ਬੜੌਦਾ ਬੈਂਕ ਦੇ ਖਾਤਾਧਾਰਕਾਂ ਲਈ ਚੰਗੀ ਖ਼ਬਰ, ਬੈਂਕ ਨੇ ਕਰਜ਼ਾ ਕੀਤਾ ਸਸਤਾ

06/10/2021 9:57:03 PM

ਨਵੀਂ ਦਿੱਲੀ- ਸਰਕਾਰੀ ਖੇਤਰ ਦੇ ਬੜੌਦਾ ਬੈਂਕ ਨੇ ਸੀਮਾਂਤ ਲਾਗਤ ਆਧਾਰਿਤ ਵਿਆਜ ਦਰ (ਐੱਮ. ਸੀ. ਐੱਲ. ਆਰ.) ਵਿਚ 0.05 ਫ਼ੀਸਦੀ ਕਟੌਤੀ ਕਰ ਦਿੱਤੀ ਹੈ।

ਇਸ ਨਾਲ ਬੈਂਕ ਵੱਲੋਂ ਦਿੱਤੇ ਜਾ ਰਹੇ ਕਰਜ਼ ਦੀਆਂ ਦਰਾਂ ਵਿਚ ਹੋਰ ਕਮੀ ਹੋਵੇਗੀ, ਨਾਲ ਹੀ ਈ. ਐੱਮ. ਆਈ. ਵਿਚ ਕਮੀ ਆਵੇਗੀ। ਬੜੌਦਾ ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਵਿਚ ਕਿਹਾ ਕਿ ਐੱਮ. ਸੀ. ਐੱਲ. ਆਰ. ਕਰਜ਼ ਦਰਾਂ ਵਿਚ ਕਟੌਤੀ ਵੱਖ-ਵੱਖ ਮਿਆਦ ਦੀਆਂ ਵਿਆਜ ਦਰਾਂ ਵਿਚ ਕੀਤੀ ਗਈ ਹੈ। ਇਹ ਨਵੀਆਂ ਦਰਾਂ 12 ਜੂਨ 2021 ਤੋਂ ਪ੍ਰਭਾਵੀ ਹੋਣਗੀਆਂ।

ਬੜੌਦਾ ਬੈਂਕ ਮੁਤਾਬਕ, ਇਕ ਸਾਲ ਦੀ ਮਿਆਦ ਲਈ  ਐੱਮ. ਸੀ. ਐੱਲ. ਆਰ. ਘਟਾ ਕੇ 7.35 ਫ਼ੀਸਦੀ ਕਰ ਦਿੱਤਾ ਗਿਆ ਹੈ। ਉੱਥੇ ਹੀ, 6 ਮਹੀਨੇ ਅਤੇ ਤਿੰਨ ਮਹੀਨੇ ਦੀ ਮਿਆਦ ਲਈ ਵੀ  ਐੱਮ. ਸੀ. ਐੱਲ. ਆਰ. ਵਿਚ 0.05 ਫ਼ੀਸਦੀ ਕਮੀ ਕੀਤੀ ਗਈ ਹੈ, ਜਿਸ ਨਾਲ ਹੁਣ 6 ਮਹੀਨੇ ਦੀ ਮਿਆਦ ਵਾਲੇ ਐੱਮ. ਸੀ. ਐੱਲ. ਆਰ. ਦੀ ਦਰ 7.2 ਫ਼ੀਸਦੀ ਅਤੇ ਤਿੰਨ ਮਹੀਨੇ ਦੇ ਐੱਮ. ਸੀ. ਐੱਲ. ਆਰ. ਲਈ ਇਹ 7.10 ਫ਼ੀਸਦੀ ਹੋ ਗਈ ਹੈ। ਬੜੌਦਾ ਬੈਂਕ ਦਾ ਸ਼ੇਅਰ ਵੀਰਵਾਰ ਨੂੰ 3.54 ਫ਼ੀਸਦੀ ਚੜ੍ਹ ਕੇ 84.75 ਰੁਪਏ ਪ੍ਰਤੀ ਸ਼ੇਅਰ 'ਤੇ ਬੰਦ ਹੋਇਆ। ਗੌਰਤਲਬ ਹੈ ਕਿ ਸਰਕਾਰੀ ਖੇਤਰ ਦੇ ਬੜੌਦਾ ਬੈਂਕ ਨੇ ਵਿੱਤੀ ਸਾਲ 2020-21 ਦੀ 31 ਮਾਰਚ ਨੂੰ ਸਮਾਪਤ ਹੋਈ ਤਿਮਾਹੀ ਵਿਚ 1,046 ਕਰੋੜ ਰੁਪਏ ਦਾ ਸ਼ੁੱਧ ਘਾਟਾ ਦਰਜ ਕੀਤਾ ਹੈ। ਬੈਂਕ ਨੂੰ ਐੱਨ. ਪੀ. ਏ. ਕਾਰਨ ਇਹ ਝਟਕਾ ਲੱਗਾ ਹੈ।

Sanjeev

This news is Content Editor Sanjeev