ਬਜਟ ਤੋਂ ਪਹਿਲਾਂ ਸ਼ੇਅਰ ਬਾਜ਼ਾਰ ’ਚ ਹਾਹਾਕਾਰ, ਰੀਅਲਟੀ, ਮੈਟਲ, IT ਇੰਡੈਕਸ ’ਚ ਸਭ ਤੋਂ ਵੱਧ ਗਿਰਾਵਟ

01/25/2022 11:26:53 AM

ਮੁੰਬਈ (ਏਜੰਸੀਆਂ) – ਬਜਟ ਤੋਂ ਪਹਿਲਾਂ ਅੱਜ ਘਰੇਲੂ ਸ਼ੇਅਰ ਬਾਜ਼ਾਰ ’ਚ ਹਾਹਾਕਾਰ ਮਚ ਗਿਆ। ਇਹ ਗਿਰਾਵਟ ਅਜਿਹੇ ਸਮੇਂ ਆ ਰਹੀ ਹੈ ਜਦੋਂ ਨਵਾਂ ਬਜਟ ਸਿਰਫ ਇਕ ਹਫਤਾ ਦੂਰ ਹੈ। ਅਗਲੇ ਹਫਤੇ ਦੇ ਦੂਜੇ ਦਿਨ ਹੀ ਸੰਸਦ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਬਜਟ ਪੇਸ਼ ਕਰਨ ਵਾਲੀ ਹੈ। ਸ਼ੇਅਰ ਬਾਜ਼ਾਰ ਲਗਾਤਾਰ 5ਵੇਂ ਦਿਨ ਗਿਰਾਵਟ ਨਾਲ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ ’ਚ ਬੀ. ਐੱਸ. ਈ. ਦੇ ਸਾਰੇ ਸੈਕਟਰ ਇੰਡੈਕਸ ’ਚ ਵਿਕਰੀ ਦੇਖਣ ਨੂੰ ਮਿਲੀ। ਇੰਟ੍ਰਾ-ਡੇਅ ’ਚ ਨਿਫਟੀ 17,000 ਤੋਂ ਹੇਠਾਂ ਡਿਗਿਆ ਪਰ ਇਸ ’ਚ ਹਲਕੀ ਰਿਕਵਰੀ ਆਈ ਅਤੇ ਇਹ ਅਖੀਰ ’ਚ 17,100 ਤੋਂ ਉੱਪਰ ਬੰਦ ਹੋਣ ’ਚ ਸਫਲ ਰਿਹਾ। ਅੱਜ ਦੇ ਕਾਰੋਬਾਰ ’ਚ ਰੀਅਲਟੀ, ਮੈਟਲ, ਆਈ. ਟੀ. ਇੰਡੈਕਸ ’ਚ ਸਭ ਤੋਂ ਵੱਧ ਗਿਰਾਵਟ ਦੇਖਣ ਨੂੰ ਮਿਲੀ। ਅੱਜ ਦੇ ਕਾਰੋਬਾਰ ’ਚ ਰੁਪਇਆ 14 ਪੈਸੇ ਕਮਜ਼ੋਰ ਹੋ ਕੇ 74.56 ਦੇ ਪੱਧਰ ’ਤੇ ਬੰਦ ਹੋਇਆ।

ਦਿੱਗਜ਼ ਸ਼ੇਅਰਾਂ ਦੇ ਨਾਲ ਹੀ ਅੱਜ ਛੋਟੇ-ਦਰਮਿਆਨੇ ਸ਼ੇਅਰਾਂ ’ਚ ਵੀ ਭਾਰੀ ਵਿਕਰੀ ਦੇਖਣ ਨੂੰ ਮਿਲੀ। ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਮਿਡਕੈਪ ਇੰਡੈਕਸ 3.93 ਫੀਸਦੀ ਟੁੱਟ ਕੇ 23,970.71 ਦੇ ਪੱਧਰ ’ਤੇ ਬੰਦ ਹੋਇਆ। ਉੱਥੇ ਹੀ ਸਮਾਲਕੈਪ ਇੰਡੈਕਸ 4.42 ਅੰਕ ਡਿੱਗ ਕੇ 28,642.29 ਦੇ ਪੱਧਰ ’ਤੇ ਬੰਦ ਹੋਇਆ। ਕਾਰੋਬਾਰ ਦੇ ਅਖੀਰ ’ਚ ਸੈਂਸੈਕਸ 1545.67 ਅੰਕ ਯਾਨੀ 2.62 ਫੀਸਦੀ ਟੁੱਟ ਕੇ 57,491.51 ਦੇ ਪੱਧਰ ’ਤੇ ਬੰਦ ਹੋਇਆ। ਉੱਥੇ ਹੀ ਨਿਫਟੀ 468.05 ਅੰਕ ਯਾਨੀ 2.66 ਫੀਸਦੀ ਡਿੱਗ ਕੇ 17,149.10 ਦੇ ਪੱਧਰ ’ਤੇ ਬੰਦ ਹੋਇਆ।

ਟਾਟਾ ਸਟੀਲ ਅਤੇ ਬਜਾਜ ਫਾਇਨਾਂਸ ਸਭ ਤੋਂ ਵੱਧ ਡਿਗੇ

ਸੈਂਸੈਕਸ ’ਚ ਸਭ ਤੋਂ ਵੱਧ ਗਿਰਾਵਟ ਟਾਟਾ ਸਟੀਲ ਅਤੇ ਬਜਾਜ ਫਾਇਨਾਂਸ ’ਚ ਰਹੀ। ਇਹ ਦੋਵੇਂ ਸ਼ੇਅਰ ਲਗਭਗ 6 ਫੀਸਦੀ ਡਿਗੇ। ਵਿਪਰੋ, ਟੈੱਕ ਮਹਿੰਦਰਾ ਅਤੇ ਟਾਈਟਨ ਦੇ ਸ਼ੇਅਰ 5-5 ਫੀਸਦੀ ਤੋਂ ਵੱਧ ਟੁੱਟੇ। ਮਾਰਕੀਟ ਕੈਪ ਦੇ ਲਿਹਾਜ ਨਾਲ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਦਾ ਸਟਾਕ 4 ਫੀਸਦੀ ਜਦ ਕਿ ਐੱਚ. ਸੀ. ਐੱਲ. ਟੈੱਕ, ਕੋਟਕ ਮਹਿੰਦਰਾ ਬੈਂਕ, ਬਜਾਜ ਫਿਨਸਰਵ, ਏਸ਼ੀਅਨ ਪੇਂਟਸ ਦੇ ਸ਼ੇਅਰ 3.5-3.5 ਫੀਸਦੀ ਡਿੱਗ ਕੇ ਬੰਦ ਹੋਏ। ਨਵੀਂ ਏਜ ਦੀਆਂ ਕੰਪਨੀਆਂ ਦੇ ਸਟਾਕ ਇਕ ਸਾਲ ਦੇ ਹੇਠਲੇ ਪੱਧਰ ’ਤੇ ਆ ਗਏ।

ਜੋਮੈਟੋ ਦਾ ਸ਼ੇਅਰ 20 ਫੀਸਦੀ ਡਿਗਿਆ

ਨਾਇਕਾ 13 ਫੀਸਦੀ, ਪਾਲਿਸੀ ਬਾਜ਼ਾਰ 10 ਫੀਸਦੀ ਟੁੱਟਾ

ਪੇਅ. ਟੀ. ਐੱਮ. ਦਾ ਸਟਾਕ 6 ਫੀਸਟੀ ਟੁੱਟਾ

ਕੌਮਾਂਤਰੀ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰਾਂ ’ਚ ਹਾਂਗਕਾਂਗ, ਸੋਲ ਅਤੇ ਟੋਕੀਓ ਦੇ ਬਾਜ਼ਾਰਾਂ ’ਚ ਗਿਰਾਵਟ ਦਾ ਰੁਖ ਸੀ, ਜਦ ਕਿ ਸ਼ੰਘਾਈ ’ਚ ਤੇਜ਼ੀ ਦੇਖਣ ਨੂੰ ਮਿਲੀ। ਇਸ ਦਰਮਿਆਨ ਕੌਮਾਂਤਰੀ ਤੇਲ ਬੈਂਚਮਾਰਕ ਬ੍ਰੇਂਟ ਕਰੂਡ 0.92 ਫੀਸਦੀ ਵਧ ਕੇ 88.70 ਡਾਲਰ ਪ੍ਰਤੀ ਬੈਰਲ ਦੇ ਭਾਅ ’ਤੇ ਪਹੁੰਚ ਗਿਆ। ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਨੇ ਸ਼ੁੱਕਰਵਾਰ ਨੂੰ ਕੁੱਲ ਆਧਾਰ ’ਤੇ 3,148.58 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਇਹ 5 ਕਾਰਨ ਬਾਜ਼ਾਰ ’ਤੇ ਭਾਰੀ

* ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਜਾਰੀ ਹੈ ਅਤੇ ਅਮਰੀਕੀ ਫੈੱਡ ਰਿਜ਼ਰਵ ਦੀਆਂ ਵਿਆਜ ਦਰਾਂ ਵਧਾਉਣ ਦੇ ਖਦਸ਼ੇ ਕਾਰਨ ਨਿਵੇਸ਼ਕਾਂ ’ਚ ਘਬਰਾਹਤ ਦਿਖਾਈ ਦੇ ਰਹੀ ਹੈ।

* ਪੇਅ. ਟੀ. ਐੱਮ., ਕਾਰਟ੍ਰੇਡ, ਪੀ. ਬੀ. ਫਿਨਟੈੱਕ ਵਰਗੇ ਟੈੱਕ ਸਟਾਕ ’ਚ ਵੱਡੀ ਗਿਰਾਵਟ ਦਾ ਅਸਰ ਪੂਰੇ ਬਾਜ਼ਾਰ ’ਤੇ ਰਿਹਾ।

* ਦੇਸ਼ ’ਚ ਰੋਜ਼ਾਨਾ 3 ਲੱਖ ਤੋਂ ਵੱਧ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨਾਲ ਨਿਵੇਸ਼ਕਾਂ ’ਚ ਖਦਸ਼ਾ ਵਧ ਰਿਹਾ ਹੈ।

* ਮੈਟਲ ਸਮੇਤ ਹੋਰ ਕੱਚੇ ਮਾਲ ਦੀਆਂ ਕੀਮਤਾਂ ਵਧਣ ਕਾਰਨ ਕੰਪਨੀਆਂ ਦੀ ਲਾਗਤ ’ਚ ਵਾਧਾ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਕਮਾਈ ਘਟਣ ਦਾ ਜੋਖਮ ਦਿਖਾਈ ਦੇਣ ਲੱਗਾ ਹੈ।

* ਮਹਿੰਗਾਈ ਅਤੇ ਗੈਰ-ਮੌਸਮੀ ਮੀਂਹ ਕਾਰਨ ਖਪਤਕਾਰਾਂ ਦੀ ਖਪਤ ਆਸ ਮੁਤਾਬਕ ਦਿਖਾਈ ਨਹੀਂ ਦੇ ਰਹੀ ਹੈ।

ਐਲਨ ਮਸਕ, ਜੈਫ ਬੇਜੋਸ ਅਤੇ ਬਿਲ ਗੇਟਸ ਦੀ ਜਾਇਦਾਦ ’ਚ ਗਿਰਾਵਟ

ਉੱਥੇ ਹੀ ਦੁਨੀਆ ਦੇ ਸ਼ੇਅਰ ਬਾਜ਼ਾਰ ’ਚ ਵੀ ਗਿਰਾਵਟ ਕਾਰਨ 5 ਸਭ ਤੋਂ ਅਮੀਰ ਅਰਬਪਤੀਆਂ ’ਚ ਸ਼ਾਮਲ ਹਸਤੀਆਂ ਦੀ ਜਾਇਦਾਦ ’ਚ ਵੀ 85 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਮੁਤਾਬਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੂੰ ਅਨੁਮਾਨਿਤ 243 ਅਰਬ ਡਾਲਰ ਦਾ ਨੁਕਸਾਨ ਉਠਾਉਣਾ ਪਿਆ ਹੈ ਜੈ ਸਾਲ ਦੀ ਸ਼ੁਰੂਆਤ ਦੀ ਤੁਲਨਾ ’ਚ ਲਗਭਗ 27 ਅਰਬ ਡਾਲਰ ਘੱਟ ਹੈ। ਇਸ ਤੋਂ ਇਲਾਵਾ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ’ਚੋਂ ਇਕ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ ਨੂੰ 2022 ’ਚ ਲਗਭਗ 25 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਨਾਲ ਹੀ ਮਾਈਕ੍ਰੋਸਾਫਟ ਕੋ-ਫਾਊਂਡਰ ਬਿਲ ਗੇਟਸ ਨੂੰ 1 ਜਨਵਰੀ ਤੋਂ ਆਪਣੇ ਨੈੱਟ ਵਰਥ ’ਚ 9.5 ਅਰਬ ਡਾਲਰ ਦਾ ਨੁਕਸਾਨ ਉਠਾਉਣਾ ਪਿਆ ਹੈ। ਸਰਚ ਇੰਜਣ ਗੂਗਲ ਦੇ ਸੰਸਥਾਪਕ ਲੈਰੀ ਪੇਜ ਦੀ ਕੁੱਲ ਜਾਇਦਾਦ ’ਚ 12 ਅਰਬ ਡਾਲਰ ਦੀ ਕਮੀ ਆਈ ਹੈ। ਨਾਲ ਹੀ ਮਾਰਕ ਜ਼ੁਕਰਬਰਗ ਦੀ ਕੁੱਲ ਜਾਇਦਾਦ ’ਚ ਵੀ ਇਸ ਸਾਲ ਲਗਭਗ 12 ਅਰਬ ਡਾਲਰ ਦੀ ਗਿਰਾਵਟ ਆਈ ਹੈ।

ਇਕ ਹਫਤੇ ’ਚ ਕ੍ਰਿਪਟੋ ਦੀ ਹਾਲਤ ਪਤਲੀ, ਖਿੱਲਰ ਗਏ ਬਿਟਕੁਆਈਨ ਅਤੇ ਈਥੇਰੀਅਮ ਸਮੇਤ ਸਾਰੇ ਕੁਆਈਨ

ਗਲੋਬਲ ਕ੍ਰਿਪਟੋ ਮਾਰਕੀਟ ਪਿਛਲੇ 24 ਘੰਟਿਆਂ ਦੌਰਾਨ 3 ਫੀਸਦੀ ਤੱਕ ਡਿਗੀ ਹੈ। ਭਾਰਤੀ ਸਮੇਂ ਮੁਤਾਬਕ ਦੁੁੁਪਹਿਰ 1.45 ਵਜੇ ਗਲੋਬਲ ਕ੍ਰਿਪਟੋ ਮਾਰਕੀਟ ਕੈਪ ਘਟ ਕੇ 1.60 ਟ੍ਰਿੀਅਨ ਡਾਲਰ ਰਹਿ ਗਿਆ ਹੈ। ਲਗਭਗ ਇਕ ਹਫਤਾ ਪਹਿਲਾਂ ਇਹ 2 ਟ੍ਰਿਲੀਅਨ ਡਾਲਰ ਤੋਂ ਵੱਧ ਸੀ। ਸਾਰੀਆਂ ਵੱਡੀਆਂ ਕਰੰਸੀਆਂ ’ਚ ਭਿਆਨਕ ਗਿਰਾਵਟ ਦੇਖਣ ਨੂੰ ਮਿਲੀ ਹੈ। ਸੋਲਾਨਾ ਸਭ ਤੋਂ ਵੱਧ ਡਿਗਣ ਵਾਲੀ ਕਰੰਸੀ ਹੈ। ਇਸ ’ਚ ਲਗਭਗ 14 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ।

ਖਬਰ ਲਿਖੇ ਜਾਣ ਤੱਕ ਬਿਟਕੁਆਈਨ 1.96 ਫੀਸਦੀ ਦੀ ਗਿਰਾਵਟ ਨਾਲ 35,006.37 ਡਾਲਰ ’ਤੇ ਟ੍ਰੇਡ ਕਰ ਰਿਹਾ ਸੀ। ਬਿਟਕੁਆਈਨ ਨੇ ਪਿਛਲੇ 24 ਘੰਟਿਆਂ ਦੌਰਾਨ 34,784.97 ਡਾਲਰ ਦਾ ਲੋਅ ਅਤੇ 36,433.31 ਡਾਲਰ ਦਾ ਹਾਈ ਬਣਾਇਆ। ਈਥੇਰੀਅਮ ’ਚ 4.05 ਫੀਸਦੀ ਦੀ ਗਿਰਾਵਟ ਸੀ ਅਤੇ ਇਹ ਕੁਆਈਨ 2,391.81 ਡਾਲਰ ’ਤੇ ਟ੍ਰੇਡ ਹੋ ਰਿਹਾ ਸੀ। ਈਥੇਰੀਅਮ 8.50 ਫੀਸਦੀ ਡਿੱਗ ਕੇ 2,860.99 ਡਾਲਰ ’ਤੇ ਟ੍ਰੇਡ ਕਰ ਰਿਹਾ ਸੀ। ਈਥੇਰੀਅਮ ਨੇ ਇਸ ਸਮੇਂ ਦੌਰਾਨ 2,381.52 ਡਾਲਰ ਦਾ ਲੋਅ ਅਤੇ 2,542.14 ਡਾਲਰ ਦਾ ਹਾਈ ਲਗਾਇਆ। ਬਿਟਕੁਆਈਨ ਦਾ ਬਾਜ਼ਾਰ ’ਚ ਦਬਦਬਾ 41.4 ਫੀਸਦੀ ਹੈ ਅਤੇ ਈਥੇਰੀਅਮ ਦਾ ਬਾਜ਼ਾਰ ਦਬਦਬਾ 17.9 ਫੀਸਦੀ ਹੈ।

Harinder Kaur

This news is Content Editor Harinder Kaur