ਬੀਅਰ ਦੀ ਵਿਕਰੀ ਵਧੀ ਪਰ ਅਜੇ ਵੀ ਕੋਵਿਡ ਤੋਂ ਪਹਿਲਾਂ ਦੇ ਮੁਕਾਬਲੇ ਅੱਧੀ

08/06/2021 12:16:08 PM

ਮੁੰਬਈ (ਇੰਟ.) – ਭਾਰਤ ’ਚ ਇਸ ਸਾਲ ਅਪ੍ਰੈਲ-ਜੂਨ ਦੀ ਤਿਮਾਹੀ ’ਚ ਬੀਅਰ ਦੀ ਵਿਕਰੀ ਵਿਚ ਵਾਧਾ ਹੋਇਆ ਹੈ ਪਰ ਅਜੇ ਵੀ ਇਹ ਵਿਕਰੀ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਦੀ ਵਿਕਰੀ ਦੀ ਅੱਧੀ ਹੈ। ਜ਼ਿਆਦਾਤਰ ਬਾਰ ਤੇ ਰੈਸਟੋਰੈਂਟ ਸਮੇਂ ਸਬੰਧੀ ਕੁਝ ਪਾਬੰਦੀਆਂ ਤੇ ਘੱਟ ਸਮਰੱਥਾ ਨਾਲ ਖੁੱਲ੍ਹ ਗਏ ਹਨ।

ਯੂਨਾਈਟਿਡ ਬ੍ਰੇਵਰੀਜ਼ ਦੇ ਮੁੱਖ ਵਿੱਤ ਅਧਿਕਾਰੀ ਬੇਰੇਂਡ ਓਡਿੰਕ ਨੇ ਦੱਸਿਆ ਕਿ ਉਨ੍ਹਾਂ ਦੀ ਜੂਨ 2021 ਦੀ ਬੀਅਰ ਦੀ ਵਿਕਰੀ ਜੂਨ 2019 ਦੇ ਮੁਕਾਬਲੇ ਲਗਭਗ ਅੱਧੀ ਰਹੀ।

ਭਾਰਤ ਵਿਚ ਪਿਛਲੇ ਲਗਭਗ 2 ਸਾਲਾਂ ਤੋਂ ਬੀਅਰ ਦੀ ਮੰਗ ਵਿਚ ਕਾਫੀ ਕਮੀ ਆਈ ਹੈ। ਸਾਲ 2019 ਵਿਚ ਇੰਡੀਅਨ ਪ੍ਰੀਮੀਅਰ ਲੀਗ ਕ੍ਰਿਕਟ ਟੂਰਨਾਮੈਂਟ ਅਤੇ ਗਰਮੀ ਦੇ ਮਹੀਨਿਆਂ ਕਾਰਨ ਬੀਅਰ ਦੀ ਵਿਕਰੀ ਵਿਚ ਭਾਰੀ ਵਾਧਾ ਹੋਇਆ ਸੀ। ਪਿਛਲੇ ਸਾਲ ਲਾਕਡਾਊਨ ਦੌਰਾਨ ਬੀਅਰ ਨੂੰ ਗੈਰ-ਜ਼ਰੂਰੀ ਵਸਤਾਂ ਵਿਚ ਸ਼ਾਮਲ ਕੀਤੇ ਜਾਣ ਕਾਰਨ ਕੰਪਨੀਆਂ ਨੂੰ ਬੀਅਰ ਦਾ ਉਤਪਾਦਨ ਤੇ ਪ੍ਰਚੂਨ ਸੰਚਾਲਨ ਲਗਭਗ 6 ਹਫਤਿਆਂ ਲਈ ਬੰਦ ਕਰਨਾ ਪਿਆ ਸੀ।

ਹਾਲਾਂਕਿ ਜੂਨ ’ਚ ਖਤਮ ਹੋਈ ਪਿਛਲੀ ਤਿਮਾਹੀ ਵੇਲੇ ਕੋਵਿਡ ਦੀ ਦੂਜੀ ਲਹਿਰ ਦੌਰਾਨ ਪਾਬੰਦੀਆਂ ਵਿਚ ਕੁਝ ਢਿੱਲ ਦਿੱਤੀ ਗਈ, ਜਿਸ ਨਾਲ ਕਈ ਸੂਬਿਆਂ ਵਿਚ ਬੀਅਰ ਦੀ ਆਨਲਾਈਨ ਵਿਕਰੀ ਤੇ ਹੋਮ ਡਲਿਵਰੀ ਕੀਤੀ ਗਈ।

Harinder Kaur

This news is Content Editor Harinder Kaur