ਕੋਰੋਨਾ ਟੀਕੇ 'ਤੇ ਰੌਲੇ ਨੂੰ ਲੈ ਕੇ ਸੀਰਮ ਇੰਸਟੀਚਿਊਟ ਵੱਲੋਂ ਬਿਆਨ ਜਾਰੀ

12/01/2020 5:58:51 PM

ਨਵੀਂ ਦਿੱਲੀ—  ਮਹਾਰਾਸ਼ਟਰ ਦੇ ਪੁਣੇ 'ਚ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਐਸਟ੍ਰਾਜ਼ੇਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਕੋਵਿਡ-19 ਟੀਕੇ ਨਾਲ ਪ੍ਰੀਖਣ ਦੌਰਾਨ ਇਕ ਵਿਅਕਤੀ 'ਤੇ ਗੰਭੀਰ ਪ੍ਰਭਾਵ ਪੈਣ ਦੇ ਦੋਸ਼ਾਂ ਨੂੰ ਮੰਗਲਵਾਰ ਨੂੰ ਰੱਦ ਕਰ ਦਿੱਤਾ।

ਕੰਪਨੀ ਨੇ ਇਸ ਟੀਕੇ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਰੋਗ ਨਾਲ ਲੜਨ 'ਚ ਸਮਰੱਥ ਦੱਸਿਆ। ਦੁਨੀਆ ਦੀ ਸਭ ਤੋਂ ਵੱਡੀ ਟੀਕਾ ਨਿਰਮਾਤਾ ਕੰਪਨੀ ਨੇ ਇਕ ਬਲਾਗ 'ਚ ਲਿਖਿਆ, ''ਅਸੀਂ ਹਰ ਕਿਸੇ ਨੂੰ ਇਸ ਗੱਲ ਦਾ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਟੀਕੇ ਨੂੰ ਉਦੋਂ ਤੱਕ ਆਮ ਲੋਕਾਂ ਦੇ ਇਸਤੇਮਾਲ ਲਈ ਜਾਰੀ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਇਸ ਦੇ ਰੋਗ ਨਾਲ ਲੜਨ ਦੀ ਸਮਰੱਥਾ ਪੂਰੀ ਤਰ੍ਹਾਂ ਨਾਲ ਸਥਾਪਤ ਨਹੀਂ ਹੋ ਜਾਂਦੀ।''

ਪਿਛਲੇ ਹਫ਼ਤੇ ਚੇਨੱਈ 'ਚ ਇਕ ਵਿਅਕਤੀ ਨੇ ਟੀਕੇ ਦੀ ਪ੍ਰੀਖਣ ਖ਼ੁਰਾਕ ਲੈਣ ਤੋਂ ਬਾਅਦ ਕਈ ਮਾਨਸਿਕ ਅਤੇ ਮਨੋਵਿਗਿਆਨਕ ਲੱਛਣ ਉਭਰਨ ਦਾ ਦਾਅਵਾ ਕੀਤਾ ਸੀ। ਵਿਅਕਤੀ ਨੇ ਕੰਪਨੀ ਤੇ ਹੋਰਾਂ 'ਤੇ ਦਾਅਵਾ ਠੋਕ ਕੇ ਪੰਜ ਕਰੋੜ ਰੁਪਏ ਦੀ ਮੰਗ ਕੀਤੀ ਹੈ। ਪੁਣੇ ਦੀ ਇਸ ਕੰਪਨੀ ਨੇ ਕਿਹਾ, ''ਚੇਨੱਈ 'ਚ ਵਲੰਟੀਅਰ ਨਾਲ ਹੀ ਘਟਣ ਕਾਫ਼ੀ ਮੰਦਭਾਗੀ ਹੈ ਪਰ ਇਸ ਦਾ ਟੀਕੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੂੰ ਵਲੰਟੀਅਰ ਦੀ ਮੈਡੀਕਲ ਸਥਿਤੀ ਨੂੰ ਲੈ ਕੇ ਹਮਦਰਦੀ ਹੈ।'' ਸੀਰਮ ਇੰਸਟੀਚਿਊਟ ਦੇਸ਼ 'ਚ ਐਸਟ੍ਰਾਜ਼ੇਨੇਕਾ ਦੇ ਟੀਕੇ ਦਾ ਪ੍ਰੀਖਣ ਕਰ ਰਹੀ ਹੈ। ਇਹ ਕੰਪਨੀ ਦੇ ਟੀਕਾ ਨਿਰਮਾਣ ਸਮਝੌਤੇ ਦਾ ਹੀ ਹਿੱਸਾ ਹੈ। ਕੰਪਨੀ ਨੇ ਕਿਹਾ, ''ਟੀਕਾਕਰਨ ਅਤੇ ਇਮਿਊਨਟੀ ਸਮਰੱਥਾ ਨੂੰ ਲੈ ਕੇ ਮੌਜੂਦਾ ਅਫਵਾਹਾਂ ਅਤੇ ਪੇਚੀਦਗੀਆਂ ਨੂੰ ਦੇਖਦੇ ਹੋਏ ਵਲੰਟੀਅਰ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਹੈ। ਅਜਿਹਾ ਕੰਪਨੀ ਦੀ ਵੱਕਾਰ ਦੀ ਸੁਰੱਖਿਆ ਨੂੰ ਦੇਖਦੇ ਹੋਏ ਵੀ ਕੀਤਾ ਗਿਆ ਹੈ।''

Sanjeev

This news is Content Editor Sanjeev