਡਿਸਟ੍ਰੀਬਿਊਸ਼ਨ 'ਤੇ ਕਈ ਅਸਰ ਨਾ ਹੋਵੇ, ਇਸ ਲਈ ਸਾਰੀਆਂ ਵਿਵਸਥਾਵਾਂ ਕਰ ਲਈਆਂ ਗਈਆਂ ਹਨ। '

12,500 ਹਨ ਸਥਾਈ ਕਰਮਚਾਰੀ

BPCL ਦੀ ਕੋਚੀ ਅਤੇ ਮੁੰਬਈ ਰਿਫਾਇਨਰੀਜ਼ ਅਤੇ ਉਸਦੀ ਮਾਰਕੀਟਿੰਗ ਡਿਵਿਜ਼ਨ 'ਚ ਇਕ ਦਰਜਨ ਤੋਂ ਜ਼ਿਆਦਾ ਵਰਕਰਸ ਯੂਨੀਅਨ ਹਨ। ਕੰਪਨੀ 'ਚ ਲਗਭਗ 12,500 ਸਥਾਈ ਕਰਮਚਾਰੀ ਕੰਮ ਕਰ ਰਹੇ ਹਨ ਜਿਨ੍ਹਾਂ 'ਚ ਅੱਧੇ ਵਰਕਰ ਅਤੇ ਅੱਧੇ ਅਫਸਰ ਹਨ। BPCL ਦੇ ਪ੍ਰਸਤਾਵਿਤ ਨਿੱਜੀਕਰਨ ਦੇ ਕਾਰਨ ਅਫਸਰ ਵੀ ਨਾਰਾਜ਼ ਹਨ ਪਰ ਉਹ ਹੜਤਾਲ 'ਤੇ ਨਹੀਂ ਜਾਣਗੇ। ਉਹ ਹੜਤਾਲ ਕਰਨ ਦੀ ਬਜਾਏ ਹਰੇਕ ਸੋਮਵਾਰ ਨੂੰ ਕਾਲੀ ਪੱਟੀ ਬਣ ਕੇ ਕੰਮ 'ਤੇ ਆਉਣਗੇ ਅਤੇ 27 ਨਵੰਬਰ ਨੂੰ ਕੰਪਨੀ ਵਲੋਂ ਮੁਹੱਈਆ ਕਰਵਾਏ ਜਾਣ ਵਾਲੇ ਲੰਚ ਅਤੇ ਡਿਨਰ 'ਚ ਸ਼ਾਮਲ ਨਹੀਂ ਹੋਣਗੇ। ਭਾਰਤ ਪੈਟਰੋਲੀਅਮ ਆਫਿਸਰਸ ਐਸੋਸੀਏਸ਼ਨ ਦੇ ਅਨਿਲ ਮੇਡੇ ਨੇ ਇਹ ਜਾਣਕਾਰੀ ਦਿੱਤੀ ਹੈ।

ਭਾਰਤ ਪੈਟਰੋਲੀਅਮ ਦੀ ਜਾਇਦਾਦ ਦੇ ਮੁਲਾਂਕਣ ਲਈ 50 ਦਿਨ ਦੀ ਸਮਾਂ ਹੱਦ
ਦੇਸ਼ ਦੀ ਦੂਜੀ ਸਭ ਤੋਂ ਵੱਡੀ ਈਂਧਣ ਵੰਡ ਕੰਪਨੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਦੇ ਨਿੱਜੀਕਰਨ ਲਈ ਸਮਾਂ ਹੱਦ ਨਿਰਧਾਰਤ ਕਰਦਿਆਂ ਸਰਕਾਰ ਨੇ ਕੰਪਨੀ ਦੀਆਂ ਜਾਇਦਾਦਾਂ ਦੇ ਮੁਲਾਂਕਣ ਦੀ ਰਿਪੋਰਟ 50 ਦਿਨਾਂ ਦੇ ਅੰਦਰ ਦੇਣ ਲਈ ਕਿਹਾ ਹੈ। ਕੰਪਨੀ ਦੀਆਂ ਜਾਇਦਾਦਾਂ ਦਾ ਮੁਲਾਂਕਣ ਇਕ ‘ਬਾਹਰੀ ਜਾਇਦਾਦ ਮੁੱਲਾਂਕਣਕਰਤਾ’ ਵੱਲੋਂ ਕੀਤਾ ਜਾਵੇਗਾ। ਇਸ ਪ੍ਰਕਿਰਿਆ ਦੇ ਪੂਰਾ ਹੋਣ ਤੋਂ ਬਾਅਦ ਸਰਕਾਰ ਕੰਪਨੀ ਦੀ ਹਿੱਸੇਦਾਰੀ ਖਰੀਦਣ ਲਈ ਬੋਲੀਆਂ ਮੰਗੇਗੀ।

ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਦੀ ਕਮੇਟੀ (ਸੀ. ਸੀ. ਈ. ਏ.) ਨੇ 20 ਨਵੰਬਰ ਨੂੰ ਭਾਰਤ ਪੈਟਰੋਲੀਅਮ, ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਐੱਸ. ਸੀ. ਆਈ.), ਟੀ. ਐੱਚ. ਡੀ. ਸੀ. ਇੰਡੀਆ ਲਿਮਟਿਡ ਅਤੇ ਨਾਰਥ ਈਸਟਰਨ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਟਿਡ (ਨੀਪਕੋ) ’ਚ ਆਪਣੀ ਪੂਰੀ ਹਿੱਸੇਦਾਰੀ ਵੇਚਣ ਦੇ ਫੈਸਲੇ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਸੀ। ਇਸ ਤੋਂ ਇਲਾਵਾ ਸਰਕਾਰ ਨੇ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਕਾਨਕੋਰ) ’ਚ ਆਪਣੀ 54.8 ਫ਼ੀਸਦੀ ’ਚੋਂ 30.8 ਫ਼ੀਸਦੀ ਹਿੱਸੇਦਾਰੀ ਵੇਚਣ ਨੂੰ ਵੀ ਮਨਜ਼ੂਰੀ ਪ੍ਰਦਾਨ ਕੀਤੀ ਹੈ।

 ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਸ ਵਿਨਿਵੇਸ਼ ਪ੍ਰਕਿਰਿਆ ਨੂੰ 2 ਪੜਾਵਾਂ ’ਚ ਪੂਰੀ ਕੀਤੀ ਜਾਵੇਗੀ। ਪਹਿਲੇ ਪੜਾਅ ’ਚ ਸੰਭਾਵੀ ਖਰੀਦਦਾਰਾਂ ਤੋਂ ਰੁਚੀ ਪੱਤਰ ਮੰਗੇ ਜਾਣਗੇ ਅਤੇ ਦੂਜੇ ਪੜਾਅ ’ਚ ਉਨ੍ਹਾਂ ਨੂੰ ਉਨ੍ਹਾਂ ਦੀਆਂ ਬੋਲੀਆਂ ਜਮ੍ਹਾ ਕਰਨ ਲਈ ਕਿਹਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਠੀਕ ਇਸੇ ਤਰ੍ਹਾਂ ਦੀ ਪ੍ਰਕਿਰਿਆ ਐੱਸ. ਸੀ. ਆਈ. ਅਤੇ ਕਾਨਕੋਰ ਦੀ ਹਿੱਸੇਦਾਰੀ ਵਿਕਰੀ ਲਈ ਵੀ ਅਪਣਾਈ ਜਾਵੇਗੀ।\