ਕੋਵਿਡ-19 ਖੌਫ਼ : ਬੈਂਕ ਸ਼ਾਖਾਵਾਂ ''ਚ ਜਾਣ ਵਾਲੇ ਖਾਤਾਧਾਰਕਾਂ ਲਈ ਜ਼ਰੂਰੀ ਖ਼ਬਰ

04/22/2021 11:53:41 AM

ਨਵੀਂ ਦਿੱਲੀ- ਬੈਂਕ ਵਿਚ ਹਰ ਕੰਮ ਲਈ ਜਾ ਰਹੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਖ਼ਬਰ ਹੈ। ਹੁਣ ਬੈਂਕਾਂ ਵਿਚ ਖਾਤਾਧਾਰਕਾਂ ਲਈ ਗੈਰ-ਜ਼ਰੂਰੀ ਸੇਵਾਵਾਂ ਵਿਚ ਕਮੀ ਦੇ ਨਾਲ-ਨਾਲ ਪਬਲਿਕ ਡੀਲਿੰਗ ਸਮੇਂ ਵਿਚ ਕਟੌਤੀ ਹੋ ਸਕਦੀ ਹੈ। ਕੋਰੋਨਾ ਦੀ ਦੂਜੀ ਲਹਿਰ ਕਾਰਨ ਬੈਂਕ ਸੰਗਠਨਾਂ ਨੇ ਸਟਾਫ਼ ਨੂੰ ਸੰਕਰਮਣ ਤੋਂ ਬਚਾਉਣ ਲਈ ਭਾਰਤੀ ਬੈਂਕ ਸੰਘ (ਆਈ. ਬੀ. ਏ.) ਨੂੰ ਕੋਵਿਡ-19 ਸਥਿਤੀ ਵਿਚ ਸੁਧਾਰ ਹੋਣ ਤੱਕ ਸੇਵਾਵਾਂ ਸੀਮਤ ਕਰਨ ਅਤੇ ਜਨਤਕ ਲੈਣ-ਦੇਣ ਦੇ ਸਮੇਂ ਨੂੰ ਘਟਾ ਕੇ ਤਕਰੀਬਨ 3 ਘੰਟੇ ਕਰਨ ਦੀ ਮੰਗ ਕੀਤੀ ਹੈ।

ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਸ (ਯੂ. ਐੱਫ. ਬੀ. ਯੂ.) ਨੇ ਆਈ. ਬੀ. ਏ. ਚੇਅਰਮੈਨ ਰਾਜ ਕਿਰਨ ਰਾਇ ਨੂੰ ਭੇਜੇ ਪੱਤਰ ਵਿਚ ਕਿਹਾ ਹੈ ਕਿ ਸ਼ਾਖਾਵਾਂ ਵਿਚ ਗਾਹਕਾਂ ਦਾ ਆਉਣਾ ਲਗਾਤਾਰ ਜਾਰੀ ਹੈ। ਗਾਹਕ ਸਾਰੇ ਤਰ੍ਹਾਂ ਦੀਆਂ ਸੇਵਾਵਾਂ ਲਈ ਸ਼ਾਖਵਾਂ ਵਿਚ ਆ ਰਹੇ ਹਨ, ਇਸ ਨਾਲ ਸੰਕਰਮਣ ਦਾ ਖ਼ਤਰਾ ਹੈ। ਯੂ. ਐੱਫ. ਬੀ. ਯੂ. ਨੌਂ ਬੈਂਕ ਕਰਮਚਾਰੀ ਸੰਗਠਨਾਂ ਦਾ ਸੰਯੁਕਤ ਮੰਚ ਹੈ।

ਯੂ. ਐੱਫ. ਬੀ. ਯੂ. ਨੇ ਕਿਹਾ ਹੈ ਕਿ ਬੈਂਕ ਕਰਮਚਾਰੀਆਂ ਦੇ ਸੰਕ੍ਰਮਿਤ ਹੋਣ, ਹਸਪਤਾਲਾਂ ਵਿਚ ਉਨ੍ਹਾਂ ਦੇ ਦਾਖ਼ਲ ਹੋਣ ਤੇ ਮੌਤ ਦੀਆਂ ਖ਼ਬਰਾਂ ਬਹੁਤ ਦੁਖਦਾਇਕ ਹਨ। ਸੰਗਠਨ ਨੇ ਕਿਹਾ ਕਿ ਇਸ ਸੰਕਟ ਦੀ ਸਥਿਤੀ ਨੂੰ ਦੇਖਦੇ ਹੋਏ ਬੈਂਕ ਕਰਮਚਾਰੀਆਂ ਵੱਲੋਂ ਬੇਨਤੀ ਹੈ ਕਿ ਇਸ 'ਤੇ ਤੁਰੰਤ ਗੌਰ ਕੀਤਾ ਜਾਵੇ ਅਤੇ ਫ਼ੈਸਲਾ ਕੀਤਾ ਜਾਵੇ। ਬੈਂਕ ਸੰਗਠਨਾਂ ਨੇ ਹਾਲਾਤ ਠੀਕ ਹੋਣ ਤੱਕ ਬੈਂਕ ਸੇਵਾਵਾਂ ਨੂੰ ਸਿਰਫ਼ ਜ਼ਰੂਰੀ ਕਾਰਜਾਂ ਤੱਕ ਸੀਮਤ ਕਰਨ ਅਤੇ ਕੰਮਕਾਜ ਦੇ ਘੰਟੇ ਘਟਾ ਕੇ 3-4 ਘੰਟੇ ਕੀਤੇ ਜਾਣ ਦੀ ਮੰਗ ਕੀਤੀ ਹੈ। ਪਿਛਲੇ ਹਫ਼ਤੇ ਵੀ ਯੂ. ਐੱਫ. ਬੀ. ਯੂ. ਨੇ ਇਸੇ ਮੰਗ ਨੂੰ ਲੈ ਕੇ ਵਿੱਤੀ ਸੇਵਾ ਵਿਭਾਗ ਦੇ ਸਕੱਤਰ ਦੇਬਾਸ਼ੀਸ਼ ਪਾਂਡੇ ਨੂੰ ਚਿੱਠੀ ਲਿਖੀ ਸੀ।

Sanjeev

This news is Content Editor Sanjeev