ਜਲਦ ਰਾਮ ਨਗਰੀ 'ਚ ਬਣੇਗਾ ਵਰਲਡ ਕਲਾਸ ਰੇਲਵੇ ਸਟੇਸ਼ਨ

12/15/2019 9:21:15 AM

ਲਖਨਊ— ਜਲਦ ਹੀ ਅਯੁੱਧਿਆ ਜਾਣ ਵਾਲੇ ਸ਼ਰਧਾਲੂਆਂ ਨੂੰ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਪ੍ਰਸਤਾਵਿਤ ਰਾਮ ਮੰਦਰ ਦੀ ਝਲਕ ਦੇਖਣ ਨੂੰ ਮਿਲੇਗੀ। ਅਯੁੱਧਿਆ ਸਟੇਸ਼ਨ ਦਾ ਬਾਹਰੀ ਡਿਜ਼ਾਇਨ ਰਾਮ ਮੰਦਰ ਦੀ ਤਰ੍ਹਾਂ ਹੋਵੇਗਾ, ਜਿਸ ਨਾਲ ਇੱਥੇ ਆਉਣ ਵਾਲੇ ਮੁਸਾਫਰਾਂ ਨੂੰ ਟਰੇਨ ਤੋਂ ਉਤਰਨ 'ਤੇ ਰਾਮ ਨਗਰੀ 'ਚ ਪਹੁੰਚਣ ਦਾ ਅਹਿਸਾਸ ਹੋਵੇਗਾ। ਇਸ ਤੋਂ ਇਲਾਵਾ ਯਾਤਰੀ ਸਹੂਲਤਾਂ ਤੇ ਸੇਵਾਵਾਂ ਨੂੰ ਵੀ ਬਿਹਤਰ ਕੀਤਾ ਜਾਵੇਗਾ।


ਸ਼ਹਿਰ ਦੇ ਸਟੇਸ਼ਨ ਨੂੰ ਐੱਲ. ਈ. ਡੀ. ਲਾਈਟਾਂ ਨਾਲ ਜਗਮਗਾਇਆ ਜਾਵੇਗਾ। ਇੱਥੋਂ ਦੇ ਤਿੰਨੋਂ ਪਲੇਟਫਾਰਮਾਂ ਨੂੰ ਜੋੜਨ ਲਈ ਦੋ ਪੈਦਲ ਪੁਲ ਬਣਾਏ ਜਾਣਗੇ। ਬਜ਼ੁਰਗਾਂ ਅਤੇ ਮਹਿਲਾਵਾਂ ਦੀ ਸੁਵਿਧਾ ਲਈ ਲਿਫਟਸ ਅਤੇ ਐਸਕੇਲੇਟਰਸ ਦੀ ਵੀ ਵਿਵਸਥਾ ਕੀਤੀ ਜਾਵੇਗੀ। ਸਟੇਸ਼ਨ 'ਤੇ ਲੋਕਾਂ ਦੇ ਬੈਠਣ ਲਈ 150 ਤੋਂ ਵੱਧ ਸਟੀਲ ਬੈਂਚ, ਏ. ਸੀ. ਉਡੀਕ ਘਰ ਤੇ ਸਟਾਫ ਰੂਮਸ ਦਾ ਵੀ ਪ੍ਰਬੰਧ ਹੋਵੇਗਾ।

ਲਖਨਊ ਦੇ ਡਵੀਜ਼ਨਲ ਵਪਾਰਕ ਮੈਨੇਜਰ (ਐੱਨ. ਆਰ.) ਜਗਦੀਸ਼ ਸ਼ੁਕਲਾ ਨੇ ਕਿਹਾ, ''80 ਕਰੋੜ ਰੁਪਏ ਦੇ ਨਿਵੇਸ਼ ਨਾਲ ਰੇਲਵੇ ਸਟੇਸ਼ਨ ਨੂੰ ਇਕ ਮੰਦਰ ਦੀ ਤਰਜ਼ 'ਤੇ ਸੁੰਦਰ ਬਣਾਇਆ ਜਾਵੇਗਾ।'' ਉੱਥੇ ਹੀ, ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਦੋ ਸਾਲਾਂ ਤਕ ਇਸ ਸਟੇਸ਼ਨ ਦੀ ਇਮਾਰਤ ਤੇ ਯੂਤਰੀ ਸਹੂਲਤਾਂ ਨੂੰ ਵਰਲਡ ਕਲਾਸ ਬਣਾ ਦਿੱਤਾ ਜਾਵੇਗਾ।