ਬੈਂਕ ਜਮ੍ਹਾ 'ਤੇ ਇੰਨੀ ਹੋ ਸਕਦੀ ਹੈ ਗਾਰੰਟੀ, ਗਾਹਕਾਂ ਦੀ ਚਿੰਤਾ ਹੋਵੇਗੀ ਦੂਰ!

11/18/2019 10:26:33 AM

ਨਵੀਂ ਦਿੱਲੀ— ਬੈਂਕ ਗਾਹਕਾਂ ਨੂੰ ਜਲਦ ਹੀ ਰਾਹਤ ਭਰੀ ਖਬਰ ਮਿਲ ਸਕਦੀ ਹੈ। ਬੈਂਕ ਜਮ੍ਹਾ ਬੀਮਾ ਨੂੰ ਦੋ ਸ਼੍ਰੇਣੀਆਂ 'ਚ ਵੰਡਿਆ ਜਾ ਸਕਦਾ ਹੈ। ਪ੍ਰਚੂਨ ਬੀਮਾ ਕਵਰ ਨੂੰ ਮੌਜੂਦਾ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਪ੍ਰਸਤਾਵ ਹੈ। ਇਸ ਦਾ ਮਤਲਬ ਹੈ ਕਿ ਜੇਕਰ ਬੈਂਕ ਡੁੱਬਦਾ ਹੈ ਤਾਂ ਤੁਹਾਡੇ ਖਾਤੇ 'ਚ ਜਮ੍ਹਾ ਘੱਟੋ-ਘੱਟ 5 ਲੱਖ ਰੁਪਏ ਤੁਹਾਨੂੰ ਵਾਪਸ ਮਿਲ ਸਕਦੇ ਹਨ।

ਇਸ ਤੋਂ ਇਲਾਵਾ ਥੋਕ ਜਮ੍ਹਾ ਕਰਤਾਵਾਂ ਲਈ 25 ਲੱਖ ਰੁਪਏ 'ਤੇ ਇਕ ਨਵੀਂ ਯੋਜਨਾ ਸ਼ੁਰੂ ਕੀਤੀ ਜਾ ਸਕਦੀ ਹੈ। ਜੇਕਰ ਇਹ ਯੋਜਨਾ ਅਮਲ 'ਚ ਆਉਂਦੀ ਹੈ ਤਾਂ 1993 ਤੋਂ ਮਗਰੋਂ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਜਮ੍ਹਾ ਬੀਮਾ ਦੀ ਲਿਮਟ ਵਧਾਈ ਜਾਵੇਗੀ। ਇਸ ਤੋਂ ਪਹਿਲਾਂ 1992 'ਚ ਸ਼ੇਅਰ ਘੋਟਾਲੇ ਕਾਰਨ 'ਬੈਂਕ ਆਫ ਕਰਾਡ' ਦੇ ਡੁੱਬਣ ਤੋਂ ਬਾਅਦ 1 ਮਈ 1993 ਨੂੰ ਇਸ 'ਚ ਆਖਰੀ ਵਾਰ ਬਦਲਾਅ ਕੀਤਾ ਗਿਆ ਸੀ। ਉਸ ਤੋਂ ਪਹਿਲਾਂ ਇਹ ਲਿਮਟ 30,000 ਰੁਪਏ ਸੀ, ਜੋ 1 ਜੁਲਾਈ 1980 ਨੂੰ ਵਧਾਈ ਗਈ ਸੀ।

ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਵਿੱਤ ਮੰਤਰਾਲਾ ਜਮ੍ਹਾ ਬੀਮਾ ਦੀ ਲਿਮਟ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦੇਵੇਗਾ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਇਸ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਕੇਂਦਰੀ ਬੋਰਡ ਦੀ 13 ਦਸੰਬਰ ਨੂੰ ਭੁਵਨੇਸ਼ਵਰ 'ਚ ਹੋਣ ਵਾਲੀ ਬੈਠਕ 'ਚ ਇਸ ਪ੍ਰਸਤਾਵ 'ਤੇ ਚਰਚਾ ਹੋ ਸਕਦੀ ਹੈ।