ਬੈਂਕਾਂ ਵਿਚ ਲਗਾਤਾਰ 4 ਦਿਨ ਨਹੀਂ ਹੋਵੇਗਾ ਕੰਮ, ATMs ''ਤੇ ਵੀ ਹੋ ਸਕਦੀ ਹੈ ਪ੍ਰੇਸ਼ਾਨੀ

09/23/2019 3:56:11 PM

ਨਵੀਂ ਦਿੱਲੀ— ਜੇਕਰ ਤੁਹਾਡਾ ਬੈਂਕ ਨਾਲ ਸੰਬੰਧਤ ਕੋਈ ਕੰਮ ਹੈ ਤਾਂ ਉਸ ਨੂੰ 25 ਸਤੰਬਰ ਤਕ ਪੂਰਾ ਕਰ ਲਓ ਕਿਉਂਕਿ ਇਸ ਤੋਂ ਅਗਲੇ 2 ਦਿਨ ਬੈਂਕ ਹੜਤਾਲ 'ਤੇ ਰਹਿਣਗੇ ਅਤੇ ਉਸ ਤੋਂ ਅੱਗੇ ਦੋ ਦਿਨ ਬੈਂਕਾਂ 'ਚ ਆਮ ਛੁੱਟੀ ਹੈ। ਇਸ ਤਰ੍ਹਾਂ ਲਗਾਤਾਰ ਚਾਰ ਦਿਨ ਬੈਂਕ ਬੰਦ ਰਹਿ ਸਕਦੇ ਹਨ। ਹੜਤਾਲ ਕਾਰਨ ਬੈਂਕ 26 ਤੇ 27 ਸਤੰਬਰ ਨੂੰ ਬੰਦ ਰਹਿ ਸਕਦੇ ਹਨ, ਜਦੋਂ ਕਿ 28 ਨੂੰ ਚੌਥਾ ਸ਼ਨੀਵਾਰ ਤੇ 29 ਨੂੰ ਐਤਵਾਰ ਹੈ।

 

ਬੈਂਕਾਂ ਨੇ ਸਰਕਾਰ ਵੱਲੋਂ ਪ੍ਰਸਤਾਵਿਤ ਰਲੇਵੇਂ ਦੇ ਵਿਰੋਧ 'ਚ ਇਸ ਹੜਤਾਲ ਦਾ ਐਲਾਨ ਕੀਤਾ ਹੈ। ਬੈਂਕ ਸੰਗਠਨਾਂ ਦਾ ਕਹਿਣਾ ਹੈ ਕਿ ਲਗਾਤਾਰ ਵਿਰੋਧ ਦੇ ਬਾਵਜੂਦ ਵੀ ਸਰਕਾਰ ਨੇ ਬੈਂਕਾਂ ਨੂੰ ਮਰਜ਼ ਕਰਨ ਦਾ ਫੈਸਲਾ ਨਹੀਂ ਬਦਲਿਆ ਹੈ। ਇਸ ਵਿਰੋਧ 'ਚ ਰਾਸ਼ਟਰ ਪੱਧਰੀ ਹੜਤਾਲ ਕਰਨੀ ਪੈ ਰਹੀ ਹੈ।
ਉੱਥੇ ਹੀ, ਬੈਂਕ ਲਗਾਤਾਰ ਬੰਦ ਰਹਿਣ ਕਾਰਨ ਏ. ਟੀ. ਐੱਮ. 'ਚ ਨਕਦੀ ਦੀ ਕਮੀ ਹੋ ਸਕਦੀ ਹੈ। ਇਕ-ਦੋ ਦਿਨ ਬੇਸ਼ੱਕ ਕੋਈ ਵੀ ਪ੍ਰੇਸ਼ਾਨੀ ਨਾ ਹੋਵੇ ਪਰ ਇਸ ਤੋਂ ਬਾਅਦ ਨਕਦੀ ਦੀ ਸਮੱਸਿਆ ਹੋ ਸਕਦੀ ਹੈ। ਇਸ ਦਾ ਕਾਰਨ ਇਹ ਹੈ ਕਿ ਏ. ਟੀ. ਐੱਮ. 'ਚ ਦੋ ਦਿਨ ਦੀ ਨਕਦੀ ਰੱਖਣ ਦੀ ਸਮਰੱਥਾ ਹੁੰਦੀ ਹੈ। ਇਸ ਦੌਰਾਨ ਬੈਂਕ ਬੰਦ ਰਹਿਣ ਨਾਲ ਏ. ਟੀ. ਐੱਮ. 'ਚ ਨਕਦੀ ਵੀ ਨਹੀਂ ਪਾਈ ਜਾ ਸਕਦੀ।

ਸਭ ਤੋਂ ਵੱਧ ਪ੍ਰੇਸ਼ਾਨੀ ਚੈੱਕਾਂ ਨੂੰ ਮਨਜ਼ੂਰ ਕਰਵਾਉਣ 'ਚ ਹੋਵੇਗੀ। 25 ਸਤੰਬਰ ਨੂੰ ਲੱਗਾ ਚੈੱਕ 3 ਅਕਤੂਬਰ ਤਕ ਪਾਸ ਹੋ ਸਕੇਗਾ ਕਿਉਂਕਿ 30 ਸਤੰਬਰ ਯਾਨੀ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਪਰ ਛਿਮਾਹੀ ਸਮਾਪਤੀ ਕਾਰਨ ਲੈਣ-ਦੇਣ ਨਹੀਂ ਹੋਵੇਗਾ ਤੇ 2 ਅਕਤੂਬਰ ਨੂੰ ਛੱਟੀ ਹੈ। ਉੱਥੇ ਹੀ ਜੇਕਰ ਤੁਹਾਡੀ ਇੰਸ਼ੋਰੈਂਸ ਦੀ ਕਿਸ਼ਤ ਇਨ੍ਹਾਂ ਦਿਨਾਂ ਵਿਚਕਾਰ ਜਾਣ ਵਾਲੀ ਹੈ ਤਾਂ ਉਸ ਦਾ ਇੰਤਜ਼ਾਮ ਪਹਿਲਾਂ ਹੀ ਕਰਕੇ ਰੱਖੋ, ਤਾਂ ਕਿ ਉਸ ਦਾ ਭੁਗਤਾਨ ਕਰਨ 'ਚ ਕੋਈ ਤੰਗੀ ਨਾ ਹੋਵੇ।