ਕੱਲ ਤੋਂ ਸਿਰਫ ਦੋ ਘੰਟੇ ਲਈ ਖੁੱਲਣਗੇ ਬੈਂਕ

03/26/2020 9:32:53 PM

ਜਲੰਧਰ—ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਕਾਰਣ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਮਾਰਚ ਰਾਤ 8 ਵਜੇ ਲਾਕਡਾਊਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਮੇਰੀ ਤੁਹਾਨੂੰ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਅਗਲੇ 21 ਦਿਨਾਂ ਤੱਕ ਘਰੋਂ ਬਾਹਰ ਨਾ ਨਿਕਲੋ। ਲਾਕਡਾਊਨ ਤੋਂ ਬਾਅਦ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ, ਇਸ ਦੇ ਲਈ ਹਰ ਸੰਭਵ ਇੰਤਜ਼ਾਮ ਕੀਤੇ ਜਾ ਰਹੇ ਹਨ। ਕਰਫਿਊ ਦੌਰਾਨ ਘਰ ਬੈਠੇ ਲੋਕਾਂ ਦਾ ਹੁਣ ਕੈਸ਼ ਖਤਮ ਹੋਣ ਲੱਗਿਆ ਹੈ। ਇਸ ਦੇ ਚੱਲਦਿਆਂ ਜ਼ਿਲਾ ਪ੍ਰਸ਼ਾਸਨ ਨੇ ਲੋਕਾਂ ਨੂੰ ਹੋਰ ਜ਼ਰੂਰੀ ਕੰਮ ਕਰਨ ਲਈ ਇਕ ਹੋਰ ਰਾਹਤ ਦੇਣ ਦਾ ਫੈਸਲਾ ਲਿਆ ਹੈ।

ਇਸ ਦੇ ਤਹਿਤ ਜਲੰਧਰ ਜ਼ਿਲੇ ਤਹਿਤ ਆਉਂਦੇ ਬੈਂਕ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਪਹਿਲਾਂ ਇਹ ਫੈਸਲਾ 25 ਮਾਰਚ ਤੋਂ ਲਾਗੂ ਕੀਤੇ ਜਾਣ ਦੀ ਗੱਲ ਕੀਤੀ ਗਈ ਸੀ ਪਰ ਬੈਂਕਾਂ ਵੱਲੋਂ ਤਿਆਰੀ ਨਾ ਹੋਣ ਕਾਰਣ ਇਹ ਇਕ ਦਿਨ ਲਈ ਟਾਲ ਦਿੱਤਾ ਗਿਆ। ਹੁਣ ਇਸ ਮਾਮਲੇ 'ਚ ਜ਼ਿਲਾ ਪ੍ਰਸ਼ਾਸਨ ਜਲੰਧਰ ਨੇ ਆਧਿਕਾਰਿਤ ਤੌਰ 'ਤੇ ਸੂਚਨਾ ਜਾਰੀ ਕਰ ਦਿੱਤੀ ਹੈ ਕਿ ਸ਼ੁੱਕਰਵਾਰ ਤੋਂ ਦੋ ਘੰਟੇ ਲਈ ਬੈਂਕ ਖੋਲੇ ਜਾਣਗੇ ਤਾਂ ਕਿ ਲੋਕਾਂ ਨੂੰ ਕੈਸ਼ ਉਪਲੱਬਧ ਕਰਵਾਇਆ ਜਾ ਸਕੇ। ਜਾਣਕਾਰੀ ਮੁਤਾਬਕ ਸ਼ਹਿਰ 'ਚ ਰੋਜ਼ਾਨਾ ਦੋ ਘੰਟੇ ਲਈ ਸਵੇਰੇ 10 ਤੋਂ 12 ਤਕ ਬੈਂਕ ਖੁੱਲਣਗੇ ਅਤੇ ਇਸ ਦੌਰਾਨ ਲੋਕ ਪੈਸੇ ਕੱਢਵਾ ਅਤੇ ਜਮ੍ਹਾ ਕਰਵਾ ਸਕਣਗੇ ਅਤੇ ਇਸ ਤੋਂ ਇਲਾਵਾ ਹੋਰ ਕੋਈ ਸੁਵਿਧਾ ਬੈਂਕ ਉਪਲੱਬਧ ਨਹੀਂ ਕਰਵਾਵੇਗਾ।

Karan Kumar

This news is Content Editor Karan Kumar