ਡਾਕਘਰ 'ਚ ਬਣਾ ਸਕਦੈ ਹੋ ਪੈਸਾ, RD 'ਤੇ ਬੈਂਕ ਤੋਂ ਵੱਧ ਮਿਲਦੈ ਰਿਟਰਨ

04/17/2019 8:01:45 AM

ਨਵੀਂ ਦਿੱਲੀ— ਜੇਕਰ ਤੁਸੀਂ ਰੀਕਿਊਰਿੰਗ ਡਿਪਾਜ਼ਿਟ (ਆਰ. ਡੀ.) ਜ਼ਰੀਏ ਨਿਵੇਸ਼ ਦੀ ਯੋਜਨਾ ਬਣਾ ਰਹੇ ਹੋ ਤਾਂ ਬੈਂਕਾਂ ਦੇ ਮੁਕਾਬਲੇ ਡਾਕਖਾਨੇ 'ਚ ਖਾਤਾ ਖੋਲ੍ਹਣਾ ਜ਼ਿਆਦਾ ਫਾਇਦੇਮੰਦ ਹੋਵੇਗਾ। ਬੈਂਕਾਂ ਦੇ ਮੁਕਾਬਲੇ ਡਾਕਖਾਨੇ 'ਚ ਆਰ. ਡੀ. 'ਤੇ ਜ਼ਿਆਦਾ ਵਿਆਜ ਮਿਲਦਾ ਹੈ। ਡਾਕਖਾਨੇ 'ਚ 7.3 ਫੀਸਦੀ ਦੀ ਦਰ ਨਾਲ ਸਾਲਾਨਾ ਵਿਆਜ ਮਿਲ ਰਿਹਾ ਹੈ।ਇਸ ਵਿਆਜ ਨੂੰ ਤਿਮਾਹੀ ਦੇ ਰੂਪ ਨਾਲ ਜੋੜਿਆ ਜਾਂਦਾ ਹੈ।ਇਹ ਸਰਕਾਰੀ ਗਾਰੰਟੀ ਕਾਰਨ ਸੁਰੱਖਿਅਤ ਵੀ ਹੈ।ਉਥੇ ਹੀ ਬੈਂਕਾਂ ਦੇ ਆਰ. ਡੀ. 'ਤੇ ਮਿਲਣ ਵਾਲੀਆਂ ਵਿਆਜ ਦਰਾਂ ਸਮਾਂ ਮਿਆਦ ਅਨੁਸਾਰ ਅਲੱਗ ਹਨ। ਜ਼ਿਆਦਾਤਰ ਬੈਂਕ 6.25 ਤੋਂ ਲੈ ਕੇ 6.85 ਫੀਸਦੀ ਦੀ ਦਰ ਨਾਲ ਵਿਆਜ ਦੇ ਰਹੇ ਹਨ।ਹਾਲਾਂਕਿ ਡਾਕਖਾਨੇ 'ਚ ਆਰ. ਡੀ. ਦੀ ਮਿਆਦ 5 ਸਾਲ ਹੋਵੇਗੀ, ਉਥੇ ਹੀ ਬੈਂਕਾਂ 'ਚ ਤੁਸੀਂ ਇਕ ਸਾਲ ਤੋਂ 10 ਸਾਲ ਦਾ ਬਦਲ ਚੁਣ ਸਕਦੇ ਹੋ।

ਇਕਮੁਸ਼ਤ ਰਕਮ ਜਮ੍ਹਾ ਕਰਨ ਦੀ ਜ਼ਰੂਰਤ ਨਹੀਂ
ਫਿਕਸਡ ਡਿਪਾਜ਼ਿਟ (ਐੱਫ. ਡੀ.) ਦੇ ਮੁਕਾਬਲੇ ਰੀਕਿਊਰਿੰਗ ਡਿਪਾਜ਼ਿਟ 'ਚ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ 'ਚ ਇਕਮੁਸ਼ਤ ਰਕਮ ਨਿਵੇਸ਼ ਕਰਨ ਦੀ ਲੋੜ ਨਹੀਂ ਹੁੰਦੀ ਹੈ। ਤੁਸੀਂ ਆਪਣੀ ਬੱਚਤ ਅਨੁਸਾਰ ਹਰ ਮਹੀਨੇ ਨਿਵੇਸ਼ ਕਰ ਸਕਦੇ ਹੋ। ਡਾਕਖਾਨੇ 'ਚ ਤੁਸੀਂ ਸਿਰਫ 10 ਰੁਪਏ ਅਤੇ ਬੈਂਕ 'ਚ 100 ਰੁਪਏ ਤੋਂ ਆਰ. ਡੀ. ਸ਼ੁਰੂ ਕਰ ਸਕਦੇ ਹੋ।

ਛੋਟੇ ਨਿਵੇਸ਼ਕਾਂ ਲਈ ਵਧੀਆ ਬਦਲ
ਵਿੱਤੀ ਮਾਹਿਰਾਂ ਦਾ ਕਹਿਣਾ ਹੈ ਕਿ ਛੋਟੇ ਨਿਵੇਸ਼ਕਾਂ ਲਈ ਛੋਟੀਆਂ ਬੱਚਤ ਯੋਜਨਾਵਾਂ ਅਤੇ ਫਿਕਸਡ ਡਿਪਾਜ਼ਿਟ (ਐੱਫ. ਡੀ.) ਦੇ ਮੁਕਾਬਲੇ ਆਰ. ਡੀ. ਇਕ ਵਧੀਆ ਬਦਲ ਹੈ। ਡਾਕਖਾਨੇ 'ਚ 5 ਸਾਲ ਲਈ ਰੀਕਿਊਰਿੰਗ ਡਿਪਾਜ਼ਿਟ (ਆਰ. ਡੀ.) ਖਾਤਾ ਖੋਲ੍ਹਿਆ ਜਾ ਸਕਦਾ ਹੈ। ਜੇਕਰ ਕੋਈ ਨਿਵੇਸ਼ਕ 10 ਰੁਪਏ ਹਰ ਮਹੀਨੇ ਨਿਵੇਸ਼ ਕਰਦਾ ਹੈ ਤਾਂ ਉਸ ਨੂੰ 5 ਸਾਲ ਤੋਂ ਬਾਅਦ 725.05 ਰੁਪਏ ਪ੍ਰਾਪਤ ਹੋਣਗੇ। ਡਾਕਖਾਨੇ 'ਚ ਫਿਲਹਾਲ 7.3 ਫੀਸਦੀ ਦੀ ਦਰ ਨਾਲ ਸਾਲਾਨਾ ਵਿਆਜ ਮਿਲ ਰਿਹਾ ਹੈ ਜੋ ਸਭ ਤੋਂ ਜ਼ਿਆਦਾ ਹੈ।

ਬੈਂਕ 'ਚ ਇਕ ਸਾਲ ਤੋਂ ਲੈ ਕੇ 10 ਸਾਲ ਦਾ ਬਦਲ
ਤੁਸੀਂ ਡਾਕਖਾਨੇ 'ਚ 5 ਸਾਲ ਲਈ ਆਰ. ਡੀ. ਖਾਤਾ ਖੋਲ੍ਹ ਸਕਦੇ ਹੋ, ਜਿਸ ਨੂੰ ਫਿਰ 5 ਸਾਲ ਤੱਕ ਵਧਾ ਸਕਦੇ ਹੋ, ਉਥੇ ਹੀ ਬੈਂਕ 1 ਸਾਲ ਤੋਂ ਲੈ ਕੇ 10 ਸਾਲ ਦਾ ਬਦਲ ਦੇ ਰਹੇ ਹਨ। ਜੇਕਰ ਤੁਸੀਂ ਨੌਕਰੀਪੇਸ਼ਾ ਹੋ ਤਾਂ ਤੁਸੀਂ ਆਪਣੀ ਸੈਲਰੀ ਅਕਾਊਂਟ ਦੇ ਨਾਲ ਆਰ. ਡੀ. ਖਾਤਾ ਖੋਲ੍ਹ ਸਕਦੇ ਹੋ। ਤੁਸੀਂ ਬੈਂਕ 'ਚ 6, 12 ਮਹੀਨੇ ਜਾਂ ਉਸ ਤੋਂ ਜ਼ਿਆਦਾ ਸਮੇਂ ਲਈ ਆਰ. ਡੀ. ਸ਼ੁਰੂ ਕਰ ਸਕਦੇ ਹਨ।

ਐੱਫ. ਡੀ. 'ਚ ਜ਼ਿਆਦਾ ਰਿਟਰਨ
ਜੇਕਰ ਅਸੀਂ ਬੈਂਕਾਂ ਦੀ ਐੱਫ. ਡੀ. ਦੀ ਗੱਲ ਕਰੀਏ ਤਾਂ ਜ਼ਿਆਦਾਤਰ ਬੈਂਕ 5 ਸਾਲ ਦੇ ਐੱਫ. ਡੀ. 'ਤੇ 5.75 ਤੋਂ 7.00 ਫੀਸਦੀ ਦੀ ਦਰ ਨਾਲ ਵਿਆਜ ਦੇ ਰਹੇ ਹਨ। ਉਥੇ ਹੀ ਡਾਕਖਾਨੇ ਦੀ ਆਰ. ਡੀ. 'ਤੇ 7.3 ਫੀਸਦੀ ਦੀ ਦਰ ਨਾਲ ਵਿਆਜ ਮਿਲ ਰਿਹਾ ਹੈ। ਇਹ ਬੈਂਕਾਂ ਦੇ ਮੁਕਾਬਲੇ ਜ਼ਿਆਦਾ ਹੈ। ਨਾਲ ਹੀ ਡਾਕਖਾਨੇ ਦੇ ਖਾਤਿਆਂ 'ਚ ਵਿਆਜ ਨਿਰਧਾਰਤ ਦਰਾਂ 'ਤੇ ਮਿਲਦਾ ਹੈ, ਇਸ ਲਈ ਬਦਲਾਅ ਦੀ ਉਮੀਦ ਘੱਟ ਹੁੰਦੀ ਹੈ।

ਆਨਲਾਈਨ ਖੋਲ੍ਹ ਸਕਦੇ ਹਾਂ ਖਾਤਾ
ਜ਼ਿਆਦਾਤਰ ਬੈਂਕ ਆਨਲਾਈਨ ਆਰ. ਡੀ. ਖਾਤਾ ਖੋਲ੍ਹਣ ਦਾ ਬਦਲ ਦੇ ਰਹੇ ਹਨ। ਤੁਸੀਂ ਆਨਲਾਈਨ ਬੈਂਕਿੰਗ ਦੀ ਵਰਤੋਂ ਕਰ ਕੇ ਆਪਣੇ ਘਰ ਬੈਠੇ ਆਰ. ਡੀ. ਖਾਤਾ ਖੋਲ੍ਹ ਸਕਦੇ ਹੋ। ਹਾਲਾਂਕਿ ਡਾਕਖਾਨੇ 'ਚ ਅਜੇ ਇਹ ਸਹੂਲਤ ਨਹੀਂ ਮਿਲ ਰਹੀ ਹੈ। ਡਾਕਖਾਨੇ 'ਚ ਆਰ. ਡੀ. ਖੋਲ੍ਹਣ ਲਈ ਤੁਹਾਨੂੰ ਕੈਸ਼ ਜਾਂ ਚੈੱਕ ਦੀ ਵਰਤੋਂ ਕਰਨੀ ਹੋਵੇਗੀ।