ਬੈਂਕ ਆਫ ਬੜੌਦਾ ਨੇ ਮਹਿੰਗੇ ਕੀਤੇ ਕਰਜ਼ੇ, ਹੁਣ ਗਾਹਕਾਂ ਨੂੰ ਵਧੀ ਹੋਈ EMI ਦਾ ਕਰਨਾ ਪਵੇਗਾ ਭੁਗਤਾਨ

11/11/2022 6:47:53 PM

ਨਵੀਂ ਦਿੱਲੀ : ਬੈਂਕ ਆਫ ਬੜੌਦਾ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਬੈਂਕ ਨੇ ਕਰਜ਼ੇ 'ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਇਸ ਨਾਲ ਹੁਣ ਬੈਂਕ ਦੇ ਹੋਮ ਲੋਨ ਦਾ ਗਾਹਕਾਂ ਨੂੰ ਵਧੀ ਹੋਈ EMI ਨਾਲ ਭੁਗਤਾਨ ਕਰਨਾ ਹੋਵੇਗਾ। ਦੇਸ਼ ਦੇ ਇਸ ਵੱਡੇ PSU ਬੈਂਕ ਨੇ MCLR 'ਚ 0.15 ਫੀਸਦੀ ਦਾ ਵਾਧਾ ਕੀਤਾ ਹੈ। ਵਿਆਜ ਦਰ ਵਿੱਚ ਇਹ ਵਾਧਾ ਵੱਖ-ਵੱਖ ਕਾਰਜਕਾਲਾਂ ਦੇ ਕਰਜ਼ਿਆਂ ਲਈ ਕੀਤਾ ਗਿਆ ਹੈ। ਬੈਂਕ ਆਫ ਬੜੌਦਾ ਨੇ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਵਿਚ ਕਿਹਾ ਗਿਆ ਹੈ ਕਿ ਬੈਂਕ 12 ਨਵੰਬਰ, 2022 ਤੋਂ ਲਾਗੂ ਹੋਣ ਵਾਲੇ MCLR ਆਧਾਰਿਤ ਵਿਆਜ ਦਰ ਦੇ ਸੰਸ਼ੋਧਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਾਲ ਮਈ ਤੋਂ, ਪ੍ਰਾਈਵੇਟ ਅਤੇ ਸਰਕਾਰੀ ਬੈਂਕਾਂ ਨੇ ਆਪਣੇ ਕਰਜ਼ੇ ਅਤੇ ਜਮ੍ਹਾਂ ਦਰਾਂ ਵਿੱਚ ਵਾਧਾ ਕੀਤਾ ਹੈ। ਅਜਿਹਾ ਰੇਪੋ ਦਰ ਵਿੱਚ ਲਗਾਤਾਰ ਵਾਧੇ ਕਾਰਨ ਹੋਇਆ ਹੈ।

ਕਿੰਨਾ ਹੋਇਆ ਵਾਧਾ

ਬੈਂਕ ਨੇ ਇਕ ਸਾਲ ਦੇ ਕਰਜ਼ਿਆਂ ਲਈ MCLR ਨੂੰ 0.10 ਫੀਸਦੀ ਵਧਾ ਕੇ 8.05 ਫੀਸਦੀ ਕਰ ਦਿੱਤਾ ਹੈ। ਜ਼ਿਆਦਾਤਰ ਉਪਭੋਗਤਾ ਕਰਜ਼ੇ ਜਿਵੇਂ ਕਿ ਨਿੱਜੀ, ਆਟੋ ਅਤੇ ਹੋਮ ਲੋਨ ਇਸ ਦਰ ਨਾਲ ਜੁੜੇ ਹੋਏ ਹਨ। ਅਜਿਹੇ 'ਚ ਗਾਹਕਾਂ ਨੂੰ ਹੁਣ ਵਧੀ ਹੋਈ EMI ਦਾ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਛੇ ਮਹੀਨਿਆਂ ਦੀ MCLR ਨੂੰ 10 ਆਧਾਰ ਅੰਕ ਵਧਾ ਕੇ 7.90 ਕਰ ਦਿੱਤਾ ਗਿਆ ਹੈ। ਤਿੰਨ ਮਹੀਨੇ ਅਤੇ ਇੱਕ ਮਹੀਨੇ ਦੀ MCLR ਵਿੱਚ ਵੀ 10 ਆਧਾਰ ਅੰਕਾਂ ਦਾ ਵਾਧਾ ਕੀਤਾ ਗਿਆ ਹੈ। ਹੁਣ 12 ਨਵੰਬਰ ਤੋਂ ਤਿੰਨ ਮਹੀਨਿਆਂ ਦਾ MCLR 7.75 ਫੀਸਦੀ ਹੋ ਜਾਵੇਗਾ। ਜਦੋਂ ਕਿ ਇਕ ਮਹੀਨੇ ਦੀ MCLR 7.70 ਫੀਸਦੀ ਹੋਵੇਗੀ।

ਇਹ ਵੀ ਪੜ੍ਹੋ : Apple ਨੇ ਬਣਾਇਆ ਨਵਾਂ ਰਿਕਾਰਡ , ਇਕ ਦਿਨ 'ਚ ਕੀਤੀ Elon Musk ਦੀ ਕੁੱਲ ਨੈੱਟਵਰਥ ਤੋਂ ਜ਼ਿਆਦਾ 'ਕਮਾਈ'

MCLR ਵਿੱਚ ਸਭ ਤੋਂ ਵੱਧ ਵਾਧਾ

ਵਿਆਜ ਦਰਾਂ ਵਿੱਚ ਸਭ ਤੋਂ ਵੱਧ ਵਾਧਾ ਰਾਤੋ ਰਾਤ MCLR ਵਿੱਚ ਹੋਇਆ ਹੈ। ਰਾਤੋ ਰਾਤ MCLR 'ਚ 15 ਬੇਸਿਸ ਪੁਆਇੰਟ ਦਾ ਵਾਧਾ ਹੋਇਆ ਹੈ। ਇਸ ਨੂੰ 7.10 ਫੀਸਦੀ ਤੋਂ ਵਧਾ ਕੇ 7.25 ਫੀਸਦੀ ਕਰ ਦਿੱਤਾ ਗਿਆ ਹੈ। ਹੁਣ 12 ਨਵੰਬਰ ਤੋਂ ਗ੍ਰਾਹਕਾਂ ਦੇ ਹੋਮ ਲੋਨ, ਪਰਸਨਲ ਲੋਨ, ਐਜੂਕੇਸ਼ਨ ਲੋਨ ਅਤੇ ਆਟੋ ਲੋਨ 'ਤੇ ਵਿਆਜ ਦਰਾਂ ਵਧਣਗੀਆਂ। ਇਸ ਕਾਰਨ ਗਾਹਕਾਂ ਨੂੰ ਵਧੀ ਹੋਈ EMI ਦਾ ਭੁਗਤਾਨ ਕਰਨਾ ਹੋਵੇਗਾ।

ਮੌਜੂਦਾ ਸਮੇਂ ਹੋਮ ਲੋਨ 'ਤੇ ਵਿਆਜ ਦਰਾਂ

ਮੌਜੂਦਾ ਸਮੇਂ 'ਚ ਬੈਂਕ ਹੋਮ ਲੋਨ 'ਤੇ ਗੈਰ-ਸਟਾਫ ਕਰਜ਼ਦਾਰਾਂ ਤੋਂ 8.45 ਤੋਂ 9.80 ਫੀਸਦੀ ਦੀ ਵਿਆਜ ਦਰ ਵਸੂਲਦਾ ਹੈ। ਇਸ ਦੇ ਨਾਲ ਹੀ ਸਟਾਫ ਮੈਂਬਰਾਂ ਲਈ ਵਿਆਜ ਦਰ 8.45 ਫੀਸਦੀ ਹੈ। ਫਿਲਹਾਲ ਨਿੱਜੀ ਕਰਜ਼ੇ 'ਤੇ ਬੈਂਕ ਦੀ ਵਿਆਜ ਦਰ 10.20 ਫੀਸਦੀ ਤੋਂ 17.55 ਫੀਸਦੀ ਹੈ। ਬੈਂਕ ਪ੍ਰਾਈਵੇਟ ਕਰਮਚਾਰੀਆਂ ਦੇ ਮੁਕਾਬਲੇ ਸਰਕਾਰੀ ਕਰਮਚਾਰੀਆਂ ਨੂੰ ਕਰਜ਼ੇ 'ਤੇ ਘੱਟ ਵਿਆਜ ਦਰਾਂ ਦੀ ਪੇਸ਼ਕਸ਼ ਕਰਦੇ ਹਨ। ਬੰਬਈ ਸਟਾਕ ਐਕਸਚੇਂਜ 'ਤੇ, ਬੀਓਬੀ ਦੇ ਸ਼ੇਅਰ ਵੀਰਵਾਰ ਨੂੰ 0.51 ਫੀਸਦੀ ਡਿੱਗ ਕੇ 165.45 ਰੁਪਏ 'ਤੇ ਬੰਦ ਹੋਏ। ਇਸ ਦੇ ਨਾਲ ਹੀ ਬੈਂਕ ਦਾ ਮਾਰਕੀਟ ਕੈਪ 85,560.19 ਕਰੋੜ ਰੁਪਏ 'ਤੇ ਦੇਖਿਆ ਗਿਆ।

ਇਹ ਵੀ ਪੜ੍ਹੋ : 9 ਸਾਲ ਬਾਅਦ ਰੁਪਏ ਦੀ ਮਜ਼ਬੂਤ ਸ਼ੁਰੂਆਤ, ਜਾਣੋ ਭਾਰਤੀ ਕਰੰਸੀ 'ਚ ਵਾਧੇ ਦਾ ਕੀ ਹੈ ਕਾਰਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 

Harinder Kaur

This news is Content Editor Harinder Kaur